ਦੀਪਕ ਠਾਕੁਰ
ਹਾਜੀਪੁਰ (ਤਲਵਾੜਾ), 19 ਜੂਨ
ਇਥੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਦੇ ਬੈਨਰ ਹੇਠ ਨੌਜਵਾਨਾਂ ਨੇ ਕੇਂਦਰ ਸਰਕਾਰ ਦੀ ਹਥਿਆਰਬੰਦ ਬਲਾਂ ’ਚ ਭਰਤੀ ਸਕੀਮ ‘ਅਗਨੀਪਥ’ ਦੇ ਵਿਰੋਧ ’ਚ ਪ੍ਰਦਰਸ਼ਨ ਕਰਨ ਉਪਰੰਤ ਚੱਕਾ ਜਾਮ ਕੀਤਾ। ਨੌਜਵਾਨ ਸਭਾ ਦੇ ਸੂਬਾ ਜਨਰਲ ਸਕੱਤਰ ਧਰਮਿੰਦਰ ਸਿੰਘ ‘ਸਿੰਬਲੀ’ ਦੀ ਅਗਵਾਈ ਹੇਠ ਸ਼ਹਿਰ ’ਚ ਕੱਢੇ ਰੋਸ ਮਾਰਚ ਵਿੱਚ ਵੱਡੀ ਗਿਣਤੀ ਨੌਜਵਾਨ ਸ਼ਾਮਲ ਹੋਏ। ਇਹ ਰੋਸ ਮਾਰਚ ਬਿਜਲੀ ਘਰ ਹਾਜੀਪੁਰ ਤੋਂ ਸ਼ੁਰੂ ਹੋਇਆ ਅਤੇ ਮੇਨ ਬਜ਼ਾਰ ’ਚੋਂ ਲੰਘਦਾ ਹੋਇਆ ਬੁੱਢਾਬੜ ਚੌਕ ’ਤੇ ਖਤਮ ਹੋਇਆ। ਰੋਸ ਮਾਰਚ ਦੌਰਾਨ ਨੌਜਵਾਨਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਜੋਰਦਾਰ ਨਾਅਰੇਬਾਜ਼ੀ ਕੀਤੀ। ਉਨ੍ਹਾਂ ਅਗਨੀਪਥ ਯੋਜਨਾ ਨੂੰ ਰੱਦ ਕਰਨ, ਫੌਜ ਦੀ ਭਰਤੀ ਦੀ ਪੈਂਡਿੰਗ ਲਿਖਤੀ ਪ੍ਰੀਖਿਆ ਦੀ ਤਰੀਕ ਐਲਾਨਣ ਅਤੇ ਪੱਕੀ ਭਰਤੀ ਕੱਢਣ ਦੀ ਮੰਗ ਕੀਤੀ। ਨੌਜਵਾਨਾਂ ਨੇ ਹਾਜੀਪੁਰ ਤਲਵਾੜਾ ਤੇ ਬੁਢਾਬੜ ਨੂੰ ਜਾਣ ਵਾਲੀ ਆਵਾਜਾਈ ਰੋਕ ਕੇ ਬੁਢਾਬੜ ਚੌਕ ’ਤੇ ਸੰਕੇਤਕ ਜਾਮ ਲਗਾਇਆ। ਸਿੰਬਲੀ ਨੇ ਦੱਸਿਆ ਕਿ ਪੰਜਾਬ ਦੀਆਂ ਨੌਜਵਾਨ ਜੱਥੇਬੰਦੀਆਂ ਵੱਲੋਂ 21 ਤਰੀਕ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ’ਚ ਮੀਟਿੰਗ ਸੱਦੀ ਗਈ ਹੈ। ਬੀਤੇ ਕੱਲ੍ਹ ਜਲੰਧਰ ਵਿਖੇ ਰੋਸ ਧਰਨੇ ਦੇ ਫੈਸਲੇ ਮੁਤਾਬਕ ਜੇਕਰ ਕੇਂਦਰ ਸਰਕਾਰ ਨੇ ਫੌਜ ਦੀ ਪੈਂਡਿੰਗ ਲਿਖਤੀ ਪ੍ਰੀਖਿਆ ਪੰਜ ਦਿਨਾਂ ਅੰਦਰ ਨਾ ਐਲਾਨੀ ਤਾਂ ਸੂਬੇ ਦੇ ਨੌਜਵਾਨ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਦੇ ਘਰ ਦਾ ਘਿਰਾਓ ਕਰਨਗੇ। ਇਸ ਮੌਕੇ ਸੁਰਜੀਤ ਸਿੰਘ, ਮਨਪ੍ਰੀਤ ਸਿੰਘ, ਰਾਹੁਲ, ਰੋਹਿਤ ਤਲਵਾੜਾ, ਰਤਨ ਕੁਮਾਰ ਬਟਵਾੜਾ, ਹਰਦੀਪ ਗੇਰਾ ਨੇ ਵੀ ਸੰਬੋਧਨ ਕੀਤਾ। ਸ਼ਹਿਰ ’ਚ ਰੋਸ ਮਾਰਚ ਦੇ ਮੱਦੇਨਜ਼ਰ ਪੁਲੀਸ ਪ੍ਰਸ਼ਾਸਨ ਵੱਲੋਂ ਸਖ਼ਤ ਬੰਦੋਬਸਤ ਕੀਤੇ ਗਏ ਸਨ।
ਅਗਨੀਪਥ ਵਰਗੀਆਂ ਸਕੀਮਾਂ ਦੇਸ਼ ਨੂੰ ਤਬਾਹੀ ਕੰਢੇ ਪਹੁੰਚਾਉਣਗੀਆਂ: ਤਰਕਸ਼ੀਲ ਆਗੂ
ਜਲੰਧਰ (ਨਿੱਜੀ ਪੱਤਰ ਪ੍ਰੇਰਕ): ਤਰਕਸ਼ੀਲ ਸੁਸਾਇਟੀ ਪੰਜਾਬ ਦੇ ਜ਼ੋਨ ਜਲੰਧਰ ਦੇ ਮੁਖੀ ਸੁਰਜੀਤ ਟਿੱਬਾ ਨੇ ਕਿਹਾ ਕਿ ਦੇਸ਼ ਵਿਚ ਮੋਦੀ ਸਰਕਾਰ ਵੱਲੋਂ ਤਿੰਨੇ ਸੈਨਾਵਾਂ ਵਿੱਚ ਭਰਤੀ ਦੀ ਸ਼ੁਰੂ ਕੀਤੀ ਨਵੀਂ ਪ੍ਰਕਿਰਿਆ ‘ਅਗਨੀਪਥ’ ਯੋਜਨਾ ਦਾ ਪੂਰੇ ਦੇਸ਼ ਵਿਚ ਹੋ ਰਿਹਾ ਤਿੱਖਾ ਵਿਰੋਧ ਦੱਸ ਰਿਹਾ ਹੈ ਕਿ ਮੋਦੀ ਦੀ ਫਾਸ਼ੀਵਾਦੀ ਸਰਕਾਰ ਕਿਸ ਤਰ੍ਹਾਂ ਭਾਰਤ ਦੇ ਬੇਰੁਜ਼ਗਾਰਾਂ ਦਾ ਮਜ਼ਾਕ ਉਡਾ ਰਹੀ ਹੈ। ਤਰਕਸ਼ੀਲ ਸੁਸਾਇਟੀ ਦੇ ਆਗੂ ਬਿਆਨ ਵਿੱਚ ਕਿਹਾ ਕਿ 45 ਸਾਲ ਦੇ ਰਿਕਾਰਡ ਪੱਧਰ `ਤੇ ਪਹੁੰਚੀ ਬੇਰੁਜ਼ਗਾਰੀ ਦੀ ਦਰ ’ਤੇ ਅਗਨੀਪੱਥ ਸਕੀਮ ਨੇ ਅੱਗ ’ਤੇ ਤੇਲ ਪਾਉਣ ਦਾ ਕੰਮ ਕੀਤਾ ਹੈ ਜਿਸ ਕਾਰਨ ਪੂਰੇ ਦੇਸ਼ ਦੇ ਨੌਜਵਾਨ ਸੜਕਾਂ ਤੇ ਆ ਗਏ ਹਨ। ਉਨ੍ਹਾਂ ਕਿਹਾ ਕਿ ਅਗਨੀਪਥ ਵਰਗੀਆਂ ਸਕੀਮਾਂ ਦੇਸ਼ ਨੂੰ ਤਬਾਹੀ ਕੰਢੇ ਲੈ ਕੇ ਜਾਣਗੀਆਂ। ਮੋਦੀ ਸਰਕਾਰ ਪਹਿਲਾਂ ਨੋਟਬੰਦੀ ਅਤੇ ਫਿਰ ਕਾਹਲੀ ਨਾਲ ਲਾਗੂ ਕੀਤੇ ਜੀਐਸਟੀ, ਧਾਰਾ 370 ਨੂੰ ਹਟਾਉਣਾ, ਸੀਏਏ ਲਾਗੂ ਕਰਨ, ਯੱਕਦਮ ਲੌਕ ਡਾਉਨ ਲਾਉਣਾ, ਕਿਰਤ ਕਾਨੂੰਨਾਂ ਚ ਸੋਧ ਕਰਨ ਕਿਸਾਨ ਵਿਰੋਧੀ ਤਿੰਨ ਕਾਲੇ ਕਾਨੂੰਨ ਲਿਆਉਣ ਤੇ ਹੁਣ ਅਗਨੀਪਥ ਲਿਆ ਕੇ ਦੇਸ਼ ਦੇ ਲੋਕਾਂ ਨੂੰ ਬਰਬਾਦ ਕਰਨ ਦੇ ਰਾਹ ਤੁਰੀ ਹੋਈ ਹੈ। ਜਦੋਂ ਲੋਕਤੰਤਰ ਵਿੱਚ ਲੋਕ ਰਾਏ ਵੀ ਲੈ ਲੈਣੀ ਜ਼ਰੂਰੀ ਹੁੰਦੀ ਹੈ।
ਅਗਨੀਪਥ ਸਕੀਮ ਖ਼ਿਲਾਫ਼ ਡਟੀਆਂ ਜਨਤਕ ਜਥੇਬੰਦੀਆਂ
ਭਿੱਖੀਵਿੰਡ (ਨਰਿੰਦਰ ਸਿੰਘ): ਜਨਤਕ ਜਥੇਬੰਦੀਆਂ ਨੇ ਕੇਂਦਰ ਦੀ ਅਗਨੀਪਥ ਸਕੀਮ ਦੇ ਵਿਰੋਧ ਵਿੱਚ ਭਿੱਖੀਵਿੰਡ ਦੇ ਮੇਨ ਚੌਕ ਵਿੱਚ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਅਤੇ ਨਾਅਰੇਬਾਜ਼ੀ ਕੀਤੀ। ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਸਕੱਤਰ ਚਮਨ ਲਾਲ ਦਰਾਜਕੇ, ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਦਿਆਲਪੁਰਾ ਨੇ ਭਾਰਤ ਸਰਕਾਰ ਦੇ ਫੌਜ ਵਿੱਚ ਅਗਨੀਪਥ ਸਕੀਮ ਰਾਹੀਂ ਠੇਕਾ ਆਧਾਰ ’ਤੇ ਭਰਤੀ ਕਰਨ ਦੇ ਫੈਸਲੇ ਦੀ ਨਿਖੇਧੀ ਕੀਤੀ। ਉਨ੍ਹਾਂ ਕਿਸਾਨਾਂ-ਮਜ਼ਦੂਰਾਂ ਨੂੰ ਸੰਬੋਧਨ ਕਰਦਿਆਂ ਕਰਦਿਆਂ ਕਿਹਾ ਕਿ ਇਸ ਸਕੀਮ ਦੇ ਹੱਕ ਵਿੱਚ ਮੋਦੀ ਐਂਡ ਕੰਪਨੀ ਵੱਲੋਂ ਫੌਜ ਵਿੱਚ ਭਰਤੀ ਦੇ ਨਾਂ ਉੱਤੇ ਕਿਸਾਨਾਂ ਤੇ ਮਜ਼ਦੂਰਾਂ ਦੇ ਪੁੱਤਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਆਗੂਆਂ ਨੇ ਮੋਦੀ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਫੌਜ ਦੀ ਨਵੀਂ ਨੀਤੀ ਨੂੰ ਰੱਦ ਕੀਤਾ ਜਾਵੇ। ਇਸ ਮੌਕੇ ਹਰਜਿੰਦਰ ਸਿੰਘ ਚੂੰਘ, ਸੁਰਿੰਦਰ ਸਿੰਘ ਚੱਕ, ਲਵਿੰਦਰ ਸਿੰਘ ਚੀਮਾ, ਗੁਰਬੀਰ ਭੱਟੀ, ਕਿਸਾਨ ਆਗੂ ਕੇਵਲ ਸਿੰਘ ਕਾਬੋਕੇ, ਜਰਨੈਲ ਸਿੰਘ ਦਿਆਲਪੁਰਾ, ਰਸਾਲ ਸਿੰਘ ਆਸਲ ਆਦਿ ਹਾਜ਼ਰ ਹੋਏ।
ਨੌਜਵਾਨਾਂ ਵੱਲੋਂ ਐੱਸਡੀਐੱਮ ਨੂੰ ਮੰਗ ਪੱਤਰ
ਬਲਾਚੌਰ (ਗੁਰਦੇਵ ਸਿੰਘ ਗਹੂੰਣ): ਕੇਂਦਰ ਦੀ ਮੋਦੀ ਸਰਕਾਰ ਵਲੋਂ ਸਦੀਆਂ ਪੁਰਾਣੀ ਰੱਖਿਆ ਭਰਤੀ ਪ੍ਰਕਿਰਿਆ ’ਚ ਅਗਨੀਪਥ ਸਕੀਮ ਤਹਿਤ ਕੀਤੀਆਂ ਬੁਨਿਆਦੀ ਤਬਦੀਲੀਆਂ ਦੇ ਵਿਰੋਧ ਵਿੱਚ ਇਥੋਂ ਦੇ ਨੌਜਵਾਨਾਂ ਨੇ ਰੋਸ ਜਤਾਇਆ। ਫੌਜ ਵਿੱਚ ਭਰਤੀ ਹੋਣ ਦੇ ਚਾਹਵਾਨ ਬਲਾਚੌਰ ਸਬ ਡਵੀਜ਼ਨ ਦੇ ਨੌਜਵਾਨਾਂ ਵਲੋਂ ਉੱਪ ਮੰਡਲ ਮੈਜਿਸਟਰੇਟ ਬਲਾਚੌਰ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਮੰਗ ਪੱਤਰ ਭੇਜ ਕੇ ਮੰਗ ਕੀਤੀ ਗਈ ਕਿ ਕੇਂਦਰ ਸਰਕਾਰ ਨਾਲ ਰਾਬਤਾ ਕਾਇਮ ਕਰਕੇ ਇਸ ਨੌਜਵਾਨ ਅਤੇ ਲੋਕ ਵਿਰੋਧੀ ਯੋਜਨਾ ਨੂੰ ਤੁਰੰਤ ਵਾਪਸ ਲਿਆ ਜਾਵੇ ਅਤੇ ਪੁਰਾਣੇ ਨਿਯਮਾਂ ਤਹਿਤ ਭਰਤੀ ਪ੍ਰਕਿਰਿਆ ਤੁਰੰਤ ਆਰੰਭੀ ਜਾਵੇ। ਮੰਗ ਪੱਤਰ ਵਿੱਚ ਕਿਹਾ ਗਿਆ ਕਿ 15 ਜਨਵਰੀ 2021 ਨੂੰ ਹੋਈ ਭਰਤੀ ਰੈਲੀ ਵਿੱਚ ਜਿਨ੍ਹਾਂ ਨੌਜਵਾਨਾਂ ਨੇ ਸਰੀਰਕ ਅਤੇ ਮੈਡੀਕਲ ਟੈੱਸਟ ਪਾਸ ਕਰ ਲਏ ਸਨ, ਪੰਜ ਵਾਰ ਬੁਲਾਉਣ ਦੇ ਬਾਵਜੂਦ ਵੀ ਅਜੇ ਤੱਕ ਲਿਖਤੀ ਪ੍ਰੀਖਿਆ ਨਹੀਂ ਲਈ ਗਈ, ਜਿਸ ਕਾਰਨ ਉਹ ਪਿਛਲੇ 2 ਸਾਲਾਂ ਤੋਂ ਦਰ-ਦਰ ਦੇ ਧੱਕੇ ਖਾਣ ਲਈ ਮਜਬੂਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਅਗਨੀਪਥ ਨਾਂਅ ਦਾ ਨਵਾਂ ਸ਼ਗੂਫਾ ਛੱਡ ਦਿੱਤਾ ਗਿਆ ਹੈ।