ਨਿੱਜੀ ਪੱਤਰ ਪ੍ਰੇਰਕ
ਜਲੰਧਰ, 11 ਜੁਲਾਈ
ਜ਼ਿਲ੍ਹਾ ਯੂਥ ਕਾਂਗਰਸ ਜਲੰਧਰ ਸ਼ਹਿਰੀ ਵੱਲੋਂ ਪੈਟਰੋਲ ਤੇ ਡੀਜ਼ਲ ਕੀਮਤਾਂ ਵਿੱਚ ਵਾਧੇ ਵਿਰੁੱਧ ਅੱਜ ਇੱਥੇ ਕੀਤੇ ਗਏ ਰੋਸ ਪ੍ਰਦਰਸ਼ਨ ਦੌਰਾਨ ਜਿੱਥੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਦਾ ਪੁਤਲਾ ਫ਼ੂਕਿਆ ਗਿਆ। ਉੱਥੇ ਹੀ ਇਕ ਨਵਾਂ ਨਜ਼ਾਰਾ ਵੀ ਵੇਖ਼ਣ ਨੂੰ ਮਿਲਿਆ ਜਦੋਂ ਪ੍ਰਦਰਸ਼ਨ ਵਿੱਚ ਸ਼ਾਮਲ ਨੌਜਵਾਨਾਂ ਦੇ ਹੱਥਾਂ ਵਿੱਚ ਬੰਦੂਕਾਂ ਫੜੀਆਂ ਹੋਈਆਂ ਸਨ। ਇਸ ਰੋਸ ਪ੍ਰਦਰਸ਼ਨ ਦੀ ਅਗਵਾਈ ਜਲੰਧਰ ਕੇਂਦਰੀ ਹਲਕੇ ਤੋਂ ਕਾਂਗਰਸ ਦੇ ਵਿਧਾਇਕ ਰਜਿੰਦਰ ਬੇਰੀ, ਪੰਜਾਬ ਯੂਥ ਕਾਂਗਰਸ ਮਾਮਲਿਆਂ ਦੇ ਇੰਚਾਰਜ ਬੰਟੀ ਸ਼ੈਲਕੇ ਅਤੇ ਜ਼ਿਲ੍ਹਾ ਯੂਥ ਕਾਂਗਰਸ ਜਲੰਧਰ ਸ਼ਹਿਰੀ ਦੇ ਪ੍ਰਧਾਨ ਅੰਗਦ ਦੱਤਾ ਵੱਲੋਂ ਕੀਤੀ ਗਈ ਸੀ। ਯੂਥ ਕਾਂਗਰਸ ਵੱਲੋਂ ਇਹ ਰੋਸ ਮਾਰਚ ਵਿੱਚ ਨੌਜਵਾਨ ਕਾਂਗਰਸ ਭਵਨ ਤੋਂ ਚੱਲ ਕੇ ਬੀ.ਐਮ.ਸੀ ਚੌਕ ਤੱਕ ਆਏ ਜਿੱਥੇ ਉਨ੍ਹਾਂ ਨੇ ਮੋਦੀ ਦਾ ਪੁਤਲਾ ਫ਼ੂਕਿਆ। ਹੈਰਾਨੀ ਇਸ ਗੱਲ ਦੀ ਸੀ ਜ਼ਿੰਮੇਵਾਰ ਆਗੂਆਂ ਨੇ ਹੱਥਾਂ ਵਿੱਚ ਹਥਿਆਰ ਚੁੱਕੇ ਹੋਏ ਸਨ। ਪਹਿਲਾਂ ਤਾਂ ਇਹ ਭੁਲੇਖਾ ਵੀ ਪੈਦਾ ਰਿਹਾ ਕਿ ਸ਼ਾਇਦ ਕਿਸੇ ਛੋਟੇ-ਵੱਡੇ ਕਾਂਗਰਸੀ ਆਗੂ ਦੇ ਨਾਲ ਗੰਨਮੈਨ ਹੋਣਗੇ ਫਿਰ ਪਤਾ ਲੱਗਾ ਕਿ ਇਹ ਕਿਸੇ ਵੀ ਆਗੂ ਦੇ ਗੰਨਮੈਨ ਨਾ ਹੋ ਕੇ ਸਗੋਂ ਜਿਹੜੇ ਨੌਜਵਾਨਾਂ ਨੂੰ ਰਿਊੜੀਆਂ ਵਾਂਗ ਲਾਇਸੈਂਸ ਵੰਡੇ ਹੋਏ ਹਨ, ਉਸ ਦਾ ਹੀ ਇਹ ਨਤੀਜਾ ਸੀ ਕਿ ਮੋਦੀ ਦਾ ਪੁਤਲਾ ਫੂਕਣ ਆਏ ਕਾਂਗਰਸੀਆਂ ਦੇ ਹੱਥਾਂ ਵਿੱਚ ਸ਼ਰ੍ਹੇਆਮ ਬੰਦੂਕਾਂ ਫੜੀਆਂ ਹੋਈਆਂ ਸਨ। ਪ੍ਰਧਾਨ ਮੰਤਰੀ ਦਾ ਪੁਤਲਾ ਫੂਕਣ ਆਏ ਕਾਂਗਰਸੀਆਂ ਨੇ ਜੰਮ ਕੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ।