ਪੱਤਰ ਪ੍ਰੇਰਕ
ਸ਼ਾਹਕੋਟ, 17 ਅਕਤੂਬਰ
ਇਥੇ ਭਾਰਤੀ ਕਿਸਾਨ ਯੂਨੀਅਨ (ਕਾਦੀਆ)ਦੇ ਝੰਡੇ ਹੇਠ ਪਿੰਡ ਪੰਧੇਰ ਵਿਚ ਕਿਸਾਨਾਂ ਦੀ ਮੀਟਿੰਗ ਕੀਤੀ ਗਈ। ਯੂਨੀਅਨ ਦੇ ਬਲਾਕ ਪ੍ਰਧਾਨ ਕੁਲਜੀਤ ਸਿੰਘ ਹੁੰਦਲ ਅਤੇ ਵਿੱਤ ਸਕੱਤਰ ਮੇਜਰ ਸਿੰਘ ਬਾਜਵਾ ਨੇ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ਨੂੰ ਅਕਾ ਅਤੇ ਥਕਾ ਕੇ ਅੰਦੋਲਨ ਨੂੰ ਫੇਲ੍ਹ ਕਰਨ ਦਾ ਭਰਮ ਪਾਲ ਰਹੀ ਹੈ। ਪਰ ਆਪਣੀਆਂ ਨਸ਼ਲਾਂ ਤੇ ਪਸਲਾਂ ਨੂੰ ਬਚਾਉਣ ਦੀ ਲੜਾਈ ਲੜ ਰਹੇ ਕਿਸਾਨ ਖੇਤੀ ਕਾਨੂੰਨਾਂ ਦੇ ਰੱਦ ਹੋਣ ਨਾਲ ਹੀ ਸੰਘਰਸ਼ ਖਤਮ ਕਰਨਗੇ। ਸਰਕਲ ਪ੍ਰਧਾਨ ਅੰਮ੍ਰਿਤਪਾਲ ਸਿੰਘ ਧਨੋਆ ਅਤੇ ਸਕੱਤਰ ਗੁਰਦੇਵ ਸਿੰਘ ਨੇ ਕਿਹਾ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਨੂੰ ਮੰਤਰੀ ਮੰਡਲ ਵਿਚੋਂ ਬਾਹਰ ਕਰਵਾਉਣ, ਲਖੀਮਪੁਰ ਖੀਰੀ ਦੀ ਘਟਨਾਂ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿਵਾਉਣ, ਕਾਲੇ ਖੇਤੀ ਕਾਨੂੰਨ ਰੱਦ ਕਰਵਾਉਣ ਅਤੇ ਫ਼ਸਲਾਂ ਦੀ ਸਰਕਾਰੀ ਕੀਮਤ ਤੇ ਖਰੀਦਣ ਲਈ ਐੱਮ.ਐੱਸ.ਪੀ ਕਾਨੂੰ ਬਣਵਾਉਣ ਲਈ 18 ਅਕਤੂਬਰ ਨੂੰ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ ਉਹ ਇਲਾਕੇ ਵਿਚ ਰੇਲਾਂ ਰੋਕਣਗੇ। ਯੂਨੀਅਨ ਦੇ ਯੂਥ ਵਿੰਗ ਦੇ ਆਗੂ ਮੇਜਰ ਸਿੰਘ ਬੱਲ,ਜਸਵਿੰਦਰ ਕੁਮਾਰ,ਸੁਖਦੇਵ ਸਿੰਘ ਅਤੇ ਸਰਜੀਤ ਸਿੰਘ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ। ਇਸ ਮੌਕੇ ਯੂਥ ਵਿੰਗ ਪਿੰਡ ਇਕਾਈ ਦੀ ਕੀਤੀ ਗਈ ਚੋਣ ’ਚ ਹਰਪ੍ਰੀਤ ਸਿੰਘ ਨੂੰ ਪਰਧਾਨ,ਦਵਿੰਦਰ ਸਿੰਘ ਨੂੰ ਸਕੱਤਰ ਅਤੇ ਅੰਮ੍ਰਿਤਪਾਲ ਸਿੰਘ ਨੂੰ ਖਜ਼ਾਨਚੀ ਚੁਣਿਆ ਗਿਆ।