ਸੁਰਜੀਤ ਮਜਾਰੀ
ਬੰਗਾ, 6 ਅਗਸਤ
ਪ੍ਰਗਤੀਸ਼ੀਲ ਲੇਖਕ ਸੰਘ ਇਕਾਈ ਨਵਾਂਸ਼ਹਿਰ ਵੱਲੋਂ ਹੋਰ ਜਨਤਕ ਜਥੇਬੰਦੀਆਂ ਦੇ ਸਹਿਯੋਗ ਨਾਲ ‘ਲੋਕ ਮੁਕਤੀ ਦੀ ਕ੍ਰਾਂਤੀਕਾਰੀ ਲਹਿਰ, ਸ਼ਹੀਦ ਭਗਤ ਸਿੰਘ ਅਤੇ ਟੋਡੀਪੁਣੇ ਦੀ ਨਿਰੰਤਰਤਾ’ ਵਿਸ਼ੇ ਉੱਤੇ ਸਮਾਗਮ ਕਰਵਾਇਆ। ਇਹ ਸਮਾਗਮ ਬੀਬੀ ਅਮਰ ਕੌਰ ਯਾਦਗਾਰੀ ਹਾਲ ਖਟਕੜ ਕਲਾਂ ਵਿੱਚ ਹੋਇਆ। ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਪ੍ਰੋ. ਜਗਮੋਹਣ ਸਿੰਘ ਸੂਬਾ ਪ੍ਰਧਾਨ, ਜਮਹੂਰੀ ਅਧਿਕਾਰ ਸਭਾ ਪੰਜਾਬ, ਪ੍ਰੋ. ਸੁਰਜੀਤ ਜੱਜ ਸੂਬਾ ਜਨਰਲ ਸਕੱਤਰ ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਅਤੇ ਅਤੇ ਮਾਸਟਰ ਹਰਬੰਸ ਹੀਉਂ ਬਿਰਾਜਮਾਨ ਹੋਏ। ਪ੍ਰਗਤੀਸ਼ੀਲ ਲੇਖਕ ਸੰਘ ਭਾਰਤ ਦੇ ਕੌਮੀ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਸਾਮਰਾਜੀਆਂ ਵਿਰੁੱਧ ਲੜਨ ਵਾਲਾ ਨਿਧੜਕ ਯੋਧਾ ਸੀ। ਪ੍ਰੋ.ਸੁਰਜੀਤ ਜੱਜ ਨੇ ਕਿਹਾ ਕਿ ਜੋ ਲੋਕਾਂ ਲਈ ਅਤੇ ਲੋਕਾਂ ਦੇ ਹੱਕਾਂ ਦੀ ਬਹਾਲੀ ਲਈ ਆਪਣੀ ਜਾਨ ਕੁਰਬਾਨ ਕਰਦਾ ਹੈ ਉਹ ਕ੍ਰਾਂਤੀਕਾਰੀ ਹੁੰਦਾ ਹੈ, ਅਤਿਵਾਦੀ ਨਹੀਂ। ਪ੍ਰੋ. ਜਗਮੋਹਣ ਸਿੰਘ ਨੇ ਕਿਹਾ ਕਿ ਭਗਤ ਸਿੰਘ ਨੇ ਜ਼ਿੰਦਗੀ ਅਤੇ ਅਸੂਲ ਵਿੱਚੋਂ ਅਸੂਲਾਂ ਦੀ ਚੋਣ ਕੀਤੀ। ਉਨ੍ਹਾਂ ਕਿਹਾ ਕਿ ਭਗਤ ਸਿੰਘ ਨੂੰ ਲੈ ਕੇ ਹੋ ਰਹੀ ਦੂਸ਼ਣਬਾਜ਼ੀ ਅਸਲ ਵਿੱਚ ਅੱਜ ਦੇ ਨੌਜਵਾਨਾਂ ਦੀ ਪ੍ਰੀਖਿਆ ਹੈ। ਮੰਚ ਸੰਚਾਲਨਾ ਤਲਵਿੰਦਰ ਸ਼ੇਰਗਿੱਲ ਨੇ ਕੀਤੀ। ਇਸ ਮੌਕੇ ਬੂਟਾ ਸਿੰਘ ਮਹਿਮੂਦਪੁਰ, ਗੁਰਬਚਨ ਸਿੰਘ ਸੈਣੀ, ਨੰਦ ਲਾਲ ਰਾਏਪੁਰ ਡੱਬਾ, ਹਰੀ ਰਾਮ ਰਸੂਲਪੁਰੀ, ਰਾਮ ਲਾਲ, ਬਲਜੀਤ ਖਟਕੜ, ਮਨਜੀਤ ਕੌਰ ਬੋਲਾ, ਨਰਿੰਦਰਜੀਤ ਖਟਕੜ, ਸੁਨੀਤਾ ਸ਼ਰਮਾ, ਕਸ਼ਮੀਰੀ ਲਾਲ ਮੰਗੂਵਾਲ, ਖੁਸ਼ੀ ਰਾਮ ਗੁਣਾਚੌਰ, ਸਰਬਜੀਤ ਮੰਗੂਵਾਲ, ਸੀਤਲ ਰਾਮ ਬੰਗਾ ਆਦਿ ਹਾਜ਼ਰ ਹੋਏ। ਉਥੇ ਹੀ ਪ੍ਰਗਤੀਸ਼ੀਲ ਲੇਖਕ ਸੰਘ ਨਵਾਂਸ਼ਹਿਰ ਇਕਾਈ ਤੋਂ ਦੀਪ ਕਲੇਰ, ਪਰਮਜੀਤ ਚਾਹਲ, ਜਸਵੰਤ ਖਟਕੜ, ਗੁਰਦੀਪ ਸੈਣੀ, ਕ੍ਰਿਸ਼ਨ ਹੀਉਂ, ਸ਼ਿੰਗਾਰਾ ਲੰਗੇਰੀ, ਵਿੰਦ ਰਸਨ ਅਤੇ ਸਮੁੱਚੀ ਟੀਮ ਨੇ ਵੀ ਹਾਜ਼ਰੀ ਭਰੀ।