ਅਮਰੀਕਾ ਵੱਲੋਂ ‘ਵੀਟੋ’ ਤਾਕਤ ਵਰਤਣ ਕਾਰਨ ਸੰਯੁਕਤ ਰਾਸ਼ਟਰ ਸਲਾਮਤੀ ਪਰਿਸ਼ਦ ਪਿਛਲੇ ਹਫ਼ਤੇ ਫਲਸਤੀਨ ਲਈ ਯੂਐੱਨ ਦੀ ਪੂਰਨ ਮੈਂਬਰਸ਼ਿਪ ਦੀ ਸਿਫਾਰਿਸ਼ ਕਰਨ ਵਿੱਚ ਨਾਕਾਮ ਰਹੀ। ਅਲਜੀਰੀਆ ਵੱਲੋਂ ਲਿਆਂਦੇ ਗਏ ਮਤੇ ਦੇ ਖਰੜੇ ਨੂੰ 15 ਵਿੱਚੋਂ 12 ਮੈਂਬਰਾਂ ਦੀ ਵਿਆਪਕ ਹਮਾਇਤ ਮਿਲੀ ਅਤੇ ਉਨ੍ਹਾਂ ਇਸ ਦੇ ਹੱਕ ਵਿੱਚ ਵੋਟ ਪਾਈ। ਇਸ ਤਰ੍ਹਾਂ ਖਰੜੇ ਨੇ ਪ੍ਰਵਾਨਗੀ ਲਈ ਘੱਟੋ-ਘੱਟ ਨੌਂ ਵੋਟਾਂ ਦੀ ਹੱਦ ਨੂੰ ਪਾਰ ਕੀਤਾ ਪਰ ਅਮਰੀਕਾ ਨੇ ਇਹ ਦਲੀਲ ਦਿੰਦਿਆਂ ਇਸ ਨੂੰ ਨਕਾਰ (ਵੀਟੋ ਕਰ) ਦਿੱਤਾ ਕਿ ਇਹ ਇਜ਼ਰਾਈਲ ਅਤੇ ਫ਼ਸਲਤੀਨ ਦਰਮਿਆਨ ਸਿੱਧੀ ਵਾਰਤਾ ਦਾ ਮਾਮਲਾ ਹੈ। ਇਹ ਕੋਈ ਪਹਿਲੀ ਵਾਰ ਨਹੀਂ ਕਿ ਅਮਰੀਕਾ ਨੇ ਫਲਸਤੀਨ ਦੇ ਹੱਕ ਵਿਚ ਆਇਆ ਮਤਾ ਵੀਟੋ ਕੀਤਾ ਹੈ; ਅਮਰੀਕਾ ਤਾਂ ਇਜ਼ਰਾਈਲ ਦੀਆਂ ਵਧੀਕੀਆਂ ਖਿਲਾਫ ਪੇਸ਼ ਕੀਤੇ ਮਤੇ ਵੀ ਵੀਟੋ ਕਰਦਾ ਰਿਹਾ ਹੈ। ਅਮਰੀਕਾ ਨੇ ਅਜਿਹੇ ਮਤੇ 50 ਤੋਂ ਵੱਧ ਵਾਰ ਵੀਟੋ ਕੀਤੇ ਹਨ ਅਤੇ ਅਜਿਹਾ ਕਰਨ ਵੇਲੇ ਇਸ ਦੀਆਂ ਆਪਣੀਆਂ
ਨਿਵੇਕਲੀਆਂ ਦਲੀਲਾਂ ਹੁੰਦੀਆਂ ਹਨ। ਜੇਕਰ ਇਹ ਮਤਾ ਪਾਸ ਹੋ ਜਾਂਦਾ ਤਾਂ ਇਸ ਨੂੰ ਸੰਯੁਕਤ ਰਾਸ਼ਟਰ ਦੀ 193 ਮੈਂਬਰੀ ਮਹਾਸਭਾ (ਯੂਐੱਨਜੀਏ) ਕੋਲ ਭੇਜਿਆ ਜਾਂਦਾ। ਉੱਥੇ ਇਹ ਪਾਰ ਲੰਘ ਜਾਂਦਾ ਕਿਉਂਕਿ ਮਹਾਸਭਾ ਦੇ 140 ਮੈਂਬਰਾਂ ਨੇ ਫਲਸਤੀਨ ਨੂੰ ਮੁਲਕ ਵਜੋਂ ਮਾਨਤਾ ਦਿੱਤੀ ਹੋਈ ਹੈ।
ਫਲਸਤੀਨ ਨੂੰ ਪੂਰਨ ਮੈਂਬਰਸ਼ਿਪ ਦੇਣ ਦੀ ਲਗਭਗ ਆਲਮੀ ਪੱਧਰ ਦੀ ਇਹ ਇੱਛਾ ਉਦੋਂ ਜਾਗੀ ਹੈ ਜਦ ਇਜ਼ਰਾਈਲ ਨੂੰ ਗਾਜ਼ਾ ’ਤੇ ਹਮਲੇ ਕਰਦਿਆਂ ਛੇ ਮਹੀਨੇ ਬੀਤ ਚੁੱਕੇ ਹਨ, ਤੇ ਉੱਥੇ ਨਾਗਰਿਕਾਂ ਦਾ ਹਾਲ ਬਦ ਤੋਂ ਬਦਤਰ ਹੋ ਚੁੱਕਾ ਹੈ। ਸ਼ਾਂਤੀ ਕੇਵਲ ਫਲਸਤੀਨ ਦੀ ਸ਼ਮੂਲੀਅਤ ਨਾਲ ਹੀ ਆ ਸਕਦੀ ਹੈ, ਨਾ ਕਿ ਪੱਛਮੀ ਤਾਕਤਾਂ ਵੱਲੋਂ ਇਜ਼ਰਾਈਲ ਨੂੰ ਬੇਇਨਸਾਫ਼ੀ ਦੀ ਖੁੱਲ੍ਹੀ ਛੁੱਟੀ ਦੇਣ ਨਾਲ ਜਿਸ ਲਈ ਕੋਈ ਜਵਾਬਦੇਹੀ ਵੀ ਤੈਅ ਨਹੀਂ ਹੈ। ਫਲਸਤੀਨੀਆਂ ਨਾਲ ਵਾਰ-ਵਾਰ ਹੁੰਦੇ ਅਣਮਨੁੱਖੀ ਵਤੀਰੇ ਨੂੰ ਖ਼ਤਮ ਕਰਨ ਦੇ ਇੱਕੋ-ਇੱਕ ਉਪਾਅ ‘ਦੋ ਮੁਲਕੀ ਹੱਲ’ ਨੂੰ ਸੁਰਜੀਤ ਕਰਨ ਲਈ ਨਵੇਂ ਸਿਰਿਓਂ ਯਤਨ ਹੋਣੇ ਚਾਹੀਦੇ ਹਨ। ਹੁਣ ਵਾਲੇ ਇਜ਼ਰਾਇਲੀ ਹਮਲਿਆਂ ਨੇ ਸੰਸਾਰ ਨੂੰ ਦਿਖਾ ਦਿੱਤਾ ਹੈ ਕਿ ਫਲਸਤੀਨ ਵੱਲ ਇਜ਼ਰਾਈਲ ਦਾ ਰਵੱਈਆ ਕਿਹੋ ਜਿਹਾ ਹੈ।
ਅਮਰੀਕਾ ਦੀ ਇਹ ਦਲੀਲ ਕਿ ਇਜ਼ਰਾਈਲ-ਫਲਸਤੀਨ ਦਰਮਿਆਨ ਸਿੱਧੀ ਗੱਲਬਾਤ ਹੋਣੀ ਚਾਹੀਦੀ ਹੈ, ਤਰਕਸੰਗਤ ਨਹੀਂ ਹੈ। ਤਲ ਅਵੀਵ ਵਿੱਚ ਰਹਿ ਚੁੱਕੀਆਂ ਪਹਿਲੀਆਂ ਕਈ ਕੱਟੜਪੰਥੀ ਸਰਕਾਰਾਂ ਵਾਰਤਾ ਨੂੰ ਸਿਰੇ ਤੋਂ ਨਕਾਰ ਚੁੱਕੀਆਂ ਹਨ। ਫਲਸਤੀਨ ਪਹਿਲਾਂ ਹੀ ਗ਼ੈਰ-ਮੈਂਬਰ ਨਿਗਰਾਨ ਮੁਲਕ ਹੈ ਜਿਸ ਨਾਲ ਇਸ ਨੂੰ ਸੰਯੁਕਤ ਰਾਸ਼ਟਰ ਇਕਾਈਆਂ ਦੀਆਂ ਪ੍ਰਕਿਰਿਆਵਾਂ ਵਿਚ ਹਿੱਸਾ ਲੈਣ ਦੀ ਪ੍ਰਵਾਨਗੀ ਤਾਂ ਮਿਲਦੀ ਹੈ ਪਰ ਇਹ ਵੋਟ ਨਹੀਂ ਕਰ ਸਕਦਾ। ਅਮਰੀਕਾ ਵੱਲੋਂ ਫਲਸਤੀਨੀਆਂ ਦੀਆਂ ਖ਼ਾਹਿਸ਼ਾਂ ਪੂਰਨ ਤੋਂ ਕੀਤੀ ਗਈ ਨਾਂਹ ਗ਼ਲਤੀ ਹੋਵੇਗੀ ਕਿਉਂਕਿ ਇਸ ਨਾਲ ਇਜ਼ਰਾਈਲ ਨੂੰ ਰਾਜਸੀ ਹੱਲ ਤੋਂ ਬਚਣ ਅਤੇ ਵਿਨਾਸ਼ਕਾਰੀ ਨੀਤੀਆਂ ਜਾਰੀ ਰੱਖਣ ਦੀ ਖੁੱਲ੍ਹ ਮਿਲੇਗੀ। ਫਲਸਤੀਨ ਦਾ ਝੰਡਾ ਸੰਯੁਕਤ ਰਾਸ਼ਟਰ ਹੈੱਡਕੁਆਰਟਰ ਦੇ ਬਾਹਰ ਲਹਿਰਾਉਂਦਾ ਤਾਂ ਹੈ ਪਰ ਇਸ ਦੇ ਗ਼ੈਰ-ਮੈਂਬਰ ਨਿਗਰਾਨ ਦਰਜੇ ਕਾਰਨ ਇਹ ਹੋਰਾਂ ਮੁਲਕਾਂ ਦੇ ਝੰਡਿਆਂ ਨਾਲੋਂ ਥੋੜ੍ਹਾ ਵੱਖਰਾ ਕਰ ਕੇ ਲਾਇਆ ਗਿਆ ਹੈ। ਅਮਨ-ਸ਼ਾਂਤੀ ਖਾਤਰ ਇਸ ਦੂਰੀ ਨੂੰ ਘਟਾਇਆ ਜਾਣਾ ਚਾਹੀਦਾ ਹੈ ਅਤੇ ਫਲਸਤੀਨ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ।