ਵਿਸ਼ਵ ਸਿਹਤ ਸੰਗਠਨ (World Health Organisation-ਡਬਲਿਊਐੱਚਓ) ਨੇ ਭਾਰਤ ਵਿਚ ਕੋਵਿਡ-19 ਦੀ ਮਹਾਮਾਰੀ ਤੋਂ ਬਚਣ ਲਈ ਬਣਾਈ ਗਈ ਵੈਕਸੀਨ ‘ਕੋਵੈਕਸੀਨ’ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਨੂੰ ਭਾਰਤ ਬਾਇਓਟੈੱਕ ਨਾਂ ਦੀ ਕੰਪਨੀ ਨੇ ਬਣਾਇਆ ਹੈ ਅਤੇ ਇਹ ਸੱਤਵੀਂ ਵੈਕਸੀਨ ਹੈ ਜਿਸ ਨੂੰ ਡਬਲਿਊਐੱਚਓ ਨੇ ਪ੍ਰਵਾਨ ਕੀਤਾ ਹੈ। ਇਸ ਨਾਲ ਦੇਸ਼ ਦੇ ਲੱਖਾਂ ਲੋਕ ਜੋ ਵਿਦੇਸ਼ਾਂ ਨੂੰ ਜਾਣਾ ਚਾਹੁੰਦੇ ਹਨ, ਨੂੰ ਰਾਹਤ ਮਿਲੀ ਹੈ। ਆਸਟਰੇਲੀਆ ਪਹਿਲਾਂ ਹੀ ਕੋਵੈਕਸੀਨ ਨੂੰ ਪ੍ਰਵਾਨਗੀ ਦੇ ਚੁੱਕਾ ਹੈ। ਹੁਣ ਕੇਂਦਰ ਸਰਕਾਰ ਨੂੰ ਦੂਸਰੇ ਦੇਸ਼ਾਂ ਦੀਆਂ ਸਰਕਾਰਾਂ ਨਾਲ ਗੱਲਬਾਤ ਕਰ ਕੇ ਲੋਕਾਂ ਦੇ ਬਾਹਰ ਜਾਣ ਨੂੰ ਸੌਖਾਲਾ ਬਣਾਉਣਾ ਚਾਹੀਦਾ ਹੈ। ਇਸ ਪ੍ਰਵਾਨਗੀ ਨਾਲ ਵੈਕਸੀਨ ਨੂੰ ਦੂਸਰੇ ਦੇਸ਼ਾਂ ਨੂੰ ਦਰਾਮਦ ਕਰਨ ਦੇ ਰਾਹ ਵੀ ਖੁੱਲ੍ਹੇ ਹਨ।
ਇਹ ਵੈਕਸੀਨ ਬਣਾਉਣ ਵਿਚ ਇੰਡੀਅਨ ਕੌਂਸਿਲ ਆਫ਼ ਮੈਡੀਕਲ ਰਿਸਰਚ ਦਾ ਸੀਮਤ ਯੋਗਦਾਨ ਹੈ ਕਿਉਂਕਿ ਕੌਂਸਿਲ ਨੇ ਭਾਰਤ ਬਾਇਓਟੈੱਕ ਨੂੰ ਕੋਵਿਡ-19 ਦਾ ਵਾਇਰਸ ਮੁਹੱਈਆ ਕਰਵਾਇਆ। ਖੋਜ ਅਤੇ ਟੈਸਟਿੰਗ ਦਾ ਬਾਕੀ ਕੰਮ ਕੰਪਨੀ ਨੇ ਖ਼ੁਦ ਕੀਤਾ। ਇਹ ਪ੍ਰਾਪਤੀ ਸਿੱਧ ਕਰਦੀ ਹੈ ਕਿ ਜੇ ਸਰਕਾਰ ਉਚਿਤ ਮਾਹੌਲ ਉਪਲੱਬਧ ਕਰਾਏ ਤਾਂ ਭਾਰਤ ਦੇ ਵਿਗਿਆਨਕ ਅਤੇ ਸਨਅਤਕਾਰ ਇਸ ਦੇਸ਼ ਵਿਚ ਦਵਾਈਆਂ ਅਤੇ ਸਨਅਤੀ ਵਸਤਾਂ ਦਾ ਨਿਰਮਾਣ ਕਰ ਸਕਦੇ ਹਨ। ਇਸ ਤੋਂ ਪਹਿਲਾਂ ਵੀ ਦਵਾਈਆਂ ਬਣਾਉਣ ਵਾਲੀਆਂ ਕਈ ਹੋਰ ਕੰਪਨੀਆਂ ਏਡਜ਼, ਕੈਂਸਰ ਆਦਿ ਬਿਮਾਰੀਆਂ ਦੇ ਇਲਾਜ ਲਈ ਸਸਤੀਆਂ ਦਵਾਈਆਂ ਬਣਾ ਕੇ ਭਾਰਤ ਅਤੇ ਏਸ਼ੀਆ ਤੇ ਅਫ਼ਰੀਕਾ ਦੇ ਗ਼ਰੀਬ ਲੋਕਾਂ ਨੂੰ ਉਪਲੱਬਧ ਕਰਾ ਰਹੀਆਂ ਹਨ, ਭਾਵੇਂ ਅਮਰੀਕਾ, ਡਬਲਿਊਟੀਓ (WTO) ਅਤੇ ਅਮੀਰ ਦੇਸ਼ਾਂ ਨੂੰ ਇਹ ਪਸੰਦ ਨਹੀਂ ਹੈ।
ਵੈਕਸੀਨ ਦਾ ਪ੍ਰਵਾਨ ਹੋਣਾ ਦੇਸ਼ ਦੇ ਵਿਗਿਆਨੀਆਂ ਦੇ ਨਾਲ ਨਾਲ ਹੋਰ ਤਰਕਸ਼ੀਲ ਲੋਕਾਂ ਲਈ ਵੀ ਖੁਸ਼ਖ਼ਬਰੀ ਹੈ ਕਿਉਂਕਿ ਡਾਕਟਰਾਂ ਅਤੇ ਵਿਗਿਆਨੀਆਂ ਅਨੁਸਾਰ ਕੋਵਿਡ-19 ਨਾਲ ਲੜਾਈ ਕਰਨ ਲਈ ਵੈਕਸੀਨ ਅਤੇ ਵਿਗਿਆਨਕ ਆਧਾਰ ’ਤੇ ਟੈਸਟ ਕੀਤੀਆਂ ਦਵਾਈਆਂ ਜ਼ਰੂਰੀ ਹਨ ਜਦੋਂਕਿ ਇਹ ਪ੍ਰਚਾਰ ਕੀਤਾ ਜਾਂਦਾ ਰਿਹਾ ਹੈ ਕਿ ਗਊ ਮੂਤਰ ਅਤੇ ਇਸ ਤਰ੍ਹਾਂ ਦੀਆਂ ਹੋਰ ਵਸਤਾਂ ਨਾਲ ਕੋਵਿਡ-19 ਤੋਂ ਬਚਿਆ ਜਾਂਦਾ ਰਿਹਾ ਹੈ। ਡਾਕਟਰਾਂ ਦੀ ਸੰਸਥਾ ਆਈਐੱਮਏ ਨੇ ਸਵਾਮੀ ਰਾਮਦੇਵ ਦੀ ਕੰਪਨੀ ਪਤੰਜਲੀ ਦੁਆਰਾ ਇਕ ਦਵਾਈ ਨੂੰ ਕੋਵਿਡ-19 ਦਾ ਇਲਾਜ ਕਰਨ ਵਾਲੀ ਦੱਸ ਕੇ ਵੇਚਣ ਕਾਰਨ, ਉਸ ਵਿਰੁੱਧ ਅਦਾਲਤ ਵਿਚ ਕੇਸ ਵੀ ਕੀਤਾ ਹੈ। ਅਜਿਹੇ ਗ਼ੈਰ-ਤਰਕਸ਼ੀਲ ਰੁਝਾਨਾਂ ਵਿਰੁੱਧ ਲੋਕ ਰਾਏ ਲਾਮਬੰਦ ਕਰਨ ਦੀ ਜ਼ਰੂਰਤ ਹੈ।