ਭਾਰਤ ਅੰਦਰ ਘੱਟਗਿਣਤੀਆਂ ਦੀ ਸੁਰੱਖਿਆ ਦਾ ਮੁੱਦਾ ਲਗਾਤਾਰ ਚਰਚਾ ਵਿਚ ਰਿਹਾ ਹੈ। ਕ੍ਰਿਸਮਸ ਮੌਕੇ ਹਰਿਆਣਾ ਦੇ ਅੰਬਾਲਾ ਕੈਂਟ ਦੇ ਚਰਚ ਅਤੇ ਅਸਾਮ ਤੇ ਆਗਰਾ ਵਿਚ ਈਸਾਈ ਭਾਈਚਾਰੇ ਦੇ ਲੋਕਾਂ ਉੱਤੇ ਹਮਲਿਆਂ ਨੇ ਇਸ ਬਹਿਸ ਨੂੰ ਤੇਜ਼ ਕਰ ਦਿੱਤਾ ਹੈ। ਸ਼ਨਿੱਚਰਵਾਰ-ਐਤਵਾਰ ਦੀ ਰਾਤ ਨੂੰ ਅੰਬਾਲਾ ਸਥਿਤ ਚਰਚ ਦੇ ਮੁੱਖ ਗੇਟ ਉੱਤੇ ਲੱਗੇ ਯਸ਼ੂ ਮਸੀਹ ਦੇ ਬੁੱਤ ਦੀ ਤੋੜ-ਫੋੜ ਕੀਤੀ ਗਈ। ਅਸਾਮ ਵਿਚ ਕ੍ਰਿਸਮਸ ਦੇ ਇਕ ਪ੍ਰੋਗਰਾਮ ਵਿਚ ਭਗਵੇਂ ਮਫ਼ਲਰਾਂ ਵਾਲੇ ਸਮੂਹ ਨੇ ਹਿੰਦੂਆਂ ਨੂੰ ਬਾਹਰ ਜਾਣ ਲਈ ਕਿਹਾ। ਆਗਰਾ ਵਿਚ ਵਾਪਰੀ ਘਟਨਾ ਖ਼ੁਦ ਨੂੰ ਰਾਸ਼ਟਰੀ ਬਜਰੰਗ ਦਲ ਕਹਾਉਣ ਵਾਲਿਆਂ ਨਾਲ ਸਬੰਧਿਤ ਹੈ ਜਿਨ੍ਹਾਂ ਦਾ ਕਹਿਣਾ ਹੈ ਕਿ ਕ੍ਰਿਸਮਸ ਦੇ ਮੌਕੇ ਈਸਾਈ ਸ਼ਾਂਤਾ ਕਲਾਜ਼ ਦੇ ਨਾਮ ਉੱਤੇ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਤੋਹਫ਼ੇ ਦੇ ਕੇ ਆਪਣੇ ਧਰਮ ਵੱਲ ਆਕਰਸ਼ਿਤ ਕਰਦੇ ਹਨ; ਇਸ ਨਾਲ ਧਰਮ-ਬਦਲੀ ਦਾ ਰਾਹ ਤਿਆਰ ਹੁੰਦਾ ਹੈ।
ਗੈਰ-ਸਰਕਾਰੀ ਜਥੇਬੰਦੀਆਂ ਯੂਨਾਈਟਿਡ ਅਗੇਂਸਟ ਹੇਟ, ਐਸੋਸੀਏਸ਼ਨ ਫਾਰ ਪ੍ਰੋਟੈਕਸ਼ਨ ਆਫ ਸਿਵਲ ਰਾਈਟਸ ਅਤੇ ਯੂਨਾਈਟਿਡ ਕ੍ਰਿਸ਼ਚੀਅਨ ਫੋਰਮ ਵੱਲੋਂ ਜਾਰੀ ਖੋਜ ਰਿਪੋਰਟ ਅਨੁਸਾਰ ਇਸ ਸਾਲ ਈਸਾਈਆਂ ਉੱਤੇ ਹੋਏ ਹਮਲਿਆਂ ਦੇ 300 ਤੋਂ ਵੱਧ ਮਾਮਲੇ ਦਰਜ ਹੋਏ ਹਨ। ਇਨ੍ਹਾਂ ਵਿਚ ਪਹਿਲਾਂ ਨੰਬਰ ਉੱਤਰ ਪ੍ਰਦੇਸ਼ ਦਾ ਹੈ। ਛੱਤੀਸਗੜ੍ਹ, ਉੱਤਰਾਖੰਡ, ਕਰਨਾਟਕ, ਹਰਿਆਣਾ ਅਤੇ ਦਿੱਲੀ ਵਿਚ ਵੀ ਲਗਾਤਾਰ ਅਜਿਹੇ ਹਮਲੇ ਹੋਏ। ਆਪੇ ਬਣੇ ਧਰਮ ਦੇ ਰਾਖਿਆਂ ਦੁਆਰਾ ਕੀਤੀਆਂ ਗਈਆਂ ਹਜੂਮੀ ਹਿੰਸਾ ਦੀਆਂ ਕਾਰਵਾਈਆਂ ਨੂੰ ਵੀ ਉਤਸ਼ਾਹਿਤ ਕੀਤਾ ਜਾਂਦਾ ਰਿਹਾ ਹੈ। ਵੱਖ ਵੱਖ ਸੂਬਿਆਂ ’ਚ ਮੁਸਲਿਮ ਭਾਈਚਾਰੇ ਨੂੰ ਲਬਿਾਸ, ਖਾਣ-ਪੀਣ ਅਤੇ ਕੰਮ-ਕਾਜ ਦੇ ਆਧਾਰ ਉੱਤੇ ਨਿਸ਼ਾਨਾ ਬਣਾਇਆ ਗਿਆ। ਅਜਿਹੀਆਂ ਘਟਨਾਵਾਂ ਨਾਲ ਅਸੁਰੱਖਿਆ ਦੀ ਭਾਵਨਾ ਪੈਦਾ ਹੋਣੀ ਸੁਭਾਵਿਕ ਹੈ। ਸਰਕਾਰਾਂ ਉੱਤੇ ਇਹ ਇਲਜ਼ਾਮ ਵੀ ਲੱਗਦਾ ਰਿਹਾ ਹੈ ਕਿ ਉਹ ਦੇਸ਼ ਦੇ ਸੰਵਿਧਾਨ ਦੀ ਭਾਵਨਾ ਮੁਤਾਬਿਕ ਕੰਮ ਕਰਨ ਵਿਚ ਅਸਫਲ ਰਹੀਆਂ ਹਨ।
ਧਾਰਮਿਕ ਆਜ਼ਾਦੀ ਸੰਵਿਧਾਨ ਦੁਆਰਾ ਦਿੱਤੇ ਮੌਲਿਕ ਅਧਿਕਾਰਾਂ ’ਚ ਸ਼ੁਮਾਰ ਹੈ। ਕਾਨੂੰਨ ਦੀ ਨਜ਼ਰ ’ਚ ਕਿਸੇ ਨਾਲ ਵੀ ਧਰਮ, ਜਾਤ, ਨਸਲ, ਬੋਲੀ, ਭਾਸ਼ਾ, ਸੱਭਿਆਚਾਰ, ਰੰਗ, ਲਿੰਗ ਜਾਂ ਕਿਸੇ ਹੋਰ ਕਾਰਨ ਕਰਕੇ ਭੇਦਭਾਵ ਨਹੀਂ ਕੀਤਾ ਜਾ ਸਕਦਾ। ਕੱਟੜਪੰਥੀ ਜਥੇਬੰਦੀਆਂ ਦੇ ਪੈਰੋਕਾਰਾਂ ਵੱਲੋਂ ਧਰਮ ਨਿਰਪੱਖਤਾ ਦੇ ਨਜ਼ਰੀਏ ਨੂੰ ਚੁਣੌਤੀ ਦਿੱਤੀ ਜਾ ਰਹੀ ਹੈ; ਘੱਟਗਿਣਤੀਆਂ, ਦਲਿਤਾਂ ਤੇ ਕਬਾਇਲੀਆਂ ’ਤੇ ਹਮਲੇ ਵਧ ਰਹੇ ਹਨ। ਇਹ ਮਾਹੌਲ ਦੇਸ਼ ਦੀ ਏਕਤਾ ਤੇ ਵਿਕਾਸ ਲਈ ਘਾਤਕ ਹੈ। ਦੇਸ਼ ’ਚ ਵੱਖ ਵੱਖ ਪਛਾਣਾਂ ਦੇ ਬਾਵਜੂਦ ਸਦੀਆਂ ਤੋਂ ਭਾਈਚਾਰਕ ਸਾਂਝ ਹੈ। ਇਕ ਧਰਮ ਦੇ ਲੋਕ ਦੂਸਰੇ ਧਰਮਾਂ ਦੇ ਤਿਉਹਾਰਾਂ ਦੇ ਸਮਾਗਮਾਂ ’ਚ ਸ਼ਰੀਕ ਹੁੰਦੇ ਰਹੇ ਹਨ। ਇਸ ਨੂੰ ਸਮਾਜਿਕ ਵੰਨ-ਸਵੰਨਤਾ ਦੇ ਬਾਵਜੂਦ ਇਕਸੁਰ ਹੋਣ ਦੀ ਖੂਬਸੂਰਤੀ ਮੰਨਿਆ ਜਾਂਦਾ ਹੈ। ਜਮਹੂਰੀ ਤਾਕਤਾਂ ਨੂੰ ਫ਼ਿਰਕਾਪ੍ਰਸਤ ਸੋਚ ਅਤੇ ਸ਼ਕਤੀਆਂ ਵਿਰੁੱਧ ਇਕਜੁੱਟ ਹੋ ਕੇ ਘੱਟਗਿਣਤੀ ਫ਼ਿਰਕਿਆਂ ਦੇ ਲੋਕਾਂ, ਦਲਿਤਾਂ ਅਤੇ ਦਮਿਤਾਂ ਦੇ ਹੱਕ ਵਿਚ ਨਿੱਤਰਨਾ ਚਾਹੀਦਾ ਹੈ।