ਪੱਤਰ ਪ੍ਰੇਰਕ
ਫਗਵਾੜਾ, 6 ਮਈ
ਇੱਥੇ ਜੀਟੀਰੋਡ ਉੱਤੇ ਪਿੰਡ ਸਪਰੋੜ ਲਾਗੇ ਸੜਕ ਪਾਰ ਕਰ ਰਹੀ ਇੱਕ ਮਹਿਲਾ ਨੂੰ ਕਾਰ ਵੱਲੋਂ ਟੱਕਰ ਮਾਰਨ ਕਾਰਨ ਮਹਿਲਾ ਦੀ ਮੌਤ ਹੋ ਗਈ ਜਦਕਿ ਪਿੱਛੋਂ ਮੋਟਰਸਾਈਕਲ ’ਤੇ ਸਵਾਰ ਹੋ ਕੇ ਆ ਰਹੇ ਦੋ ਨੌਜਵਾਨ ਵੀ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ। ਮ੍ਰਿਤਕ ਮਹਿਲਾ ਦੀ ਪਛਾਣ ਕਮਲਾ ਦੇਵੀ (50) ਪਤਨੀ ਮਨ ਬਹਾਦਰ ਵਾਸੀ ਪਿੰਡ ਸਪਰੋੜ ਵਜੋਂ ਹੋਈ ਹੈ। ਥਾਣਾ ਸਦਰ ਦੇ ਜਾਂਚ ਅਧਿਕਾਰੀ ਬੂਟਾ ਰਾਮ ਨੇ ਦੱਸਿਆ ਕਿ ਉਕਤ ਮਹਿਲਾ ਸੜਕ ਪਾਰ ਕਰ ਰਹੀ ਸੀ ਤਾਂ ਇਕ ਕਾਰ ਨੇ ਇਸ ਨੂੰ ਟੱਕਰ ਮਾਰ ਦਿੱਤੀ ਜਿਸ ਤੋਂ ਬਾਅਦ ਇਹ ਮਹਿਲਾ ਪਿੱਛੇ ਬੁਲਟ ਉੱਤੇ ਆ ਰਹੇ ਦੋ ਨੌਜਵਾਨਾਂ ਵਿਚ ਜਾ ਵੱਜੀ ਜਿਸ ਕਾਰਨ ਉਸ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਜ਼ਖ਼ਮੀ ਨੌਜਵਾਨਾਂ ਦੀ ਪਛਾਣ ਇੰਦਰਪਾਲ ਤੇ ਰਜਤ ਕੁਮਾਰ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਮਹਿਲਾ ਇਕ ਫੈਕਟਰੀ ਵਿਚ ਕੰਮ ਕਰਦੀ ਸੀ। ਸਿਵਲ ਹਸਪਤਾਲ ਵਿਖੇ ਜ਼ੇਰੇ ਇਲਾਜ ਜ਼ਖ਼ਮੀਆਂ ਨੇ ਦੱਸਿਆ ਕਿ ਉਹ ਲਵਲੀ ਯੂਨੀਵਰਸਿਟੀ ਤੋਂ ਵਾਪਸ ਫਗਵਾੜਾ ਵੱਲ ਆ ਰਹੇ ਸਨ ਤਾਂ ਅਚਾਨਕ ਇਕ ਮਹਿਲਾ ਜੋ ਸੜਕ ਪਾਰ ਕਰ ਰਹੀ ਸੀ ਉਸ ਨੂੰ ਕਾਰ ਨੇ ਟੱਕਰ ਮਾਰ ਦਿੱਤੀ ਜਿਸ ਤੋਂ ਉਹ ਮਹਿਲਾ ਉਨ੍ਹਾਂ ਵਿੱਚ ਆ ਟਕਰਾਈ ਜਿਸ ਕਾਰਨ ਉਹ ਵੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ।
ਰੇਹੜਾ ਨਹਿਰ ਵਿੱਚ ਡਿੱਗਿਆ
ਆਦਮਪੁਰ ਦੋਆਬਾ (ਹਤਿੰਦਰ ਮਹਿਤਾ): ਇਥੋਂ ਦੀ ਖੁਰਦਪੁਰ ਪੁਲ ਨਹਿਰ ਵਿੱਚ ਸੀਮਿੰਟ ਨਾਲ ਭਰਿਆ ਜੁਗਾੜੂ ਮੋਟਰ ਸਾਈਕਲ ਰੇਹੜਾ ਚਾਲਕ ਡਿੱਗ ਗਿਆ। ਆਲੇ ਦੁਆਲੇ ਦੇ ਲੋਕਾਂ ਵੱਲੋਂ ਬੜੀ ਮੁਸ਼ੱਕਤ ਨਾਲ ਚਾਲਕ ਨੂੰ ਚੱਲਦੀ ਨਹਿਰ ਦੇ ਪਾਣੀ ਵਿਚੋਂ ਕੱਢਿਆ ਤੇ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਗੁਰਨਾਮ ਵਾਸੀ ਬਗੀਚੀ ਮੁਹੱਲਾ ਨੇ ਦੱਸਿਆ ਨੇ ਦੱਸਿਆ ਕਿ ਉਹ ਭੋਗਪੁਰ ਵੱਲ ਜਾ ਰਿਹਾ ਸੀ ਕਿ ਅੱਗਿਓਂ ਆ ਰਹੇ ਇਕ ਛੋਟੇ ਹਾਥੀ ਨੇ ਉਸ ਨੂੰ ਸਾਈਡ ਮਾਰੀ ਜਿਸ ਕਰ ਕੇ ਉਸ ਦਾ ਰੇਹੜਾ ਪਲਟ ਗਿਆ ਤੇ ਨਹਿਰ ਵਿੱਚ ਡਿੱਗ ਪਿਆ।। ਉਸ ਨੂੰ ਰਾਹਗੀਰਾਂ ਨੇ ਬਚਾਇਆ।
ਨਹਿਰ ਵਿੱਚੋਂ ਨੌਜਵਾਨ ਦੀ ਲਾਸ਼ ਮਿਲੀ
ਪਠਾਨਕੋਟ (ਪੱਤਰ ਪ੍ਰੇਰਕ): ਯੂਬੀਡੀਸੀ ਨਹਿਰ ਵਿੱਚੋਂ ਅੱਜ ਸਵੇਰੇ ਇੱਕ ਨੌਜਵਾਨ ਦੀ ਲਾਸ਼ ਮਿਲਣ ਨਾਲ ਖੇਤਰ ਵਿੱਚ ਸਨਸਨੀ ਫੈਲ ਗਈ। ਨੌਜਵਾਨ ਪਿਛਲੇ 7 ਦਿਨਾਂ ਤੋਂ ਘਰ ਤੋਂ ਗਾਇਬ ਦੱਸਿਆ ਜਾ ਰਿਹਾ ਸੀ। ਲਾਸ਼ ਮਿਲਣ ਦੀ ਸੂਚਨਾ ਆਸਪਾਸ ਦੇ ਲੋਕਾਂ ਨੇ ਪੁਲੀਸ ਨੂੰ ਦਿੱਤੀ ਜਿਸ ਦੇ ਬਾਅਦ ਮੌਕੇ ’ਤੇ ਪੁੱਜੀ ਪੁਲੀਸ ਨੇ ਨਹਿਰੀ ਵਿਭਾਗ ਦੀ ਮਦਦ ਨਾਲ ਪਾਣੀ ਨੂੰ ਬੰਦ ਕਰਵਾਇਆ ਅਤੇ ਲਾਸ਼ ਨੂੰ ਬਾਹਰ ਕੱਢਿਆ। ਮ੍ਰਿਤਕ ਦੀ ਪਹਿਚਾਣ ਪਠਾਨਕੋਟ ਦੇ ਮੁਹੱਲਾ ਦੌਲਤਪੁਰ ਢਾਕੀ ਵਾਸੀ ਧਰਮਿੰਦਰ (22) ਦੇ ਰੂਪ ਵਿੱਚ ਹੋਈ ਜੋ ਆਪਣੇ ਦੋਸਤ ਨਾਲ ਨਹਿਰ ਵਿੱਚ ਨਹਾਉਣ ਗਿਆ ਸੀ। ਨਹਾਉਂਦੇ ਸਮੇਂ ਧਰਮਿੰਦਰ ਡੁੱਬ ਗਿਆ ਪਰ ਉਸ ਦੇ ਦੋਸਤ ਨੇ ਇਸ ਬਾਰੇ ਪਰਿਵਾਰ ਨੂੰ ਕੋਈ ਜਾਣਕਾਰੀ ਨਾ ਦਿੱਤੀ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਸੀਸੀਟੀਵੀ ਕੈਮਰੇ ਵਿਚ ਦੋਵੇਂ ਇਕੱਠੇ ਜਾ ਰਹੇ ਹਨ ਜਦਕਿ ਦੂਜਾ ਵਿਅਕਤੀ ਝੂਠ ਬੋਲ ਰਿਹਾ ਹੈ।