ਨਿੱਜੀ ਪੱਤਰ ਪ੍ਰੇਰਕ
ਜਲੰਧਰ, 2 ਸਤੰਬਰ
ਇੱਥੇ ਇਕ ਔਰਤ ਦੀ ਭੇਤਭਰੀ ਹਾਲਤ ਵਿੱਚ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਕਿਰਨਜੀਤ ਕੌਰ ਪਤਨੀ ਬਲਵਿੰਦਰ ਸਿੰਘ ਵਾਸੀ ਤਰਨ ਤਾਰਨ ਵਜੋਂ ਹੋਈ ਜੋ ਹੁਣ ਆਪਣੇ ਮਾਪਿਆਂ ਕੋਲ ਬਸਤੀ ਪੀਰਦਾਦ ਆ ਕੇ ਰਹਿੰਦੀ ਸੀ। ਸੂਚਨਾ ਮਿਲਦਿਆਂ ਹੀ ਬਸਤੀ ਬਾਵਾ ਖੇਲ ਦੀ ਪੁਲੀਸ ਮੌਕੇ ’ਤੇ ਪੁੱਜੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਮ੍ਰਿਤਕਾ ਕਿਰਨਜੀਤ ਕੌਰ ਦੇ ਮਾਪਿਆਂ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਦਾ ਵਿਆਹ ਲਗਪਗ ਨੌਂ ਸਾਲ ਪਹਿਲਾਂ ਬਲਵਿੰਦਰ ਸਿੰਘ ਵਾਸੀ ਤਰਨ ਤਾਰਨ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਪਤਾ ਲੱਗਿਆ ਕਿ ਉਹ ਨਸ਼ੇੜੀ ਹੈ। ਇਸ ’ਤੇ ਦੋਵਾਂ ’ਚ ਝਗੜਾ ਰਹਿਣ ਲੱਗ ਪਿਆ ਸੀ। ਇਸ ਦੌਰਾਨ ਦੋ ਧੀਆਂ ਵੀ ਹੋਈਆਂ ਪਰ ਦੋਵਾਂ ਵਿੱਚ ਕਲੇਸ਼ ਵਧਦਾ ਗਿਆ। ਛੇ ਮਹੀਨੇ ਪਹਿਲਾਂ ਕਿਰਨਜੀਤ ਕੌਰ ਮਾਪਿਆਂ ਦੇ ਘਰ ਆ ਕੇ ਰਹਿਣ ਲੱਗੀ ਪਈ ਸੀ। ਵੀਰਵਾਰ ਨੂੰ ਦੇਰ ਸ਼ਾਮ ਬਲਵਿੰਦਰ ਸਿੰਘ ਉਨ੍ਹਾਂ ਦੇ ਘਰ ਆਇਆ ਅਤੇ ਧੀ ਨਾਲ ਝਗੜਾ ਕਰ ਕੇ ਕੁੱਟਮਾਰ ਕਰਨ ਲੱਗਿਆ। ਮਾਪਿਆਂ ਨੇ ਦੋਸ਼ ਲਾਇਆ ਕਿ ਬਲਵਿੰਦਰ ਸਿੰਘ ਨੇ ਉਨ੍ਹਾਂ ਦੀ ਧੀ ਨੂੰ ਜ਼ਹਿਰ ਪਿਲਾ ਦਿੱਤਾ ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਸੇ ਦੌਰਾਨ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਸਹੁਰਾ ਪਰਿਵਾਰ ਉਸ ਨੂੰ ਬਹੁਤ ਤੰਗ ਕਰਦਾ ਹੈ। ਉਸ ਦੀ ਪਤਨੀ ਨੂੰ ਜਬਰਦਸਤੀ ਆਪਣੇ ਕੋਲ ਰੱਖਿਆ ਹੋਇਆ ਸੀ। ਉਸ ਨੇ ਇਕ ਮਹੀਨੇ ਪਹਿਲਾਂ ਸਾਰੇ ਨਸ਼ੇ ਛੱਡ ਦਿੱਤੇ ਸਨ। ਵੀਰਵਾਰ ਨੂੰ ਉਹ ਆਪਣੀ ਪਤਨੀ ਨੂੰ ਲੈਣ ਆਇਆ ਸੀ ਪਰ ਸਹੁਰਾ ਪਰਿਵਾਰ ਨੇ ਝਗੜਾ ਕੀਤਾ ਤੇ ਉਸ ਦੀ ਪਤਨੀ ਨੂੰ ਜਾਣ ਨਹੀਂ ਦਿੱਤਾ। ਉਸ ਨੇ ਦੱਸਿਆ ਕਿ ਉਹ ਆਪਣੇ ਨਾਲ ਜ਼ਹਿਰ ਲੈ ਕੇ ਆਇਆ ਸੀ। ਜਿਵੇਂ ਹੀ ਉਹ ਜ਼ਹਿਰ ਖਾਣ ਲੱਗਿਆ ਤਾਂ ਸਹੁਰਾ ਪਰਿਵਾਰ ਨੇ ਖੋਹ ਲਿਆ। ਇਸ ਤੋਂ ਬਾਅਦ ਪਤਾ ਲੱਗਿਆ ਕਿ ਉਸ ਦੀ ਪਤਨੀ ਨੇ ਉਕਤ ਜ਼ਹਿਰ ਖਾ ਲਿਆ ਹੈ।