ਭਗਵਾਨ ਦਾਸ ਸੰਦਲ
ਦਸੂਹਾ, 9 ਦਸੰਬਰ
ਇੱਥੇ ਜੀਟੀਬੀ ਖਾਲਸਾ ਕਾਲਜ (ਬੀ.ਐੱਡ) ਆਫ਼ ਐਜੂਕੇਸ਼ਨ ਵਿੱਚ ਪ੍ਰਿੰ. ਡਾ. ਵਰਿੰਦਰ ਕੌਰ ਦੀ ਅਗਵਾਈ ਹੇਠ ਚਾਰ ਰੋਜ਼ਾ ਜ਼ੋਨਲ ਯੁਵਕ ਤੇ ਵਿਰਾਸਤੀ ਮੇਲਾ (ਪ੍ਰੋਫੈਸ਼ਨਲ ਜ਼ੋਨ-ਏ) ਸਮਾਪਤ ਹੋ ਗਿਆ। ਆਖ਼ਰੀ ਦਿਨ ਦੇ ਸਮਾਗਮ ਦਾ ਉਦਘਾਟਨ ਕੈਬਨਿਟ ਮੰਤਰੀ ਸੰਗਤ ਸਿੰਘ ਗਿਲਜ਼ੀਆਂ ਤੇ ਹਲਕਾ ਵਿਧਾਇਕ ਅਰੁਣ ਮਿੱਕੀ ਡੋਗਰਾ ਵੱਲੋਂ ਕੀਤਾ ਗਿਆ। ਸ੍ਰੀ ਗਿਲਜ਼ੀਆਂ ਨੇ ਡਾਇਰੈਕਟਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨਿਰਮਲ ਜੌੜਾ ਤੇ ਪ੍ਰਿੰ. ਵਰਿੰਦਰ ਕੌਰ ਨੂੰ ਵਧਾਈ ਦਿੰਦਿਆਂ ਕਾਲਜ ਦੇ ਵਿਕਾਸ ਲਈ 5 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ। ਅੱਜ ਕਲਾਸੀਕਲ ਡਾਂਸ, ਸਮੂਹ ਨਾਚ, ਵਿਰਾਸਤੀ ਗੀਤ, ਗਿੱਧਾ, ਲੋਕ ਨਾਚ, ਲੁੱਡੀ, ਸੰਮ੍ਹੀ ਆਦਿ ਦੇ ਮੁਕਾਬਲਿਆਂ ਨੇ ਰੰਗ ਬੰਨ੍ਹਿਆ ਜਦਕਿ ਮਲਵਈ ਗਿੱੱਧੇ ਤੇ ਭੰਗੜੇ ਦੀ ਪੇਸ਼ਕਾਰੀ ਨੇ ਵਿਦਿਆਰਥੀਆਂ ਨੂੰ ਨੱਚਣ ‘ਲਈ ਮਜਬੂਰ ਕਰ ਦਿੱਤਾ। ਮੇਲੇ ਵਿੱਚ ਓਵਰਆਲ ਟਰਾਫੀ ’ਤੇ ਡੀਏਵੀ ਕਾਲਜ ਆਫ਼ ਐਜੂਕੇਸ਼ਨ ਹੁਸ਼ਿਆਰਪੁਰ ਕਾਬਜ਼ ਰਿਹਾ ਜਦਕਿ ਓਵਰਆਲ ਦੂਸਰੇ ਸਥਾਨ ’ਤੇ ਬੀ.ਸੀ.ਐੱਮ. ਕਾਲਜ ਆਫ ਐਜੂਕੇਸ਼ਨ ਲੁਧਿਆਣਾ ਤੇ ਤੀਸਰੇ ਸਥਾਨ ’ਤੇ ਜੀਟੀਬੀ ਖਾਲਸਾ ਕਾਲਜ (ਬੀ.ਐੱਡ) ਆਫ਼ ਐਜੂਕੇਸ਼ਨ ਦਸੂਹਾ ਰਿਹਾ। ਇਸ ਮੌਕੇ ਡਾ. ਜਗਪਾਲ ਸਿੰਘ ਸਾਬਕਾ ਪੋ੍. ਵਾਈਸ ਚਾਂਸਲਰ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ, ਸਾਬਕਾ ਡੀਨ ਕਾਲਜ ਵਿਕਾਸ ਕੌਂਸਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸੰਜੇ ਕੌਸ਼ਿਕ, ਯੂ.ਐਸ.ਐਲ.ਓ. ਵਿਭਾਗ ਤੋਂ ਡਾ. ਰਾਮ ਮਿਹਰ, ਸੈਨੇਟਰ ਡਾ. ਇੰਦਰਪਾਲ ਸਿੰਘ ਸਿੱਧੂ, ਸੈਨੇਟਰ ਦਿਆਲ ਪ੍ਰਤਾਪ ਰੰਧਾਵਾ ਤੇ ਸੈਨੇਟਰ ਸੰਦੀਪ ਸਿੰਘ ਸੀਕਰੀ ਮੌਜੂਦ ਸਨ।