ਯੂਕਰੇਨ ਵਿਚ ਰੂਸੀ ਫ਼ੌਜ ਦੀ ਗੋਲਾਬਾਰੀ ਕਾਰਨ ਇਕ ਪਰਮਾਣੂ ਪਲਾਂਟ ਵਿਚ ਅੱਗ ਲੱਗਣ ਨੇ ਰੂਸ-ਯੂਕਰੇਨ ਜੰਗ ਨੂੰ ਨਵੇਂ ਪੜਾਅ ’ਤੇ ਲੈ ਆਂਦਾ ਹੈ। ਪਹਿਲਾਂ ਯੂਕਰੇਨ ਨੇ ਦਾਅਵਾ ਕੀਤਾ ਸੀ ਕਿ ਉਸ ਦੇ ਅਧਿਕਾਰੀ ਤੇ ਕਰਮਚਾਰੀ ਅੱਗ ’ਤੇ ਕਾਬੂ ਪਾਉਣ ਵਿਚ ਕਾਮਯਾਬ ਹੋਏ ਹਨ ਪਰ ਬਾਅਦ ਦੀਆਂ ਖ਼ਬਰਾਂ ਅਨੁਸਾਰ ਰੂਸੀ ਫ਼ੌਜਾਂ ਨੇ ਜ਼ੇਪਰਜੀਆ (Zaporizhzhia) ਪਰਮਾਣੂ ਪਲਾਂਟ ’ਤੇ ਕਬਜ਼ਾ ਕਰ ਲਿਆ ਹੈ। ਇਹ ਯੂਰੋਪ ਦਾ ਸਭ ਤੋਂ ਵੱਡਾ ਪਰਮਾਣੂ ਕੇਂਦਰ ਹੈ। ਖੇਰਸਾਨ ਸ਼ਹਿਰ ਤੇ ਬੰਦਰਗਾਹ ਪਹਿਲਾਂ ਹੀ ਰੂਸੀਆਂ ਦੇ ਕਬਜ਼ੇ ਵਿਚ ਹੈ।
ਰੂਸ ਦੁਆਰਾ ਪਰਮਾਣੂ ਪਲਾਂਟ ’ਤੇ ਕਬਜ਼ਾ ਕੀਤੇ ਜਾਣ ਨਾਲ ਇਹ ਸਪੱਸ਼ਟ ਹੋ ਰਿਹਾ ਹੈ ਕਿ ਗੱਲਬਾਤ ਕੀਤੀ ਜਾਣੀ ਬਹੁਤ ਜ਼ਰੂਰੀ ਹੈ। ਕਿਸੇ ਵੀ ਦੇਸ਼ ਨੇ ਰੂਸ ਦੁਆਰਾ ਕੀਤੇ ਗਏ ਹਮਲੇ ਦੀ ਹਮਾਇਤ ਨਹੀਂ ਕੀਤੀ ਪਰ ਇਸ ਤੱਥ ਕਿ ਨਾਟੋ (Nato) ਦੇ ਵਧਦੇ ਪ੍ਰਭਾਵ ਸਬੰਧੀ ਰੂਸ ਦੀ ਬੇਯਕੀਨੀ ਦਾ ਹੱਲ ਵੀ ਲੱਭਿਆ ਜਾਣਾ ਚਾਹੀਦਾ ਹੈ, ਤੋਂ ਵੀ ਮੂੰਹ ਨਹੀਂ ਮੋੜਿਆ ਜਾ ਸਕਦਾ। ਯੂਕਰੇਨ ਰੂਸ ਦਾ ਸਾਹਮਣਾ ਕਰਨ ਦੀ ਸਥਿਤੀ ਵਿਚ ਨਹੀਂ ਹੈ ਅਤੇ ਅਮਰੀਕਾ ਤੇ ਯੂਰੋਪੀਅਨ ਦੇਸ਼ਾਂ ਦੀਆਂ ਸਰਕਾਰਾਂ ਨੇ ਕਿਹਾ ਹੈ ਕਿ ਉਹ ਯੂਕਰੇਨ ਵਿਚ ਨਾਟੋ ਫ਼ੌਜਾਂ ਨਹੀਂ ਭੇਜਣਗੇ। ਇਹ ਸਵਾਲ ਕਿ ਜੇ ਯੂਕਰੇਨ ਨਾਟੋ ਦਾ ਮੈਂਬਰ ਹੁੰਦਾ ਤਾਂ ਕੀ ਰੂਸ ਨੇ ਉਸ ’ਤੇ ਹਮਲਾ ਕਰਨਾ ਸੀ ਜਾਂ ਨਹੀਂ, ਹੁਣ ਮਾਹਿਰਾਂ ਦੀ ਬਹਿਸ ਦਾ ਮੁੱਦਾ ਬਣ ਕੇ ਰਹਿ ਗਿਆ ਹੈ। ਇਸ ਸਵਾਲ ਪੁੱਛਿਆ ਜਾਣਾ ਵੀ ਸੁਭਾਵਿਕ ਹੈ ਕਿ ਨਾਟੋ ਦੀ ਹੋਂਦ ਬਣਾਈ ਰੱਖਣੀ ਕਿੰਨੀ ਕੁ ਨਿਆਂ-ਸੰਗਤ ਹੈ ਅਤੇ ਇਹ ਦਲੀਲ ਵੀ ਦਿੱਤੀ ਜਾਂਦੀ ਹੈ ਕਿ ਜੇ ਨਾਟੋ ਜੋ ਫ਼ੌਜੀ ਸੰਸਥਾ ਹੈ, ਆਪਣਾ ਪ੍ਰਭਾਵ ਵਧਾਉਣ ਦੀ ਕੋਸ਼ਿਸ਼ ਨਾ ਕਰਦੀ ਤਾਂ ਇਹ ਜੰਗ ਸ਼ੁਰੂ ਹੀ ਨਹੀਂ ਸੀ ਹੋਣੀ। ਰੂਸ ਇਸੇ ਦਲੀਲ ਦੇ ਆਧਾਰ ’ਤੇ ਇਹ ਸਿੱਧ ਕਰਨ ਦਾ ਯਤਨ ਕਰ ਰਿਹਾ ਹੈ ਕਿ ਉਸ ਨੂੰ ਯੂਕਰੇਨ ਵਿਰੁੱਧ ਫ਼ੌਜੀ ਕਾਰਵਾਈ (Military Operation) ਕਰਨ ਲਈ ਮਜਬੂਰ ਹੋਣਾ ਪਿਆ। ਰੂਸ ਇਸ ਨੂੰ ‘ਫ਼ੌਜੀ ਕਾਰਵਾਈ’ ਕਹਿ ਰਿਹਾ ਹੈ, ਜੰਗ ਨਹੀਂ ਪਰ ਹਰ ਕੋਈ ਜਾਣਦਾ ਹੈ ਕਿ ਇਹ ਜੰਗ ਹੈ ਜਿਸ ਵਿਚ ਹਜ਼ਾਰਾਂ ਲੋਕਾਂ ਦੀਆਂ ਜਾਨਾਂ ਜਾਣਗੀਆਂ, ਲੱਖਾਂ ਪਰਿਵਾਰਾਂ ਦੇ ਘਰ ਬਰਬਾਦ ਹੋਣਗੇ ਅਤੇ ਰੂਸ, ਯੂਕਰੇਨ ਅਤੇ ਕਈ ਹੋਰ ਦੇਸ਼ਾਂ ਦੇ ਅਰਥਚਾਰੇ ਚਰਮਰਾ ਜਾਣਗੇ। ਇਹ ਵੀ ਸਪੱਸ਼ਟ ਹੈ ਕਿ ਰੂਸ ਨੂੰ ਸੰਸਾਰ-ਅਰਥਚਾਰੇ ਅਤੇ ਤਾਕਤਾਂ ਦੇ ਸਮਤੋਲ ’ਚੋਂ ਮਨਫ਼ੀ ਨਹੀਂ ਕੀਤਾ ਜਾ ਸਕਦਾ।
ਅਮਰੀਕਾ ਦੀ ਊਰਜਾ ਮੰਤਰੀ ਜੈਨੀਫਰ ਗਰੈਨਹੋਮ ਅਨੁਸਾਰ ਜ਼ੇਪਰਜੀਆ ਪਰਮਾਣੂ ਕੇਂਦਰ ਬਹੁਤ ਮਜ਼ਬੂਤ ਹੈ ਅਤੇ ਇਲਾਕੇ ਵਿਚ ਪਰਮਾਣੂ ਰੇਡੀਏਸ਼ਨ ਵਿਚ ਵਾਧਾ ਨਹੀਂ ਹੋਇਆ। ਯੂਕਰੇਨ ਨੇ ਪਲਾਂਟ ’ਤੇ ਰੂਸ ਦਾ ਕਬਜ਼ਾ ਹੋਣ ਨੂੰ ਸਵੀਕਾਰ ਕਰਦਿਆਂ ਕਿਹਾ ਹੈ ਕਿ ਕਰਮਚਾਰੀ ਪਲਾਂਟ ਵਿਚ ਕੰਮ ਕਰ ਰਹੇ ਹਨ। ਇਸ ਸਭ ਕੁਝ ਦੇ ਬਾਵਜੂਦ ਪਰਮਾਣੂ ਪਲਾਂਟ ’ਤੇ ਹੋਈ ਗੋਲਾਬਾਰੀ ਦਰਸਾਉਂਦੀ ਹੈ ਕਿ ਜੰਗ ਦੇ ਸਿੱਟੇ ਬਹੁਤ ਭਿਆਨਕ ਹੋ ਸਕਦੇ ਹਨ। ਅਮਰੀਕਾ ਅਤੇ ਯੂਰੋਪ ਦੇ ਦੇਸ਼ਾਂ ਦਾ ਇਹ ਅਨੁਮਾਨ ਕਿ ਪਾਬੰਦੀਆਂ ਲਗਾਉਣ ਕਾਰਨ ਰੂਸ ਨੂੰ ਜੰਗਬੰਦੀ ਲਈ ਮਜਬੂਰ ਹੋਣਾ ਪਵੇਗਾ, ਸਹੀ ਨਹੀਂ ਨਿਕਲਿਆ। ਰੂਸ ਤੇ ਯੂਕਰੇਨ ਵਿਚ ਹੋ ਰਹੀ ਗੱਲਬਾਤ ਵਿਚ ਕਈ ਮੁੱਦਿਆਂ ’ਤੇ ਸਹਿਮਤੀ ਬਣੀ ਹੈ ਜਿਨ੍ਹਾਂ ਵਿਚ ਦੂਸਰੇ ਦੇਸ਼ਾਂ ਦੇ ਸ਼ਹਿਰੀਆਂ ਨੂੰ ਯੂਕਰੇਨ ’ਚੋਂ ਸੁਰੱਖਿਅਤ ਤਰੀਕੇ ਨਾਲ ਬਾਹਰ ਕੱਢਣਾ ਸ਼ਾਮਲ ਹੈ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮਰ ਜ਼ੇਲੈਂਸਕੀ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੂੰ ਸਿੱਧੀ ਗੱਲਬਾਤ ਕਰਨ ਲਈ ਵੀ ਕਿਹਾ ਹੈ। ਜ਼ੇਲੈਂਸਕੀ ਨੇ ਇਹ ਵੀ ਮੰਨਿਆ ਹੈ ਕਿ ਅੰਤਰਰਾਸ਼ਟਰੀ ਭਾਈਚਾਰੇ ਨੂੰ ਪੂਤਿਨ ਨਾਲ ਗੱਲਬਾਤ ਕਰਨ ਦੀ ਜ਼ਰੂਰਤ ਹੈ। ਇਸ ਤੋਂ ਬਿਨਾਂ ਜੰਗ ਬੰਦ ਕਰਨ ਦਾ ਹੋਰ ਕੋਈ ਤਰੀਕਾ ਨਹੀਂ। ਚੀਨ ਨੇ ਪਰਮਾਣੂ ਪਲਾਂਟਾਂ ਸਬੰਧੀ ਚਿੰਤਾ ਜ਼ਾਹਿਰ ਕੀਤੀ ਹੈ। ਅੰਤਰਰਾਸ਼ਟਰੀ ਭਾਈਚਾਰੇ ਨੂੰ ਆਰਥਿਕ ਪਾਬੰਦੀਆਂ ਲਗਾਉਣ ਜਾਂ ਹੋਰ ਸਖ਼ਤ ਕਰਨ ਦਾ ਰਸਤਾ ਛੱਡ ਕੇ ਆਪਣਾ ਸਾਰਾ ਪ੍ਰਭਾਵ ਜੰਗਬੰਦੀ ਕਰਵਾਉਣ ਲਈ ਵਰਤਣਾ ਚਾਹੀਦਾ ਹੈ। ਪਰਮਾਣੂ ਪਲਾਂਟਾਂ ’ਤੇ ਹਮਲੇ ਸਾਰੀ ਮਨੁੱਖਤਾ ਲਈ ਖ਼ਤਰਨਾਕ ਹੋ ਸਕਦੇ ਹਨ।