ਹੁਸ਼ਿਆਰਪੁਰ: ਇਥੇ ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਪੰਜਾਬ ਸਰਕਾਰ ਵਲੋਂ ਕਿਰਤੀਆਂ, ਖੇਤ ਮਜ਼ਦੂਰਾਂ, ਕੱਚੇ ਮੁਲਾਜ਼ਮਾਂ, ਭੱਠਿਆਂ ’ਤੇ ਕੰਮ ਕਰਦੇ ਮਜ਼ਦੂਰਾਂ ਆਦਿ ਪ੍ਰਤੀ ਅਪਣਾਈ ਬੇਰੁਖੀ ਦੀ ਨਿੰਦਾ ਕਰਦਿਆਂ ਕਿਹਾ ਕਿ ਕਿਰਤੀਆਂ ਆਦਿ ਦੀ ਉਜਰਤ ਵਿਚ ਲੇਬਰ ਐਕਟ ਤਹਿਤ 1 ਸਤੰਬਰ 2020 ਤੋਂ ਬਾਅਦ ਵਾਧਾ ਨਹੀਂ ਕੀਤਾ ਗਿਆ ਜਦੋਂਕਿ ਖਾਣ ਵਾਲੇ ਭੋਜਨ ਪਦਾਰਥਾਂ ਅਤੇ ਹੋਰ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਵਿਚ ਅਥਾਹ ਵਾਧਾ ਹੋਇਆ ਹੈ। ਧੀਮਾਨ ਨੇ ਦੱਸਿਆ ਕਿ ਸੂਚਨਾ ਅਧਿਕਾਰ ਐਕਟ ਤਹਿਤ ਹਾਸਿਲ ਕੀਤੀ ਜਾਣਕਾਰੀ ਮੁਤਾਬਿਕ ਪ੍ਰਾਈਸ ਕੰਟਰੋਲ ਇੰਡੈਕਸ ਅਤੇ ਘੱਟੋ ਘੱਟ ਉਜਰਤ ਵਿਚ ਲੇਬਰ ਐਕਟ 1948 ਦੇ ਤਹਿਤ ਜਨਵਰੀ ਅਤੇ ਸਤੰਬਰ ਮਹੀਨੇ ਉਜਰਤ ਵਿਚ ਵਾਧਾ ਕਰਨਾ ਲਾਜ਼ਮੀ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਪ੍ਰਾਈਸ ਕੰਟਰੋਲ ਇੰਡੈਕਸ ਦੇ ਅਨੁਸਾਰ ਘੱਟੋ ਘੱਟ ਉਜਰਤ ਵਿੱਚ ਤੁਰੰਤ ਵਾਧਾ ਕੀਤਾ ਜਾਵੇ। -ਪੱਤਰ ਪ੍ਰੇਰਕ