ਪੰਜਾਬ ਸਰਕਾਰ ਨੇ ਸੀਮਾ ਸੁਰੱਖਿਆ ਬਲ (ਬੀਐੱਸਐੱਫ) ਦੇ ਅਧਿਕਾਰਾਂ ਦਾ ਦਾਇਰਾ 15 ਕਿਲੋਮੀਟਰ ਤੋਂ ਵਧਾ ਕੇ 50 ਕਿਲੋਮੀਟਰ ਤੱਕ ਕਰਨ ਨੂੰ ਸੁਪਰੀਮ ਕੋਰਟ ਵਿਚ ਚੁਣੌਤੀ ਦੇ ਕੇ ਕੇਂਦਰ-ਰਾਜ ਸੰਬੰਧਾਂ ਦੇ ਸਵਾਲ ਨੂੰ ਰਸਮੀ ਤੌਰ ਤੇ ਉਭਾਰਿਆ ਹੈ। ਮੂਲ ਰੂਪ ਵਿਚ ਪਟੀਸ਼ਨ ਦਾਇਰ ਕਰਦਿਆਂ ਪੰਜਾਬ ਸਰਕਾਰ ਨੇ ਕਿਹਾ ਹੈ ਕਿ ਪੰਜਾਬ ਛੋਟਾ ਸੂਬਾ ਹੈ ਅਤੇ ਇਸ ਦੇ ਸਰਹੱਦੀ ਜ਼ਿਲ੍ਹਿਆਂ ਤੇ ਕਸਬਿਆਂ ਦਾ 80 ਫ਼ੀਸਦੀ ਖੇਤਰ ਬੀਐੱਸਐੱਫ਼ ਦੇ ਅਧਿਕਾਰ ਖੇਤਰ ਵਿਚ ਆ ਗਿਆ ਹੈ। ਗ੍ਰਹਿ ਮੰਤਰਾਲੇ ਦੇ ਫ਼ੈਸਲੇ ਨਾਲ ਪੰਜਾਬ ਦੇ ਲੋਕਾਂ ਵਿਚ ਬੇਚੈਨੀ ਫੈਲਣ ਦਾ ਖਦਸ਼ਾ ਹੈ। ਕਿਸਾਨਾਂ ਦੀਆਂ ਜ਼ਮੀਨਾਂ ਸਰਹੱਦੀ ਖੇਤਰਾਂ ਨਾਲ ਲਗਦੀਆਂ ਹਨ। ਪਹਿਲਾਂ ਹੀ ਪੰਜ ਕਿਲੋਮੀਟਰ ਤੱਕ ਲਗਾਈ ਤਾਰ ਕਰ ਕੇ ਬਹੁਤ ਸਾਰੇ ਕਿਸਾਨਾਂ ਨੂੰ ਆਪਣੀਆਂ ਹੀ ਜ਼ਮੀਨਾਂ ਉੱਤੇ ਖੇਤੀ ਲਈ ਸਮੱਸਿਆਵਾਂ ਨਾਲ ਜੂਝਣਾ ਪੈਂਦਾ ਹੈ। ਪੰਜਾਬ ਨੇ ਇਹ ਨੁਕਤਾ ਉਠਾਇਆ ਹੈ ਕਿ ਕੇਂਦਰ ਸਰਕਾਰ ਨੇ ਬੀਐੱਸਐੱਫ ਦਾ ਅਧਿਕਾਰ ਖੇਤਰ ਵਧਾਉਣ ਦਾ ਫ਼ੈਸਲਾ ਰਾਜ ਸਰਕਾਰ ਨਾਲ ਸਲਾਹ ਕੀਤੇ ਬਿਨਾ ਇਕਤਰਫ਼ਾ ਹੀ ਕੀਤਾ ਹੈ।
ਇਸ ਨਾਲ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦਰਮਿਆਨ ਵਿਵਾਦ ਵਧਣ ਦੀਆਂ ਸੰਭਾਵਨਾਵਾਂ ਵਧ ਗਈਆਂ ਹਨ। ਕੇਂਦਰੀ ਨੋਟੀਫਿਕੇਸ਼ਨ ਕਾਰਨ ਫੈਡਰਲ ਢਾਂਚਾ ਕਮਜ਼ੋਰ ਹੋਇਆ ਹੈ; ਸੰਵਿਧਾਨ ਦੇ 7ਵੇਂ ਸ਼ਡਿਊਲ ਦੀ ਸੂਚੀ 2 ਦੀ ਐਂਟਰੀ 1 ਤੇ 2 ਅਨੁਸਾਰ ਕਾਨੂੰਨ ਵਿਵਸਥਾ ਤੇ ਪੁਲੀਸ, ਰਾਜਾਂ ਦੇ ਵਿਸ਼ੇ ਹਨ। ਇਨ੍ਹਾਂ ਬਾਰੇ ਰਾਜ ਸਰਕਾਰਾਂ ਕਾਨੂੰਨ ਤੇ ਕਾਰਜਕਾਰੀ ਹੁਕਮ ਜਾਰੀ ਕਰਨ ਦਾ ਅਧਿਕਾਰ ਰੱਖਦੀਆਂ ਹਨ। ਲਿਹਾਜ਼ਾ, ਕੇਂਦਰੀ ਗ੍ਰਹਿ ਮੰਤਰਾਲੇ ਕੋਲ ਅਜਿਹਾ ਹੁਕਮ ਜਾਰੀ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਧਾਰਾ 131 ਤਹਿਤ ਇਹ ਪਟੀਸ਼ਨ ਸੁਪਰੀਮ ਕੋਰਟ ਕੋਲ ਦਾਇਰ ਹੋ ਗਈ ਹੈ। ਅਦਾਲਤ ਨੇ ਅਟਾਰਨੀ ਜਨਰਲ ਨੂੰ ਜਵਾਬ ਦਾਇਰ ਕਰਨ ਵਾਸਤੇ ਕਿਹਾ ਹੈ ਅਤੇ ਚਾਰ ਹਫ਼ਤਿਆਂ ਪਿੱਛੋਂ ਕੇਸ ਦੀ ਸੁਣਵਾਈ ਹੋਵੇਗੀ।
ਫੈਡਰਲਿਜ਼ਮ ਦੇ ਮੁੱਦੇ ਨੂੰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵੀ ਜ਼ੋਰ-ਸ਼ੋਰ ਨਾਲ ਉਠਾ ਰਹੀ ਹੈ। ਉਸ ਨੇ ਹੋਰ ਧਿਰਾਂ ਨੂੰ ਵੀ ਇਸ ਮੁੱਦੇ ਉੱਤੇ ਇਕ ਮੰਚ ਉੱਤੇ ਆਉਣ ਦਾ ਸੱਦਾ ਦਿੱਤਾ ਹੈ। ਤਾਮਿਲਨਾਡੂ ਸਰਕਾਰ ਨੇ ਮੈਡੀਕਲ ਕਾਲਜਾਂ ਵਿਚ ਦਾਖਲਿਆਂ ਵਾਲੀ ਨੀਟ ਪ੍ਰੀਖਿਆ ਦੇ ਮੁੱਦੇ ਉੱਤੇ ਵਿਧਾਨ ਸਭਾ ਵਿਚ ਬਿਲ ਪਾਸ ਕਰਵਾਇਆ ਹੈ। ਇਸ ਨਾਲ ਨੀਟ ਦੇ ਕੇਂਦਰੀ ਟੈਸਟ ਦੀ ਬਜਾਇ ਰਾਜਾਂ ਨੂੰ ਹੱਕ ਹੋਣ ਦੀ ਗੱਲ ਕੀਤੀ ਗਈ ਹੈ। ਜੀਐੱਸਟੀ ਦੇ ਮੁੱਦੇ ਉੱਤੇ ਲਗਭਗ 12 ਰਾਜਾਂ ਦੇ ਮੁੱਖ ਮੰਤਰੀਆਂ ਨੇ ਪਿਛਲੇ ਸਮਿਆਂ ਦੌਰਾਨ ਮੁੜ ਵਿਚਾਰ ਕਰਨ ਅਤੇ ਰਾਜਾਂ ਦੀ ਵੁੱਕਤ ਵਧਾਉਣ ਲਈ ਆਵਾਜ਼ ਉਠਾਈ ਹੈ। ਤਿੰਨ ਖੇਤੀ ਕਾਨੂੰਨਾਂ ਦਾ ਮੁੱਦਾ ਵੀ ਰਾਜਾਂ ਦੀ ਸੂਚੀ ਦੇ ਵਿਸ਼ੇ ਉੱਤੇ ਕੇਂਦਰੀ ਕਾਨੂੰਨ ਬਣਾਉਣ ਕਾਰਨ ਗ਼ੈਰ ਸੰਵਿਧਾਨਕ ਦਲੀਲ ਦੇ ਤੌਰ ਤੇ ਉਠਾਇਆ ਗਿਆ ਸੀ। ਪੰਜਾਬ ਸਰਕਾਰ ਦੇ ਬੀਐੱਸਐੱਫ ਦੇ ਮੁੱਦੇ ਉੱਤੇ ਸੁਪਰੀਮ ਕੋਰਟ ਗਏ ਕੇਸ ਨਾਲ ਫੈਡਰਲਿਜ਼ਮ ਨਾਲ ਹੋਰ ਮੁੱਦੇ ਜੁੜਨ ਦੇ ਆਸਾਰ ਹਨ। ਤਾਕਤਾਂ ਦੇ ਕੇਂਦਰੀਕਰਨ ਖਿ਼ਲਾਫ਼ ਇਹ ਮੁੱਦਾ ਰਾਜਾਂ ਨੂੰ ਨੇੜੇ ਲਿਆਉਣ ਦਾ ਮੰਚ ਮੁਹੱਈਆ ਕਰਵਾ ਸਕਦਾ ਹੈ।