ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਖ਼ਿਲਾਫ਼ ਮਹਾਦੋਸ਼ ਦਾ ਮੁਕੱਦਮਾ ਚੱਲਣ ਦੀ ਹਰੀ ਝੰਡੀ ਮਿਲਣ ਕਾਰਨ ਇਹ ਮਾਮਲਾ ਨਾਜ਼ੁਕ ਦੌਰ ਵਿਚ ਦਾਖ਼ਲ ਹੋ ਗਿਆ ਹੈ। ਸੈਨੇਟ ਦੇ 100 ਮੈਂਬਰਾਂ ਵਿਚੋਂ 44 ਦੇ ਮੁਕਾਬਲੇ 56 ਵੋਟਾਂ ਦੀ ਬਹੁਗਿਣਤੀ ਕਰ ਕੇ ਮਹਾਦੋਸ਼ ਦੀ ਬਕਾਇਦਾ ਪ੍ਰਕਿਰਿਆ ਸ਼ੁਰੂ ਹੋਣ ਨਾਲ ਅਮਰੀਕਾ ਦੇ ਇਤਿਹਾਸ ਵਿਚ ਟਰੰਪ ਪਹਿਲਾ ਰਾਸ਼ਟਰਪਤੀ ਬਣ ਗਿਆ ਹੈ ਜਿਸ ਨੂੰ ਦੋ ਦਫ਼ਾ ਮਹਾਦੋਸ਼ ਦੇ ਮੁਕੱਦਮੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਸ ਉੱਤੇ ਰਾਸ਼ਟਰਪਤੀ ਦੀ ਚੋਣ ਦੌਰਾਨ ਵੋਟਾਂ ਦੀ ਗਿਣਤੀ ਗ਼ਲਤ ਹੋਣ ਦੇ ਝੂਠੇ ਇਲਜ਼ਾਮ ਲਗਾਉਣ ਅਤੇ ਆਪਣੇ ਹਮਾਇਤੀਆਂ ਵਿਚ ਭੜਕਾਹਟ ਪੈਦਾ ਕਰ ਕੇ ਹਿੰਸਾ ਫੈਲਾਉਣ ਲਈ ਜ਼ਿੰਮੇਵਾਰ ਹੋਣ ਦਾ ਮਹਾਦੋਸ਼ ਲਗਾਇਆ ਗਿਆ ਹੈ। ਸੁਣਵਾਈ ਦੌਰਾਨ ਟਰੰਪ ਦੇ ਬਚਾਓ ਪੱਖ ਵਾਲਿਆਂ ਨੇ ਦਲੀਲ ਦਿੱਤੀ ਕਿ ਸੱਤਾ ਤੋਂ ਬਾਹਰ ਹੋਣ ਕਾਰਨ ਸਾਬਕਾ ਰਾਸ਼ਟਰਪਤੀ ਖ਼ਿਲਾਫ਼ ਮਹਾਦੋਸ਼ ਦਾ ਮੁਕੱਦਮਾ ਨਹੀਂ ਚਲਾਇਆ ਜਾਣਾ ਚਾਹੀਦਾ। ਡੈਮੋਕਰੇਟਾਂ ਵੱਲੋਂ ਟਰੰਪ ਦੇ ਭਾਸ਼ਣ ਅਤੇ ਉਸ ਪਿੱਛੋਂ ਹਿੰਸਕ ਭੀੜ ਦੀ ਵੀਡੀਓ ਪੇਸ਼ ਕਰ ਕੇ ਮੁਕੱਦਮੇ ਬਾਰੇ ਤੱਥ ਪੇਸ਼ ਕਰਨ ਪਿੱਛੋਂ ਹੋਈ ਵੋਟਿੰਗ ਰਾਹੀਂ ਮੁਕੱਦਮਾ ਚਲਾਉਣ ਦਾ ਫ਼ੈਸਲਾ ਕੀਤਾ ਗਿਆ।
ਸੈਨੇਟ ਦੇ 100 ਮੈਂਬਰ ਹਨ। ਇਸ ਵਿਚ ਟਰੰਪ ਦੀ ਹਮਾਇਤੀ ਰਿਪਬਲਿਕਨ ਪਾਰਟੀ ਦੇ 50 ਮੈਂਬਰ ਹਨ। 48 ਮੈਂਬਰ ਡੈਮੋਕ੍ਰੇਟਿਕ ਪਾਰਟੀ ਦੇ ਹਨ ਅਤੇ ਦੋ ਮੈਂਬਰ ਆਜ਼ਾਦ ਹਨ। ਛੇ ਰਿਪਬਲਿਕਨ ਮੈਂਬਰਾਂ ਨੇ ਟਰੰਪ ਵਿਰੁੱਧ ਮੁਕੱਦਮਾ ਚਲਾਉਣ ਦੇ ਪੱਖ ਵਿਚ ਵੋਟ ਪਾਈ। ਸੈਨੇਟ ਦੇ ਸਾਹਮਣੇ ਇਹ ਸਵਾਲ ਸੀ ਕਿ ਕੀ ਮਹਾਦੋਸ਼ ਦਾ ਮੁਕੱਦਮਾ ਸੰਵਿਧਾਨਕ ਹੈ ਜਾਂ ਨਹੀਂ। ਬਹੁਸੰਮਤੀ ਨੇ ਫ਼ੈਸਲਾ ਦਿੱਤਾ ਕਿ ਇਹ ਮੁਕੱਦਮਾ ਪਹਿਲੀ ਨਜ਼ਰੇ (Prima facie) ਹੀ ਸੰਵਿਧਾਨਕ ਹੈ। ਸਜ਼ਾ ਦੇਣ ਲਈ ਸੈਨੇਟ ਦੇ ਦੋ ਤਿਹਾਈ ਮੈਂਬਰਾਂ ਦੀ ਜ਼ਰੂਰਤ ਪੈਂਦੀ ਹੈ। ਇਸ ਤਰ੍ਹਾਂ ਜੇਕਰ ਡੈਮੋਕਰੇਟਿਕ ਪਾਰਟੀ ਨੇ ਸਾਬਕਾ ਰਾਸ਼ਟਰਪਤੀ ਨੂੰ ਸਜ਼ਾ ਦਿਵਾਉਣ ਦੀ ਮੰਜ਼ਿਲ ਤੱਕ ਪਹੁੰਚਣਾ ਹੈ ਤਾਂ ਉਨ੍ਹਾਂ ਨੂੰ ਰਿਪਬਲਿਕਨ ਪਾਰਟੀ ਦੇ 17 ਮੈਂਬਰਾਂ ਦੀਆਂ ਵੋਟਾਂ ਦੀ ਲੋੜ ਪਵੇਗੀ। ਅਮਰੀਕਾ ਵਿਚ ਭਾਰਤ ਦੀ ਤਰ੍ਹਾਂ ਪਾਰਟੀਆਂ ਮੈਂਬਰਾਂ ’ਤੇ ਵ੍ਹਿਪ ਜਾਰੀ ਨਹੀਂ ਕਰ ਸਕਦੀਆਂ। ਮੈਂਬਰ ਆਪਣੀ ਸਮਝ ਅਤੇ ਜ਼ਮੀਰ ਦੇ ਆਧਾਰ ਉੱਤੇ ਵੱਖ ਵੱਖ ਮੁੱਦਿਆਂ ਉੱਤੇ ਪਾਰਟੀਆਂ ਦੇ ਸਟੈਂਡ ਦੇ ਉਲਟ ਵੀ ਵੋਟ ਪਾਉਣ ਦਾ ਹੱਕ ਰੱਖਦੇ ਹਨ।
ਟਰੰਪ ਨੇ ਅਮਰੀਕਾ ਦੀਆਂ ਜਮਹੂਰੀ ਸੰਸਥਾਵਾਂ ਨੂੰ ਭਾਰੀ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਪਰ ਸੰਵਿਧਾਨਕ ਸੰਸਥਾਵਾਂ ਦੀ ਮਜ਼ਬੂਤੀ ਕਾਰਨ ਉਸ ਨੂੰ ਸਫ਼ਲਤਾ ਨਹੀਂ ਮਿਲੀ। ਅਮਰੀਕਾ ਦਾ ਮੁੱਖ ਧਾਰਾ ਦਾ ਮੀਡੀਆ ਟਰੰਪ ਖ਼ਿਲਾਫ਼ ਡਟਿਆ ਰਿਹਾ। ਸੂਬ ਅਦਾਲਤਾਂ ਤੇ ਸੁਪਰੀਮ ਕੋਰਟ ’ਚ ਟਰੰਪ ਵੱਲੋਂ ਨਿਯੁਕਤ ਜੱਜਾਂ ਨੇ ਵੀ ਨਿੱਜੀ ਸਰਪ੍ਰਸਤੀ ਨਾਲੋਂ ਸੰਵਿਧਾਨਕ ਜ਼ਿੰਮੇਵਾਰੀ ਨੂੰ ਤਰਜੀਹ ਦਿੱਤੀ। ਸੰਸਥਾਵਾਂ ਦੀ ਭੂਮਿਕਾ ਤੋਂ ਸਪੱਸ਼ਟ ਹੈ ਕਿ ਕੇਵਲ ਸਰਕਾਰਾਂ ਦਾ ਚੁਣਨਾ ਹੀ ਕਾਫ਼ੀ ਨਹੀਂ ਹੁੰਦਾ, ਜਮਹੂਰੀਅਤ ਨੂੰ ਕਾਇਮ ਰੱਖਣ ਲਈ ਸੰਵਿਧਾਨਕ ਸੰਸਥਾਵਾਂ ਅਤੇ ਉਨ੍ਹਾਂ ’ਚ ਬੈਠੇ ਵਿਅਕਤੀਆਂ ਦਾ ਕਿਰਦਾਰ ਤੇ ਕਾਰਵਾਈਆਂ, ਲੋਕਾਂ ਦੀ ਜਾਗਰੂਕਤਾ ਅਤੇ ਜਮਹੂਰੀ ਕਦਰਾਂ-ਕੀਮਤਾਂ ’ਚ ਉਨ੍ਹਾਂ ਦਾ ਵਿਸ਼ਵਾਸ ਜ਼ਿਆਦਾ ਮਹੱਤਵਪੂਰਨ ਹੁੰਦੇ ਹਨ।