ਪੱਤਰ ਪ੍ਰੇਰਕ
ਫਗਵਾੜਾ, 29 ਮਈ
ਪਿੰਡ ਮਾਣਕਾ ਤੋਂ ਰਾਵਲਪਿੰਡੀ ਤੱਕ ਵੇਈਂ ਨੂੰ ਪੱਕੇ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ, ਜਿਸ ਨਾਲ ਹੁਣ ਇਨ੍ਹਾਂ ਪਿੰਡਾਂ ਦੇ ਵਸਨੀਕਾਂ ਦੀ ਖੇਤੀ ਦਾ ਵੇਈਂ ਦੇ ਪਾਣੀ ਨਾਲ ਕੋਈ ਨੁਕਸਾਨ ਨਹੀਂ ਹੋਵੇਗਾ। ਇਹ ਪ੍ਰਗਟਾਵਾ ਇੱਥੋਂ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਅੱਜ ਵੇਈਂ ਦਾ ਜਾਇਜ਼ਾ ਲੈਣ ਮੌਕੇ ਕੀਤਾ। ਉਨ੍ਹਾਂ ਦੱਸਿਆ ਕਿ ਚੋਣਾਂ ਦੌਰਾਨ ਉਨ੍ਹਾਂ ਵਲੋਂ ਵਾਅਦਾ ਕੀਤਾ ਗਿਆ ਸੀ ਕਿ ਇਸ ਕੰਮ ਨੂੰ ਪੂਰਾ ਕਰਵਾਇਆ ਜਾਵੇਗਾ, ਜਿਸ ਨੂੰ ਉਨ੍ਹਾਂ ਪੂਰਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪਿੰਡ ਮਾਣਕਾ ਤੋਂ ਰਾਵਲਪਿੰਡੀ ਤੱਕ ਲਗਭਗ ਪੰਜ ਕਿਲੋਮੀਟਰ ਵੇਈਂ ਦੀ ਸਫ਼ਾਈ ਕਰਵਾ ਕੇ ਇਸ ਨੂੰ ਪੱਕਾ ਕਰਨ ਦਾ ਕੰਮ ਚਾਲੂ ਹੈ। ਉਨ੍ਹਾਂ ਕਿਹਾ ਕਿ ਹਰ ਸਾਲ ਵੇਈਂ ਦੇ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਦਾ ਇਸ ਦੇ ਕੱਚੀ ਹੋਣ ਨਾਲ ਕਾਫ਼ੀ ਨੁਕਸਾਨ ਹੁੰਦਾ ਸੀ ਜੋ ਹੁਣ ਨਹੀਂ ਹੋਵੇਗਾ। ਇਸ ਮੌਕੇ ਬੀਡੀਪੀੳ ਸੁਖਦੇਵ ਸਿੰਘ, ਐੱਸ.ਡੀ ਡਰੇਨ ਅਸ਼ੀਸ਼ ਸ਼ਰਮਾ, ਚੇਅਰਮੈਨ ਨਰੇਸ਼ ਭਾਰਦਵਾਜ, ਗੁਰਦਿਆਲ ਸਿੰਘ ਭੱਲਾਰਾਈ, ਜ਼ਿਲ੍ਹਾ ਪਰਿਸ਼ਦ ਮੈਂਬਰ ਨਿਸ਼ਾ ਰਾਣੀ ਸ਼ਾਮਲ ਸਨ।