ਜੇ.ਬੀ. ਸੇਖੋਂ
ਗੜ੍ਹਸ਼ੰਕਰ, 5 ਦਸੰਬਰ
ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੀ 75ਵੀਂ ਵਰ੍ਹੇਗੰਢ ਨੂੰ ਸਮਰਪਿਤ ਪੰਜਾਬ ਯੂਨੀਵਰਸਿਟੀ ਦਾ ਜ਼ੋਨਲ ਯੁਵਕ ਅਤੇ ਵਿਰਾਸਤੀ ਮੇਲਾ ਅੱਜ ਸਮਾਪਤ ਹੋ ਗਿਆ। ਇਸ ਚਾਰ ਰੋਜ਼ਾ ਯੂਥ ਫੈਸਟੀਵਲ ਵਿੱਚ ਆਨ ਸਟੇਜ ਅਤੇ ਆਫ ਸਟੇਜ ਵੰਨਗੀਆਂ ਵਿੱਚ ਬਿਰਤਰੀਨ ਕਾਰਗੁਜ਼ਾਰੀ ਦੇ ਆਧਾਰ ’ਤੇ ਮੇਜ਼ਬਾਨ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਨੇ ਓਵਰਆਲ ਟਰਾਫ਼ੀ ਜਿੱਤੀ। ਸਮਾਰੋਹ ਦੇ ਪਹਿਲੇ ਸੈਸ਼ਨ ਦੌਰਾਨ ਲੋਕ ਸਭਾ ਮੈਂਬਰ ਮੁਨੀਸ਼ ਤਿਵਾੜੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਕਾਲਜ ਦੀ ਪ੍ਰਬੰਧਕੀ ਕਮੇਟੀ ਨੂੰ ਅਜਿਹੇ ਸਮਾਰੋਹ ਲਈ ਵਧਾਈ ਦਿੰਦਿਆਂ ਉਨ੍ਹਾਂ ਕਾਲਜ ਦੇ ਵਿਕਾਸ ਲਈ ਪੰਜ ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ।
ਦੂਜੇ ਸੈਸ਼ਨ ਦੀ ਪ੍ਰਧਾਨਗੀ ਹਲਕਾ ਚੱਬੇਵਾਲ ਤੋਂ ਵਿਧਾਇਕ ਡਾ. ਰਾਜ ਕੁਮਾਰ ਨੇ ਕੀਤੀ। ਉਨ੍ਹਾਂ ਆਪਣੇ ਅਖਤਿਆਰੀ ਕੋਟੇ ਵਿੱਚ ਕਾਲਜ ਨੂੰ ਇਕ ਲੱਖ ਰੁਪਏ ਦੀ ਸਹਾਇਤਾ ਦਾ ਐਲਾਨ ਕੀਤਾ ਅਤੇ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ। ਇਸ ਸੈਸ਼ਨ ਦੌਰਾਨ ਭੰਗੜੇ ਦੇ ਮੁਕਾਬਲੇ ਵਿੱਚ ਖ਼ਾਲਸਾ ਕਾਲਜ ਮਾਹਿਲਪੁਰ ਨੇ ਪਹਿਲਾ, ਡੀਏਵੀ ਕਾਲਜ ਹੁਸ਼ਿਆਰਪੁਰ ਨੇ ਦੂਜਾ ਅਤੇ ਖਾਲਸਾ ਕਾਲਜ ਗੜ੍ਹਸ਼ੰਕਰ ਨੇ ਤੀਜਾ ਸਥਾਨ ਹਾਸਲ ਕੀਤਾ। ਕਲਾਸੀਕਲ ਨਾਚ ਵਿੱਚ ਰਿਆਤ ਕਾਲਜ ਆਫ ਲਾਅ ਰੈਲਮਾਜਰਾ ਅੱਵਲ ਰਿਹਾ, ਗਰੁੱਪ ਡਾਂਸ ਵਿੱਚ ਖਾਲਸਾ ਕਾਲਜ ਮਾਹਿਲਪੁਰ ਜੇਤੂ ਰਿਹਾ। ਕਵੀਸ਼ਰੀ ਵਿੱਚ ਖਾਲਸਾ ਕਾਲਜ ਗੜ੍ਹਸ਼ੰਕਰ, ਲੋਕ ਨਾਚ ਮੁਕਾਬਲੇ ਵਿੱਚ ਖਾਲਸਾ ਕਾਲਜ ਮਾਹਿਲਪੁਰ, ਕਲੀ ਗਾਇਨ ਵਿੱਚ ਖਾਲਸਾ ਕਾਲਜ ਗੜ੍ਹਸ਼ੰਕਰ ਅੱਵਲ ਰਹੇ।
ਇਸ ਮੌਕੇ ਕਾਲਜ ਦੇ ਪੁਰਾਣੇ ਵਿਦਿਆਰਥੀਆਂ ਅਰਜੁਨ ਐਵਾਰਡੀ ਫੁੱਟਬਾਲਰ ਗੁਰਦੇਵ ਸਿੰਘ ਗਿੱਲ ਅਤੇ ਆਲ ਇੰਡਿਆ ਰੇਡੀਓ ਤੋਂ ਪ੍ਰੋਗਰਾਮ ਨਿਰਦੇਸ਼ਕ ਸੁਰਿੰਦਰਪਾਲ ਝੱਲ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਆ ਗਿਆ। ਕੌਂਸਲ ਦੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਪ੍ਰਬੰਧਕੀ ਕਮੇਟੀ ਅਤੇ ਸਟਾਫ ਦਾ ਧੰਨਵਾਦ ਕੀਤਾ।
ਇਸ ਮੌਕੇ ਕੌਂਸਲ ਦੇ ਪ੍ਰਧਾਨ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਅਤੇ ਗੁਰਿੰਦਰ ਸਿੰਘ ਬੈਂਸ, ਇੰਦਰਜੀਤ ਸਿੰਘ ਭਾਰਟਾ, ਗੁਰਮੇਲ ਸਿੰਘ ਗਿੱਲ, ਡਾ. ਜਗੀਰ ਸਿੰਘ, ਸਤਵੀਰ ਸਿੰਘ ਬੈਂਸ, ਵੀਰਇੰਦਰ ਸ਼ਰਮਾ ਆਦਿ ਸਣੇ ਸਮੂਹ ਸਟਾਫ ਹਾਜ਼ਰ ਸੀ।