ਵਿਸ਼ਵ ਸਿਹਤ ਸੰਸਥਾ (ਡਬਲਿਊਐੱਚਓ) ਦੀ ਕੈਂਸਰ ਖੋਜ ਸਬੰਧੀ ਕੌਮਾਂਤਰੀ ਏਜੰਸੀ ਅਤੇ ਭੋਜਨ ਪਦਾਰਥਾਂ ’ਚ ਸਵਾਦ ਵਧਾਉਣ ਲਈ ਸ਼ਾਮਿਲ ਕੀਤੇ ਜਾਂਦੇ ਪਦਾਰਥਾਂ (ਐਡਿਟਿਵਜ਼) ਬਾਰੇ ਮਾਹਿਰਾਂ ਦੀ ਕਮੇਟੀ ਨੇ ਐਸਪਾਰਟੇਮ ਜਿਸ ਦੀ ਵਰਤੋਂ ਆਮ ਤੌਰ ’ਤੇ ਡਾਈਟ ਸੋਢੇ, ਕਾਰਬੋਨੇਟਡ ਪੇਅ ਪਦਾਰਥਾਂ, ਚੁਇੰਗ ਗਮ, ਰੈਡੀਮੇਡ ਚਾਹ ਅਤੇ ਘੱਟ ਕੈਲੋਰੀ ਵਾਲੇ ਭੋਜਨ ਪਦਾਰਥਾਂ ਨੂੰ ਮਿੱਠਾ ਬਣਾਉਣ ਲਈ ਕੀਤੀ ਜਾਂਦੀ ਹੈ, ਦੀ ਵਰਤੋਂ ਵਿਰੁੱਧ ਚਿਤਾਵਨੀ ਦਿੱਤੀ ਹੈ। ਇਸ ਨਾਲ ਠੰਢੇ ਬਣਾਉਣ ਵਾਲੀ ਸਨਅਤ ਨੂੰ ਢਾਹ ਲੱਗ ਸਕਦੀ ਹੈ। ਮਾਹਿਰਾਂ ਅਨੁਸਾਰ ਮਿੱਠੇ ਦਾ ਇਹ ਗ਼ੈਰ-ਕੁਦਰਤੀ ਬਦਲ ਮਨੁੱਖੀ ਸਿਹਤ ਲਈ ਨੁਕਸਾਨਦਾਇਕ ਹੈ ਜਿਸ ਨਾਲ ਪਾਚਨ ਸਬੰਧੀ ਸਮੱਸਿਆਵਾਂ ਤੋਂ ਲੈ ਕੇ ਕੈਂਸਰ ਤਕ ਦਾ ਜੋਖ਼ਮ ਵਧ ਜਾਂਦਾ ਹੈ। ਗ਼ੈਰ-ਕੁਦਰਤੀ ਮਿੱਠੇ ਵਾਲੇ ਪੇਅ ਪਦਾਰਥਾਂ ਦੇ ਸਿਹਤ ’ਤੇ ਮਾੜੇ ਅਸਰ ਬਾਰੇ ਦੁਨੀਆ ਭਰ ’ਚ ਦਹਾਕਿਆਂ ਤੋਂ ਖੋਜ ਕੀਤੀ ਜਾਂਦੀ ਰਹੀ ਹੈ ਅਤੇ ਜਦੋਂ ਕਦੇ ਵੀ ਇਸ ਬਾਰੇ ਕੋਈ ਨਵੀਂ ਲੱਭਤ ਸਾਹਮਣੇ ਆਉਂਦੀ ਹੈ ਤਾਂ ਅਰਬਾਂ ਡਾਲਰਾਂ ਦੇ ਵਪਾਰ ਵਾਲੀਆਂ ਇਨ੍ਹਾਂ ਸਨਅਤਾਂ ਅਤੇ ਮਾਹਿਰਾਂ ਦਰਮਿਆਨ ਤਿੱਖੀ ਬਹਿਸ ਛਿੜ ਜਾਂਦੀ ਹੈ ਜਿਸ ਨਾਲ ਲੋਕ ਅਕਸਰ ਭੰਬਲਭੂਸੇ ਵਿਚ ਪੈ ਜਾਂਦੇ ਹਨ।
ਅਮਰੀਕਾ ਦੀ ਫੂਡ ਐਂਡ ਡਰੱਗ ਐਡਮਨਿਸਟਰੇਸ਼ਨ (ਐਫਡੀਏ) ਸਮੇਤ ਜ਼ਿਆਦਾਤਰ ਦੇਸ਼ਾਂ ’ਚ ਖ਼ੁਰਾਕੀ ਪਦਾਰਥਾਂ ਦੀ ਨਿਗਰਾਨੀ ਕਰਨ ਵਾਲੀਆਂ ਸੰਸਥਾਵਾਂ 1981 ਤੋਂ ਲੈ ਕੇ ਹੁਣ ਤਕ ਐਸਪਾਰਟੇਮ ਦੀ ਵਰਤੋਂ ਨੂੰ ਹਰੀ ਝੰਡੀ ਦਿੰਦੀਆਂ ਆ ਰਹੀਆਂ ਹਨ ਅਤੇ ਸਾਫਟ ਡਰਿੰਕ ਬਣਾਉਣ ਵਾਲੀ ਸਨਅਤ ਅਰਬਾਂ ਡਾਲਰ ਦਾ ਕਾਰੋਬਾਰ ਕਰਦੀ ਹੈ। 1981 ਵਿਚ ਅਮਰੀਕੀ ਸਰਕਾਰੀ ਏਜੰਸੀ ਦੁਆਰਾ ਇਸ ਨੂੰ ਹਰੀ ਝੰਡੀ ਦੇਣਾ ਵਾਦ-ਵਿਵਾਦ ਵਾਲਾ ਮਸਲਾ ਹੈ; ਇਸ ਸਬੰਧ ਵਿਚ ਰਾਸ਼ਟਰਪਤੀ ਰੋਨਾਲਡ ਰੀਗਨ ਦੀ ਸਰਕਾਰ ਵਿਚ ਸ਼ਾਮਿਲ ਡੋਨਲਡ ਰਮਸਫੈਲਡ ’ਤੇ ਉਂਗਲੀ ਉਠਾਈ ਜਾਂਦੀ ਰਹੀ ਜੋ ਪਹਿਲਾਂ ਦਵਾਈਆਂ ਬਣਾਉਣ ਵਾਲੀ ਇਕ ਕੰਪਨੀ ਦਾ ਮੁੱਖ ਪ੍ਰਬੰਧਕ ਸੀ। ਵਿਸ਼ਵ ਸਿਹਤ ਸੰਸਥਾ ਦੀ ਇਸ ਗ਼ੈਰ-ਕੁਦਰਤੀ ਮਿੱਠੇ (ਆਰਟੀਫੀਸ਼ੀਅਲ ਸਵੀਟਨਰ) ਦੀ ਵਰਤੋਂ ਖ਼ਿਲਾਫ਼ ਦਿੱਤੀ ਚਿਤਾਵਨੀ ਅੱਖਾਂ ਖੋਲ੍ਹਣ ਵਾਲੀ ਹੋਣੀ ਚਾਹੀਦੀ ਹੈ। ਧਿਆਨਯੋਗ ਹੈ ਕਿ ਪਿਛਲੇ ਮਹੀਨੇ ਵੀ ਵਿਸ਼ਵ ਸਿਹਤ ਸੰਸਥਾ ਨੇ ਹਰ ਤਰ੍ਹਾਂ ਦੇ ਗ਼ੈਰ-ਕੁਦਰਤੀ ਮਿੱਠੇ ਜਿਵੇਂ ਐਸਪਾਰਟੇਮ, ਸਟੀਵੀਆ, ਸਕਰਾਲੋਜ਼ ਆਦਿ ਦੀ ਵਰਤੋਂ ਨਾ ਕਰਨ ਦੀ ਸਲਾਹ ਦਿੱਤੀ ਸੀ। ਸੰਸਥਾ ਅਨੁਸਾਰ ਇਨ੍ਹਾਂ ਨਾਲ ਵਜ਼ਨ ਘਟਾਉਣ ’ਚ ਤਾਂ ਮਦਦ ਨਹੀਂ ਮਿਲਦੀ ਸਗੋਂ ਸ਼ੂਗਰ (ਟਾਈਪ-2), ਦਿਲ ਦੇ ਰੋਗਾਂ ਤੇ ਬਾਲਗਾਂ ’ਚ ਮੌਤ ਹੋਣ ਦਾ ਖ਼ਤਰਾ ਜ਼ਰੂਰ ਵਧ ਜਾਂਦਾ ਹੈ।
ਜ਼ਾਹਿਰ ਹੈ ਕਿ ਭੋਜਨ ਪਦਾਰਥਾਂ ਨਾਲ ਜੁੜੀ ਸਨਅਤ ਅਜਿਹੀ ਕਿਸੇ ਵੀ ਚਿਤਾਵਨੀ ਦਾ ਵਿਰੋਧ ਜ਼ਰੂਰ ਕਰੇਗੀ ਕਿਉਂਕਿ ਹਰ ਦਿਨ ਬਾਜ਼ਾਰ ’ਚ ਨਵੇਂ, ਮਨਮੋਹਣੇ ਅਤੇ ‘ਸਿਹਤਮੰਦ’ ਪਦਾਰਥ ਉਤਾਰੇ ਜਾਂਦੇ ਹਨ। ਆਮ ਆਦਮੀ ਨੂੰ ਅਜਿਹੀ ਭਰਮ ਵਾਲੀ ਸਥਿਤੀ ਤੋਂ ਬਚਣਾ ਅਤੇ ਅਜਿਹੇ ਪਦਾਰਥਾਂ ਦੇ ਸੇਵਨ ਤੋਂ ਦੂਰ ਰਹਿਣਾ ਚਾਹੀਦਾ ਹੈ। ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਕੁਦਰਤੀ, ਰਵਾਇਤੀ ਅਤੇ ਸਿਹਤ ਲਈ ਫ਼ਾਇਦੇਮੰਦ ਭੋਜਨ ਖਾਣ ਦੀ ਆਦਤ ਪਾਉਣ ਤਾਂ ਜੋ ਅਗਲੀ ਪੀੜ੍ਹੀ ਫਾਸਟ ਫੂਡ ਤੋਂ ਬਚੀ ਰਹੇ।