ਲੇਖਕ ’ਤੇ ਹਮਲਾ : The Tribune India

ਲੇਖਕ ’ਤੇ ਹਮਲਾ

ਲੇਖਕ ’ਤੇ ਹਮਲਾ

ਲਮਾਨ ਰਸ਼ਦੀ ਦੇ ਨਾਵਲ ‘ਮਿਡਨਾਈਟ’ਜ਼ ਚਿਲਡਰਨ’ (ਅੱਧੀ ਰਾਤ ਦੀ ਸੰਤਾਨ) ਦੇ ਕੇਂਦਰੀ ਕਿਰਦਾਰ ਸਲੀਮ ਸਿਨਾਈ ਦਾ ਜਨਮ 14-15 ਅਗਸਤ 1947 ਨੂੰ ਬਿਲਕੁਲ ਅੱਧੀ ਰਾਤ ਵੇਲੇ 14 ਅਗਸਤ ਦੇ ਖ਼ਤਮ ਹੋਣ ਅਤੇ 15 ਅਗਸਤ ਦੇ ਸ਼ੁਰੂ ਹੋਣ ਵੇਲੇ ਹੁੰਦਾ ਹੈ; ਉਸ ਸਮੇਂ ਜਦ ਭਾਰਤ ਆਜ਼ਾਦ ਹੋ ਰਿਹਾ ਹੈ। ਉਸ ਕੋਲ ਟੈਲੀਪੈਥੀ ਰਾਹੀਂ ਲੋਕਾਂ ਨਾਲ ਗੱਲਾਂ ਕਰਨ ਦੀ ਸਮਰੱਥਾ ਹੈ ਅਤੇ ਸੁੰਘਣ-ਸ਼ਕਤੀ ਬਹੁਤ ਤੇਜ਼ ਹੈ। ਉਹਨੂੰ ਬਾਅਦ ਵਿਚ ਪਤਾ ਲੱਗਦਾ ਹੈ ਕਿ ਭਾਰਤ ਵਿਚ ਜਿਹੜੇ ਵੀ ਬੱਚੇ ਉਸ ਸਮੇਂ (ਰਾਤ ਬਾਰਾਂ ਵਜੇ ਤੋਂ ਇਕ ਵਜੇ ਦਰਮਿਆਨ) ਜਨਮੇ ਸਨ, ਕੋਲ ਖ਼ਾਸ ਤਰ੍ਹਾਂ ਦੀਆਂ ਸ਼ਕਤੀਆਂ ਹਨ। ਇਹ ਸਭ ਕੁਝ ਪ੍ਰਤੀਕਾਤਮਕ ਹੈ। ਇਸ ਵਿਧੀ ਨੂੰ ‘ਜਾਦੂਮਈ ਯਥਾਰਥਵਾਦ’ ਦੀ ਵਿਧੀ ਕਿਹਾ ਗਿਆ ਅਤੇ ਇਸ ਦੇ ਕੇਂਦਰੀ ਅਤੇ ਹੋਰ ਕਿਰਦਾਰਾਂ ਦੀ ਜ਼ਿੰਦਗੀ ਆਜ਼ਾਦ ਭਾਰਤ ਦੇ ਇਤਿਹਾਸ ਨਾਲ ਉਲਝੀ ਹੋਈ ਹੈ। ਇਤਫ਼ਾਕ ਦੀ ਗੱਲ ਇਹ ਹੈ ਕਿ ਜਦ ਭਾਰਤ ਆਪਣੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾਉਣ ਜਾ ਰਿਹਾ ਸੀ ਤਾਂ 12 ਅਗਸਤ ਦੀ ਸ਼ਾਮ ਨੂੰ ਨਿਊਯਾਰਕ ਵਿਚ ਹਾਦੀ ਮਾਤਰ (Hadi Matar) ਨਾਂ ਦੇ ਨੌਜਵਾਨ ਨੇ ਉਸ ’ਤੇ ਹਮਲਾ ਕਰਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ।

‘ਮਿਡਨਾਈਟ’ਜ਼ ਚਿਲਡਰਨ’ ਦੋ ਕਿਤਾਬਾਂ ‘ਅੱਧੀ ਰਾਤ ਨੂੰ ਆਜ਼ਾਦੀ’ (ਫਰੀਡਮ ਐਟ ਮਿਡਨਾਈਟ, ਲੇਖਕ ਡੋਮੀਨਿਕ ਲੈਪੀਆਰ ਅਤੇ ਲੈਰੀ ਕਾਲਨਜ਼) ਅਤੇ ‘ਟੀਨ ਦਾ ਢੋਲ’ (ਟਿਨ ਡਰਮ, ਲੇਖਕ ਗੁੰਟਰ ਗਰਾਸ)’ ਤੋਂ ਪ੍ਰਭਾਵਿਤ ਹੈ ਪਰ ਸਲਮਾਨ ਰਸ਼ਦੀ ਇਸ ਨੂੰ ਖ਼ਾਸ ਤਰ੍ਹਾਂ ਦਾ ਦੇਸੀਪਨ, ਜਟਿਲਤਾ ਅਤ ਮੌਲਿਕਤਾ ਦੇਣ ਵਿਚ ਸਫ਼ਲ ਰਿਹਾ; ਜਾਦੂਮਈ ਯਥਾਰਥ ਦੀ ਤਕਨੀਕ ਕਾਰਨ ਦੇਸ਼ ਅਤੇ ਬੰਦੇ ਦੁਆਰਾ ਸਹੇ ਗਏ ਦੁੱਖ-ਦੁਸ਼ਵਾਰੀਆਂ, ਜਬਰ, ਮੁਸ਼ਿਕਲਾਂ ਤੇ ਮਜਬੂਰੀਆਂ ਅਤੇ ਉਨ੍ਹਾਂ (ਦੇਸ਼ ਤੇ ਬੰਦੇ ਦੇ) ਦੇ ਜਸ਼ਨ, ਕਹਾਣੀਆਂ, ਮਿੱਥਾਂ, ਤੌਖ਼ਲੇ, ਸੰਸੇ, ਸਫ਼ਲਤਾਵਾਂ, ਨਾ-ਕਾਮਯਾਬੀਆਂ ਆਦਿ ਸਭ ਇਕਮਿਕ ਹੋ ਗਈਆਂ। ਇਸ ਕਿਤਾਬ ਨੇ ਸਲਮਾਨ ਰਸ਼ਦੀ ਅਤੇ ਭਾਰਤੀ ਅੰਗਰੇਜ਼ੀ ਲੇਖਨ ਨੂੰ ਵਿਸ਼ੇਸ਼ ਸ਼ਖ਼ਸੀਅਤ ਪ੍ਰਦਾਨ ਕੀਤੀ। ਸਲਮਾਨ ਰਸ਼ਦੀ ਨੇ ਬਾਅਦ ਵਿਚ ਹੋਰ ਕਈ ਨਾਵਲ, ਸਫ਼ਰਨਾਮੇ ਅਤੇ ਹੋਰ ਕਿਤਾਬਾਂ ਲਿਖੀਆਂ ਪਰ ਉਸ ਦੇ ਨਾਵਲ ‘ਸਟੈਨਿਕ ਵਰਸਜ’ ਨੇ ਉਸ ਨੂੰ ਇਸਲਾਮੀ ਮੂਲਵਾਦੀਆਂ ਅਤੇ ਦਹਿਸ਼ਤਗਰਦਾਂ ਦਾ ਨਿਸ਼ਾਨਾ ਬਣਾ ਦਿੱਤਾ। 1989 ਵਿਚ ਇਰਾਨ ’ਚ ਤਤਕਾਲੀਨ ਪ੍ਰਮੁੱਖ ਧਾਰਮਿਕ ਆਗੂ ਆਇਤਉੱਲਾ ਖਮੈਨੀ ਨੇ ਉਸ ਨੂੰ ਮਾਰਨ ਲਈ ਫ਼ਤਵਾ ਜਾਰੀ ਕੀਤਾ ਅਤੇ ਇਰਾਨੀ ਹਕੂਮਤ ਨੇ ਵਾਰ ਵਾਰ ਉਸ ਫ਼ਤਵੇ ਦੀ ਹਮਾਇਤ ਕੀਤੀ। ਇਹ ਨਾਵਲ ਉਂਝ ਤਾਂ ਪਰਵਾਸੀਆਂ ਦੀ ਜ਼ਿੰਦਗੀ ਬਾਰੇ ਹੈ ਪਰ ਇਸ ਦੇ ਕੁਝ ਹਿੱਸਿਆ ਵਿਚ ਕਿਰਦਾਰਾਂ ਦੇ ਸੁਪਨਿਆਂ ਵਿਚ ਕੁਝ ਅਜਿਹੀਆਂ ਕਹਾਣੀਆਂ ਬੁਣੀਆਂ ਗਈਆਂ ਜਿਨ੍ਹਾਂ ਨੂੰ ਇਸਲਾਮ ਅਤੇ ਪੈਗੰਬਰ ਮੁਹੰਮਦ ਦੇ ਸੰਦਰਭ ਵਿਚ ਇਤਰਾਜ਼ਯੋਗ ਮੰਨਿਆ ਗਿਆ।

ਚਾਹੀਦਾ ਤਾਂ ਇਹ ਸੀ ਕਿ ਵਿਦਵਾਨ ਸਲਮਾਨ ਰਸ਼ਦੀ ਦੀਆਂ ਲਿਖਤਾਂ ਦਾ ਵਿਰੋਧ ਲਿਖਤ ਰਾਹੀਂ ਕਰਦੇ ਪਰ ਇਰਾਨ ਸਰਕਾਰ ਦੁਆਰਾ ਅਪਣਾਏ ਹਿੰਸਾਤਮਕ ਰੁਖ਼ ਨੇ ਇਸ ਨੂੰ ਸਲਮਾਨ ਰਸ਼ਦੀ ਦੀ ਜ਼ਿੰਦਗੀ ਦਾ ਸਵਾਲ ਬਣਾ ਕੇ ਮੁਸਲਮਾਨ ਭਾਈਚਾਰੇ ਦੇ ਜਜ਼ਬਾਤ ਨੂੰ ਹੋਰ ਭੜਕਾਇਆ। ਭਾਰਤ ਨੇ ਵੀ ਇਸ ਕਿਤਾਬ ’ਤੇ ਪਾਬੰਦੀ ਲਗਾਈ। ਕਿਤਾਬਾਂ ’ਤੇ ਪਾਬੰਦੀਆਂ ਲੱਗਦੀਆਂ ਆਈਆਂ ਹਨ ਅਤੇ ਲੇਖਕ ਤੇ ਵਿਦਵਾਨ ਪਾਬੰਦੀਆਂ ਲਗਾਉਣ ਵਾਲਿਆਂ ਦੇ ਜਬਰ ਦਾ ਸ਼ਿਕਾਰ ਹੁੰਦੇ ਰਹੇ ਹਨ। ਇਹ ਸਹੀ ਹੈ ਕਿ ਲੇਖਕਾਂ ਤੇ ਵਿਦਵਾਨਾਂ ਨੂੰ ਧਾਰਮਿਕ ਭਾਈਚਾਰਿਆਂ ਦੇ ਵਿਸ਼ਵਾਸਾਂ ਨੂੰ ਠੇਸ ਨਹੀਂ ਪਹੁੰਚਾਉਣੀ ਚਾਹੀਦੀ ਪਰ ਧਾਰਮਿਕ ਸ਼ਖ਼ਸੀਅਤਾਂ ਨੂੰ ਵੀ ਇਹ ਵਿਚਾਰਨ ਦੀ ਲੋੜ ਹੈ ਕਿ ਇਸ ਦੁਨੀਆ ਵਿਚ ਧਰਮ ਨੂੰ ਮੰਨਣ ਵਾਲੇ ਲੋਕਾਂ ਦੇ ਨਾਲ ਨਾਲ ਸਰਬਸ਼ਕਤੀਮਾਨ ਸ਼ਕਤੀ ਵਿਚ ਵਿਸ਼ਵਾਸ ਨਾ ਰੱਖਣ ਵਾਲੇ ਲੋਕ ਵੀ ਰਹਿੰਦੇ ਹਨ; ਜੇ ਧਾਰਮਿਕ ਵਿਦਵਾਨਾਂ ਨੂੰ ਆਪਣੀ ਰਾਇ ਦੇਣ ਦੀ ਆਜ਼ਾਦੀ ਹੈ ਤਾਂ ਅਜਿਹੇ ਵਿਸ਼ਵਾਸ ਨਾ ਰੱਖਣ ਵਾਲਿਆਂ ਨੂੰ ਵੀ ਆਪਣੀ ਰਾਇ ਰੱਖਣ ਦੀ ਆਜ਼ਾਦੀ ਮਿਲਣੀ ਚਾਹੀਦੀ ਹੈ। ਸਦੀਆਂ ਪਹਿਲਾਂ ਇਸਾਈ ਧਾਰਮਿਕ ਕੱਟੜਪੰਥੀਆਂ ਨੇ ਇਟਲੀ ਦੇ ਚਿੰਤਕ, ਪਾਦਰੀ, ਹਿਸਾਬਦਾਨ ਅਤੇ ਵਿਗਿਆਨੀ ਜਿਓਡਰਾਨੋ ਬਰੂਨੋ ਨੂੰ ਇਸ ਲਈ ਜ਼ਿੰਦਾ ਸਾੜਿਆ ਸੀ ਕਿ ਉਹ ਕੋਪਰਨੀਕਸ ਦੇ ਧਰਤੀ ਦੇ ਸੂਰਜ ਦੁਆਲੇ ਘੁੰਮਣ ਦੇ ਸਿਧਾਂਤ ਦਾ ਪ੍ਰਚਾਰ ਕਰਦਾ ਸੀ। ਸਲਮਾਨ ਰਸ਼ਦੀ ’ਤੇ ਹਮਲਾ ਲੇਖਕਾਂ ਦੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ’ਤੇ ਹਮਲਾ ਹੈ। ਵਿਰੋਧਭਾਸ ਇਹ ਹੈ ਕਿ ਤਰੱਕੀ ਅਤੇ ਆਧੁਨਿਕਤਾ ਦੇ ਦਾਅਵਿਆਂ ਦੇ ਬਾਵਜੂਦ ਸੰਕੀਰਨ ਸੋਚ ਦੀ ਪਕੜ ਮਜ਼ਬੂਤ ਹੋਈ ਹੈ। ਵਿਚਾਰਾਂ ਦਾ ਵਿਰੋਧ ਹਿੰਸਾ ਰਾਹੀਂ ਨਹੀਂ, ਵਿਚਾਰਾਂ ਰਾਹੀਂ ਹੋਣਾ ਚਾਹੀਦਾ ਹੈ। ਲੇਖਕਾਂ, ਚਿੰਤਕਾਂ, ਵਿਗਿਆਨੀਆਂ, ਵਿਦਵਾਨਾਂ, ਸਮਾਜਿਕ ਕਾਰਕੁਨਾਂ ਅਤੇ ਜਮਹੂਰੀ ਸ਼ਕਤੀਆਂ ਨੂੰ ਇਸ ਹਮਲੇ ਦਾ ਵਿਰੋਧ ਕਰਨਾ ਚਾਹੀਦਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਸਰਕਾਰ ਨੇ 10 ਯੂ-ਟਿਊਬ ਚੈਨਲਾਂ ’ਤੇ ਪਈਆਂ 45 ਵੀਡੀਓਜ਼ ਬਲਾਕ ਕੀਤੀਆਂ: ਠਾਕੁਰ

ਸਰਕਾਰ ਨੇ 10 ਯੂ-ਟਿਊਬ ਚੈਨਲਾਂ ’ਤੇ ਪਈਆਂ 45 ਵੀਡੀਓਜ਼ ਬਲਾਕ ਕੀਤੀਆਂ: ਠਾਕੁਰ

ਵੀਡੀਓਜ਼ ਵਿੱਚ ਸੀ ਵੱਖ-ਵੱਖ ਧਰਮਾਂ ਦੇ ਫਿਰਕਿਆਂ ਵਿਚਾਲੇ ਨਫ਼ਰਤ ਫੈਲਾਉਣ...

ਸੀਯੂਈਟੀ-ਪੀਜੀ ਦਾ ਨਤੀਜਾ ਐਲਾਨਿਆ

ਸੀਯੂਈਟੀ-ਪੀਜੀ ਦਾ ਨਤੀਜਾ ਐਲਾਨਿਆ

ਕੌਮੀ ਟੈਸਟਿੰਗ ਏਜੰਸੀ ਨੇ ਪ੍ਰੀਖਿਆ ਦੇ ਵਿਸ਼ਾ ਵਾਰ ਟੌਪਰਾਂ ਦਾ ਐਲਾਨ ਕੀਤ...

ਸੁਪਰੀਮ ਕੋਰਟ ਨੇ ਚੋਣ ਨਿਸ਼ਾਨ ਅਲਾਟ ਕਰਨ ਦੇ ਮੁੱਦੇ ਬਾਰੇ ਪਟੀਸ਼ਨ ਖਾਰਜ ਕੀਤੀ

ਸੁਪਰੀਮ ਕੋਰਟ ਨੇ ਚੋਣ ਨਿਸ਼ਾਨ ਅਲਾਟ ਕਰਨ ਦੇ ਮੁੱਦੇ ਬਾਰੇ ਪਟੀਸ਼ਨ ਖਾਰਜ ਕੀਤੀ

ਸਿਖਰਲੀ ਅਦਾਲਤ ਵੱਲੋਂ ਪਟੀਸ਼ਨ ਚੋਣ ਅਮਲ ’ਚ ਅੜਿੱਕਾ ਕਰਾਰ

ਸ਼ਹਿਰ

View All