ਅਮਰੀਕਾ, ਰੂਸ, ਚੀਨ ਅਤੇ ਪੂਰਬੀ ਕੋਰੀਆ ਨੇ ਪਰਮਾਣੂ ਹਥਿਆਰ ਲੈ ਕੇ ਜਾਣ ਵਾਲੀਆਂ ਅਤਿਅੰਤ ਤੇਜ਼ ਰਫ਼ਤਾਰ ਮਿਜ਼ਾਈਲਾਂ ਬਣਾਉਣ ਅਤੇ ਉਨ੍ਹਾਂ ਦੀ ਪਰਖ ਕਰਨ ਦੇ ਦਾਅਵੇ ਕੀਤੇ ਹਨ। ਇਨ੍ਹਾਂ ਮਿਜ਼ਾਈਲਾਂ ਦੀ ਰਫ਼ਤਾਰ ਆਵਾਜ਼ ਦੀ ਰਫ਼ਤਾਰ (1,235 ਕਿਲੋਮੀਟਰ ਫੀ ਘੰਟਾ) ਤੋਂ ਪੰਜ ਗੁਣਾ ਜ਼ਿਆਦਾ (ਲਗਭਗ 6,100 ਕਿਲੋਮੀਟਰ ਫੀ ਘੰਟਾ) ਦੱਸੀ ਜਾਂਦੀ ਹੈ। ਧਰਤੀ ਦੁਆਲੇ ਚੱਕਰ ਲਗਾ ਰਹੇ ਸੈਟੇਲਾਈਟਾਂ ਨੂੰ ਵੀ ਘੱਟੋ-ਘੱਟ ਇੰਨੀ ਰਫ਼ਤਾਰ ਕਾਇਮ ਰੱਖਣੀ ਪੈਂਦੀ ਹੈ, ਭਾਵ ਹੁਣ ਪਰਮਾਣੂ ਹਥਿਆਰਾਂ ਨੂੰ ਇਕ ਥਾਂ ਤੋਂ ਦੂਸਰੇ ਥਾਂ ਸੁੱਟਣ ਵਾਲੀਆਂ ਮਿਜ਼ਾਈਲਾਂ ਵੀ ਸੈਟੇਲਾਈਟਾਂ ਵਾਲੀ ਰਫ਼ਤਾਰ ਨਾਲ ਸਫ਼ਰ ਕਰ ਸਕਦੀਆਂ ਹਨ। ਇਸ ਦਾ ਮਤਲਬ ਇਹ ਹੈ ਕਿ ਵੱਖ ਵੱਖ ਦੇਸ਼ਾਂ ਦੁਆਰਾ ਲਗਾਏ ਗਏ ਰਾਡਾਰਾਂ ਨੂੰ ਇਨ੍ਹਾਂ ਮਿਜ਼ਾਈਲਾਂ ਦੁਆਰਾ ਕੀਤੇ ਜਾਣ ਵਾਲੇ ਹਮਲਿਆਂ ਦਾ ਪਤਾ ਨਹੀਂ ਲੱਗ ਸਕਦਾ। ਇਹ ਤਬਾਹੀ ਦੇ ਨਵੇਂ ਮੰਜ਼ਰਾਂ ਦੀ ਨਿਸ਼ਾਨਦੇਹੀ ਕਰਦਾ ਹੈ।
ਪਿਛਲੇ ਸਾਲ ਅਮਰੀਕਾ ਨੇ ਦੱਸਿਆ ਸੀ ਕਿ ਉਸ ਦੁਆਰਾ ਬਣਾਈਆਂ ਗਈਆਂ ਮਿਜ਼ਾਈਲਾਂ ਆਪਣੇ ਨਿਸ਼ਾਨਿਆਂ ਤਕ ਪਹੁੰਚਣ ਵਿਚ ਸਫ਼ਲ ਰਹੀਆਂ ਸਨ ਅਤੇ ਇਸ ਸਾਲ ਜੁਲਾਈ ਵਿਚ ਰੂਸ ਨੇ ਵੀ ਅਜਿਹਾ ਦਾਅਵਾ ਕੀਤਾ ਸੀ। ਫ਼ੌਜੀ ਖੇਤਰ ਦੇ ਮਾਹਿਰਾਂ ਅਨੁਸਾਰ ਹੁਣ ਚੀਨ ਨੇ ਅਜਿਹੀਆਂ ਮਿਜ਼ਾਈਲਾਂ ਦੀ ਅਜ਼ਮਾਇਸ਼ ਕਰਕੇ ਸਾਰੀ ਦੁਨੀਆ ਨੂੰ ਅਚੰਭੇ ਵਿਚ ਪਾ ਦਿੱਤਾ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਚੀਨ ਦੁਆਰਾ ਵਿਕਸਿਤ ਕੀਤਾ ਗਿਆ ਮਿਜ਼ਾਈਲ ਸਿਸਟਮ ਰਫ਼ਤਾਰ ਦੇ ਲਿਹਾਜ਼ ਨਾਲ ਅਮਰੀਕਾ ਦੇ ਸਿਸਟਮ ਤੋਂ ਕਿਤੇ ਉੱਤਮ ਹੈ, ਭਾਵੇਂ ਆਖ਼ਰੀ ਨਿਸ਼ਾਨੇ ’ਤੇ ਪਹੁੰਚਣ ਦੇ ਪੱਖੋਂ ਉਸ (ਅਮਰੀਕਾ) ਤੋਂ ਪਿਛੜਿਆ ਹੋਇਆ ਹੈ। ਪਿਛਲੇ ਸਾਲ ਪੂਰਬੀ ਕੋਰੀਆ ਨੇ ਵੀ ਅਜਿਹੀਆਂ ਮਿਜ਼ਾਈਲਾਂ ਬਣਾਉਣ ਦਾ ਦਾਅਵਾ ਕੀਤਾ ਸੀ, ਭਾਵੇਂ ਦੱਖਣੀ ਕੋਰੀਆ ਅਨੁਸਾਰ ਪੂਰਬੀ ਕੋਰੀਆ ਦਾ ਤਜਰਬਾ ਅਸਫ਼ਲ ਰਿਹਾ ਸੀ।
ਪਿਛਲੀ ਸਦੀ ਦੇ ਦੂਸਰੇ ਅੱਧ ਵਿਚ ਅਮਰੀਕਾ ਅਤੇ ਸੋਵੀਅਤ ਯੂਨੀਅਨ ਦੇ ਵਿਸ਼ਵ ਸ਼ਕਤੀਆਂ ਵਜੋਂ ਉਭਰਨ ਤੋਂ ਬਾਅਦ ਦੋਹਾਂ ਦੇਸ਼ਾਂ ਵਿਚ ਹਥਿਆਰਾਂ ਦੀ ਬੇਤਹਾਸ਼ਾ ਦੌੜ ਆਰੰਭ ਹੋਈ। ਪਰਮਾਣੂ ਹਥਿਆਰ ਅਤੇ ਉਨ੍ਹਾਂ ਨੂੰ ਮਿਜ਼ਾਈਲਾਂ ਦੇ ਜ਼ਰੀਏ ਦੂਰ-ਦਰਾਜ ਥਾਵਾਂ ’ਤੇ ਸੁੱਟਣ ਦੇ ਖੇਤਰ ਵਿਚ ਬੇਅੰਤ ਪੈਸਾ ਖ਼ਰਚ ਕੀਤਾ ਗਿਆ। ਦੁਨੀਆ ਦੇ ਸਭ ਤੋਂ ਚੋਟੀ ਦੇ ਵਿਗਿਆਨਕ ਇਨ੍ਹਾਂ ਖੋਜਾਂ ਵਿਚ ਜੁਟੇ ਰਹੇ। ਇਹ ਸਿਧਾਂਤ ਵੀ ਦਿੱਤਾ ਗਿਆ ਕਿ ਆਪਣੇ ਦੁਸ਼ਮਣ ਦੇਸ਼ ਨਾਲੋਂ ਵਧੀਆ ਹਥਿਆਰ ਬਣਾਉਣ ਨਾਲ ਜੰਗ ਰੁਕ ਸਕਦੀ ਹੈ। ਸੋਵੀਅਤ ਯੂਨੀਅਨ ਦੇ ਟੁੱਟਣ ਤੋਂ ਬਾਅਦ ਦੁਨੀਆ ਵਿਚ ਤਾਕਤ ਦੇ ਸਮੀਕਰਨ ਬਦਲੇ ਤੇ ਇਹ ਉਮੀਦ ਵੀ ਬੱਝੀ ਕਿ ਹਥਿਆਰਾਂ ਦੀ ਦੌੜ ਦੀ ਰਫ਼ਤਾਰ ਵਿਚ ਕਮੀ ਆਵੇਗੀ। ਮਾਹਿਰਾਂ ਅਨੁਸਾਰ ਇਨ੍ਹਾਂ ਹਥਿਆਰਾਂ ਨੂੰ ਬਣਾਉਣ ’ਤੇ ਇੰਨਾ ਪੈਸਾ ਖ਼ਰਚ ਕੀਤਾ ਗਿਆ ਕਿ ਜੇ ਉਸ ਦਾ ਕੁਝ ਹਜ਼ਾਰਵਾਂ ਹਿੱਸਾ ਵੀ ਦੁਨੀਆ ਦੀ ਗ਼ਰੀਬੀ ਦੂਰ ਕਰਨ ’ਤੇ ਖ਼ਰਚ ਕੀਤਾ ਜਾਂਦਾ ਤਾਂ ਇਹ ਸਮੱਸਿਆ ਹੱਲ ਹੋ ਸਕਦੀ ਸੀ। ਮਾਹਿਰਾਂ ਅਨੁਸਾਰ ਅਮਰੀਕਾ ਇਸ ਲਈ ਵੀ ਹਥਿਆਰਾਂ ਉੱਪਰ ਵੱਡੀ ਪੱਧਰ ’ਤੇ ਖ਼ਰਚ ਕਰਦਾ ਹੈ ਕਿਉਂਕਿ ਇਸ ਨਾਲ ਉਸ ਦਾ ਦੁਨੀਆ ਦਾ ਸਭ ਤੋਂ ਤਾਕਤਵਰ ਮੁਲਕ ਹੋਣ ਦਾ ਅਕਸ ਕਾਇਮ ਰਹਿਣ ਕਾਰਨ ਡਾਲਰ ਦੀ ਸਥਿਤੀ ਮਜ਼ਬੂਤ ਹੁੰਦੀ ਹੈ। ਇਸ ਰਾਹੀਂ ਇਹ ਸੰਦੇਸ਼ ਦਿੱਤਾ ਜਾਂਦਾ ਹੈ ਕਿ ਡਾਲਰ ਸਭ ਤੋਂ ਤਾਕਤਵਰ ਦੇਸ਼ ਦੀ ਕਰੰਸੀ ਹੈ ਅਤੇ ਬਾਕੀ ਦੇ ਦੇਸ਼ਾਂ ਨੂੰ ਇਸ ਰਾਹੀਂ ਵਪਾਰ ਕਰਨਾ ਲਾਹੇਵੰਦ ਹੋਵੇਗਾ। ਤੀਸਰੀ ਦੁਨੀਆ ਦੇ ਦੇਸ਼ ਵਿਦੇਸ਼ੀ ਕਰੰਸੀ ਦੇ ਭੰਡਾਰ ਡਾਲਰਾਂ ਵਿਚ ਰੱਖਦੇ ਹਨ। ਹੁਣ ਚੀਨ ਵੀ ਆਪਣੇ ਆਪ ਨੂੰ ਅਜਿਹੀ ਸ਼ਕਤੀ ਸਿੱਧ ਕਰਨ ਦਾ ਯਤਨ ਕਰ ਰਿਹਾ ਹੈ। 1961 ਵਿਚ ਅਮਰੀਕਾ ਦੇ ਰਾਸ਼ਟਰਪਤੀ ਡੀਡੀ ਆਈਜ਼ਨਹਾਵਰ ਨੇ ਫ਼ੌਜੀ-ਸਨਅਤੀ ਗੱਠਜੋੜ (Military Industrial Complex) ਦਾ ਜ਼ਿਕਰ ਕਰਦਿਆਂ ਕਿਹਾ ਸੀ ਕਿ ਹਥਿਆਰ ਬਣਾਉਣ ਵਾਲੇ ਸਨਅਤਕਾਰਾਂ ਅਤੇ ਫ਼ੌਜੀ ਪ੍ਰਸ਼ਾਸਨ ਨਾਲ ਜੁੜੇ ਅਫ਼ਸਰਾਂ ਦੇ ਗੱਠਜੋੜ ਕਾਰਨ ਹਥਿਆਰਾਂ ਦੀ ਦੌੜ ਕਦੇ ਵੀ ਸਮਾਪਤ ਨਹੀਂ ਹੋ ਸਕਦੀ। ਹੁਣ ਸਿਆਸੀ ਮਾਹਿਰ ਇਸ ਗੱਠਜੋੜ ਵਿਚ ਸਿਆਸਤਦਾਨਾਂ ਨੂੰ ਵੀ ਸ਼ਾਮਲ ਕਰਦੇ ਹਨ ਅਤੇ ਲੋਕਾਂ ਤੋਂ ਟੈਕਸਾਂ ਰਾਹੀਂ ਵਸੂਲਿਆ ਪੈਸਾ ਹਥਿਆਰ ਵਿਕਸਿਤ ਕਰਨ ’ਤੇ ਖ਼ਰਚ ਕਰਕੇ ਸਨਅਤਕਾਰਾਂ ਨੂੰ ਅਰਬਾਂ ਡਾਲਰ ਮੁਨਾਫ਼ਾ ਦਿਵਾਇਆ ਜਾਂਦਾ ਹੈ। ਸਿਆਸਤਦਾਨ ਅਤੇ ਫ਼ੌਜੀ ਪ੍ਰਸ਼ਾਸਨ ਨਾਲ ਜੁੜੇ ਅਫ਼ਸਰ ਵੀ ਇਸ ਮੁਨਾਫ਼ੇ ਵਿਚ ਹਿੱਸੇਦਾਰ ਹੁੰਦੇ ਹਨ। ਸਾਰੀ ਦੁਨੀਆ ਵਿਚ ਜਮਹੂਰੀ ਤਾਕਤਾਂ ਦੀ ਘਟ ਰਹੀ ਸ਼ਕਤੀ ਕਾਰਨ ਵੀ ਸਰਕਾਰਾਂ ਹਥਿਆਰਾਂ ’ਤੇ ਜ਼ਿਆਦਾ ਖ਼ਰਚ ਕਰਦੀਆਂ ਹਨ ਅਤੇ ਵਿੱਦਿਆ, ਸਿਹਤ ਤੇ ਵਾਤਾਵਰਨ ਦੀ ਸਾਂਭ-ਸੰਭਾਲ ਦੇ ਖੇਤਰਾਂ ਵਿਚ ਘੱਟ। ਜਮਹੂਰੀ ਤਾਕਤਾਂ ਨੂੰ ਅਜਿਹੇ ਰੁਝਾਨਾਂ ਵਿਰੁੱਧ ਵਿਆਪਕ ਲੋਕ ਰਾਏ ਲਾਮਬੰਦ ਕਰਨ ਦੀ ਜ਼ਰੂਰਤ ਹੈ।