ਗੁਰਮੀਤ ਖੋਸਲਾਪਾਲ ਸਿੰਘ ਨੌਲੀ
ਸ਼ਾਹਕੋਟਜਲੰਧਰ, 29 ਅਪਰੈਲ
ਸ਼ਾਹਕੋਟ ਦੇ ਥਾਣੇ ਨੇੜੇ ਮਹਿੰਦਰਾ ਪਿੱਕਅੱਪ ਤੇ ਮੋਟਰਸਾਈਕਲ ਦੀ ਟੱਕਰ ਕਾਰਨ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਮੁਤਾਬਕ ਬਲਵਿੰਦਰ ਸਿੰਘ (28) ਪੁੱਤਰ ਜਗੀਰ ਸਿੰਘ ਵਾਸੀ ਚੱਕ ਸਿੰਘਪੁਰ ਥਾਣਾ ਧਰਮਕੋਟ, ਮੋਟਰਸਾਈਕਲ ’ਤੇ ਆਪਣੇ ਪਿੰਡ ਜਾ ਰਿਹਾ ਸੀ। ਜਦੋਂ ਉਹ ਮਾਡਲ ਥਾਣਾ ਸ਼ਾਹਕੋਟ ਕੋਲ ਪਹੁੰਚਿਆ ਤਾਂ ਉਸ ਦੀ ਟੱਕਰ ਸਾਹਮਣੇ ਤੋਂ ਆ ਰਹੀ ਮਹਿੰਦਰਾ ਗੱਡੀ ਨਾਲ ਹੋ ਗਈ ਤੇ ਬਲਵਿੰਦਰ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਮਹਿੰਦਰਾ ਗੱਡੀ ਦਾ ਡਰਾਈਵਰ ਵੀਰਪਾਲ ਸਿੰਘ ਉਰਫ ਵੀਰੂ ਵਾਸੀ ਸ਼ੇਰੇਵਾਲਾ ਥਾਣਾ ਧਰਮਕੋਟ ਆਪਣੀ ਗੱਡੀ ਵਿਚ ਹੀ ਜਲੰਧਰ ਦੇ ਪ੍ਰਾਈਵੇਟ ਹਸਪਤਾਲ ਲੈ ਗਿਆ ਤੇ ਡਾਕਟਰਾਂ ਨੇ ਬਲਵਿੰਦਰ ਨੂੰ ਮ੍ਰਿਤਕ ਐਲਾਨ ਦਿੱਤਾ। ਇਸੇ ਦੌਰਾਨ ਜਲੰਧਰ ਵਿੱਚ ਹਸਪਤਾਲ ਦੇ ਪ੍ਰਬੰਧਕਾਂ ਨੇ ਲਾਸ਼ ਦੇਣ ਲਈ ਡੇਢ ਲੱਖ ਰੁਪਏ ਮੰਗੇ ਜਿਸ ਕਾਰਨ ਪੀੜਤ ਪਰਿਵਾਰ ਨੇ ਹੰਗਾਮਾ ਕਰ ਦਿੱਤਾ। ਐੱਸ.ਐੱਚ.ਓ ਸ਼ਾਹਕੋਟ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਹਾਦਸੇ ਦੀ ਜਾਂਚ ਏ.ਐੱਸ.ਆਈ ਬੂਟਾ ਰਾਮ ਨੂੰ ਸੌਂਪੀ ਗਈ ਹੈ। ਪੁਲੀਸ ਨੇ ਲਾਸ਼ ਨੂੰ ਸਿਵਲ ਹਸਪਤਾਲ ਨਕੋਦਰ ਵਿੱਚ ਪੋਸਟਮਾਰਟਮ ਲਈ ਰਖਵਾ ਦਿੱਤੀ ਹੈ ਤੇ ਦੋਵੇ ਧਿਰਾਂ ਦੀ ਸਮਝੌਤੇ ਦੀ ਗੱਲ ਚੱਲ ਰਹੀ ਹੈ। ਇਸੇ ਦੌਰਾਨ ਜਲੰਧਰ ਦੇ ਪ੍ਰਾਈਵੇਟ ਹਸਪਤਾਲ ਵਿੱਚ ਪੀੜਤ ਪਰਿਵਾਰ ਨੇ ਹੰਗਾਮਾ ਕੀਤਾ। ਪੁਲੀਸ ਅਨੁਸਾਰ ਬਲਵਿੰਦਰ ਸਿੰਘ ਸ਼ਾਹਕੋਟ ਨੇੜੇ ਵਾਪਰੇ ਸੜਕ ਹਾਦਸੇ ਵਿੱਚ ਜ਼ਖ਼ਮੀ ਹੋ ਗਿਆ ਸੀ। ਉਸ ਨੂੰ ਜਲੰਧਰ ਦੇ ਪ੍ਰਾਈਵੇਟ ਹਸਪਤਾਲ ਲਿਆਂਦਾ ਗਿਆ। ਜਦੋਂ ਬਲਵਿੰਦਰ ਸਿੰਘ ਦੇ ਪਰਿਵਾਰਕ ਮੈਂਬਰ ਜਲੰਧਰ ਹਸਪਤਾਲ ਪਹੁੰਚੇ ਤਾਂ ਹਸਪਤਾਲ ਦੇ ਪ੍ਰਬੰਧਕਾਂ ਨੇ ਕਿਹਾ ਕਿ ਡੇਢ ਲੱਖ ਰੁਪਏ ਦਾ ਭੁਗਤਾਨ ਕਰਨ ਉਪਰੰਤ ਹੀ ਲਾਸ਼ ਦਿੱਤੀ ਜਾਵੇਗੀ। ਏਨੀ ਗੱਲ ਸੁਣ ਕੇ ਪੀੜਤ ਪਰਿਵਾਰ ਆਪੇ ਤੋਂ ਬਾਹਰ ਹੋ ਗਿਆ ਤੇ ਉਨ੍ਹਾਂ ਹਸਪਤਾਲ ਵਿੱਚ ਹੰਗਾਮਾ ਕਰ ਦਿੱਤਾ ਤੇ ਸੜਕ ਦੇ ਬਾਹਰ ਧਰਨਾ ਲਗਾ ਦਿੱਤਾ। ਹਸਪਤਾਲ ਵਿੱਚ ਹੰਗਾਮਾ ਹੋਣ ’ਤੇ ਪੁਲੀਸ ਮੌਕੇ ’ਤੇ ਪਹੁੰਚ ਗਈ।
ਬਲਵਿੰਦਰ ਦੇ ਭਰਾ ਚਰਨਜੀਤ ਸਿੰਘ ਨੇ ਦੱਸਿਆ ਕਿ ਜਦੋਂ ਉਸ ਨੇ ਹਸਪਤਾਲ ਦੇ ਡਾਕਟਰਾਂ ਕੋਲੋਂ ਉਸ ਵਿਅਕਤੀ ਬਾਰੇ ਪੁੱਛਿਆ ਜਿਹੜਾ ਉਸ ਦੇ ਜ਼ਖਮੀ ਭਰਾ ਨੂੰ ਹਸਪਤਾਲ ਲੈ ਕੇ ਆਇਆ ਸੀ ਤਾਂ ਡਾਕਟਰਾਂ ਨੇ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦਿੱਤਾ। ਚਰਨਜੀਤ ਸਿੰਘ ਨੇ ਦਾਅਵਾ ਕੀਤਾ ਕਿ ਜਦੋਂ ਉਨ੍ਹਾਂ ਨੇ ਬਲਵਿੰਦਰ ਸਿੰਘ ਦੀ ਲਾਸ਼ ਮੰਗੀ ਤਾਂ ਉਨ੍ਹਾਂ ਕੋਲੋਂ ਡੇਢ ਲੱਖ ਰੁਪਏ ਦੀ ਮੰਗ ਕੀਤੀ ਗਈ।
ਪੁਲੀਸ ਨੇ ਪਰਿਵਾਰ ਵਾਲਿਆਂ ਦੇ ਨਾਲ ਮਿਲ ਕੇ ਜਦੋਂ ਹਸਪਤਾਲ ’ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇਖੀ ਤਾਂ ਉਸ ਵਿੱਚ ਪਤਾ ਲੱਗਾ ਕਿ ਜ਼ਖ਼ਮੀ ਹਾਲਤ ’ਚ ਬਲਵਿੰਦਰ ਸਿੰਘ ਨੂੰ ਮਹਿੰਦਰਾ ਪਿਕਅੱਪ ਵਾਲਾ ਵਿਅਕਤੀ ਹਸਪਤਾਲ ਲੈ ਕੇ ਆਇਆ ਸੀ ਅਤੇ ਤਕਰੀਬਨ ਇੱਕ ਘੰਟੇ ਤੱਕ ਗੱਡੀ ਹਸਪਤਾਲ ਦੇ ਬਾਹਰ ਹੀ ਖੜ੍ਹੀ ਰਹੀ ਸੀ ਪਰ ਹਸਪਤਾਲ ਵਿੱਚ ਜ਼ਖਮੀ ਬਲਵਿੰਦਰ ਸਿੰਘ ਨੂੰ ਲਿਆਉਣ ਵਾਲੇ ਦਾ ਕੋਈ ਥੁਹ-ਪਤਾ ਨਹੀਂ ਲਿਖਿਆ ਹੋਇਆ ਸੀ। ਹਸਪਤਾਲ ਵਾਲਿਆਂ ਦਾ ਕਹਿਣਾ ਸੀ ਕਿ ਬਲਵਿੰਦਰ ਸਿੰਘ ਨੂੰ ਮ੍ਰਿਤਕ ਹੀ ਲਿਆਂਦਾ ਗਿਆ ਸੀ। ਇਸੇ ਦੌਰਾਨ ਪੁਲੀਸ ਨੇ ਦੱਸਿਆ ਕਿ ਜਿਹੜੀ ਗੱਡੀ ਨਾਲ ਹਾਦਸਾ ਵਾਪਰਿਆ ਸੀ, ਉਸ ਦਾ ਡਰਾਈਵਰ ਪੁਲੀਸ ਥਾਣੇ ਵਿੱਚ ਪੇਸ਼ ਹੋ ਗਿਆ ਹੈ। ਇਸ ਮਗਰੋਂ ਪੀੜਤ ਪਰਿਵਾਰ ਨੇ ਧਰਨਾ ਚੁੱਕਿਆ।