ਗੁਰਦੇਵ ਸਿੰਘ ਗਹੂੰਣ
ਬਲਾਚੌਰ, 8 ਅਪਰੈਲ
ਸਬ ਡਿਵੀਜ਼ਨਲ ਹਸਪਤਾਲ ਬਲਾਚੌਰ ਵਿੱਚ ਰਾਤ ਵੇਲੇ ਐਂਬੂਲੈਂਸ ਦਾ ਡਰਾਈਵਰ ਨਾ ਹੋਣ ਕਾਰਨ ਰੈਫਰ ਕੀਤੀ ਇੱਕ ਔਰਤ ਦੀ ਬੱਚੇ ਨੂੰ ਜਨਮ ਦੇਣ ਉਪਰੰਤ ਜ਼ਿਲ੍ਹਾ ਹਸਪਤਾਲ ਲੈ ਕੇ ਜਾਂਦੇ ਹੋਏ ਆਕਸੀਜਨ ਦੀ ਘਾਟ ਕਾਰਨ ਰਸਤੇ ਵਿੱਚ ਹੀ ਮੌਤ ਹੋ ਗਈ।
ਮ੍ਰਿਤਕਾ ਦੇ ਸਹੁਰੇ ਚਰਨ ਸਿੰਘ, ਨਣਾਨ ਜਸਵੀਰ ਕੌਰ ਅਤੇ ਪੀੜਤ ਪਰਿਵਾਰ ਅਨੁਸਾਰ ਪਿੰਡ ਸੁੱਧਾ ਮਾਜਰਾ ਵਾਸੀ ਉਨ੍ਹਾਂ ਦੀ ਨੂੰਹ ਲਖਵਿੰਦਰ ਕੌਰ (24) ਗਰਭਵਤੀ ਸੀ। ਉਸ ਨੂੰ ਲੈਫਟੀਨੈਂਟ ਜਨਰਲ ਬਿਕਰਮ ਸਿੰਘ ਉਪ ਮੰਡਲ ਪੱਧਰੀ ਹਸਪਤਾਲ ਬਲਾਚੌਰ ਵਿੱਚ ਦਾਖਲ ਕਰਵਾਇਆ ਗਿਆ। ਔਰਤ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਡਾਕਟਰਾਂ ਦੀ ਟੀਮ ਵੱਲੋਂ ਉਸ ਦਾ ਨਾਰਮਲ ਜਣੇਪਾ ਕਰਵਾਇਆ ਗਿਆ। ਲਖਵਿੰਦਰ ਕੌਰ ਨੇ ਲੜਕੇ ਨੂੰ ਜਨਮ ਦਿੱਤਾ। ਨਵਜੰਮੇ ਬੱਚੇ ਦੀ ਸਿਹਤ ਬਿਹਤਰ ਨਾ ਹੋਣ ਕਾਰਨ ਉਸ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ।
ਉਪਰੰਤ ਲਖਵਿੰਦਰ ਕੌਰ ਦੀ ਤਬੀਅਤ ਵੀ ਅਚਾਨਕ ਜ਼ਿਆਦਾ ਵਿਗੜ ਗਈ। ਜ਼ਿਆਦਾ ਘਬਰਾਹਟ ਹੋਣ ਕਾਰਨ ਉਸ ਨੂੰ ਜ਼ਿਲ੍ਹਾ ਹਸਪਤਾਲ ਨਵਾਂ ਸ਼ਹਿਰ ਰੈਫਰ ਕਰ ਦਿੱਤਾ ਗਿਆ, ਪ੍ਰੰਤੂ ਰਾਤ ਵੇਲੇ ਸਰਕਾਰੀ ਐਂਬੂਲੈਂਸ ਦਾ ਡਰਾਈਵਰ ਨਾ ਹੋਣ ਕਾਰਨ ਪਰਿਵਾਰਕ ਮੈਂਬਰਾਂ ਨੇ ਕਾਫੀ ਜੱਦੋ-ਜਹਿਦ ਉਪਰੰਤ ਇਕ ਨਿੱਜੀ ਕਾਰ ਕਿਰਾਏ ’ਤੇ ਲੈ ਲਈ।
ਜ਼ਿਲ੍ਹਾ ਹਸਪਤਾਲ ਨਵਾਂ ਸ਼ਹਿਰ ਨੂੰ ਜਾਂਦਿਆਂ ਆਕਸੀਜਨ ਦੀ ਘਾਟ ਕਾਰਨ ਲਖਵਿੰਦਰ ਕੌਰ ਦੀ ਰਾਸਤੇ ਵਿੱਚ ਹੀ ਮੌਤ ਹੋ ਗਈ। ਇਸ ਸਬੰਧੀ ਪੀੜਤ ਪਰਿਵਾਰ ਦੇ ਮੈਂਬਰਾਂ ਵਿੱਚ ਸਿਹਤ ਅਧਿਕਾਰੀਆਂ ਖਿਲਾਫ ਕਾਫੀ ਗੁੱਸਾ ਹੈ।
ਕੀ ਕਹਿੰਦੇ ਨੇ ਅਧਿਕਾਰੀ
ਉਪ ਮੰਡਲ ਹਸਪਤਾਲ ਬਲਾਚੌਰ ਦੇ ਸੀਨੀਅਰ ਮੈਡੀਕਲ ਅਫਸਰ ਡਾ. ਕੁਲਵਿੰਦਰ ਮਾਨ ਨੇ ਦੱਸਿਆ ਕਿ ਲਖਵਿੰਦਰ ਕੌਰ ਦਾ ਜਣੇਪਾ ਨਾਰਮਲ ਹੋਇਆ ਸੀ, ਪ੍ਰੰਤੂ ਜ਼ਚਾ ਦੀ ਸਿਹਤ ਅਚਾਨਕ ਵਿਗੜਨ ਕਾਰਨ ਉਸ ਨੂੰ ਜ਼ਿਲ੍ਹਾ ਹਸਪਤਾਲ ਨਵਾਂ ਸ਼ਹਿਰ ਰੈਫਰ ਕੀਤਾ ਗਿਆ ਸੀ। ਐਂਬੂਲੈਂਸ ਦਾ ਚਾਲਕ ਨਾ ਹੋਣ ਸਬੰਧੀ ਉਨ੍ਹਾਂ ਕਿਹਾ ਕਿ ਐਂਬੂਲੈਂਸ ਦੇ ਡਰਾਈਵਰ ਦੀ ਆਸਾਮੀ ਖਾਲੀ ਪਈ ਹੈ, ਪ੍ਰੰਤੂ ਹਸਪਤਾਲ ਪ੍ਰਸ਼ਾਸਨ ਵੱਲੋਂ ਆਊਟਸੋਰਸ ਤਹਿਤ ਐਂਬੂਲੈਂਸ ਦਾ ਡਰਾਈਵਰ ਰੱਖਿਆ ਹੋਇਆ ਹੈ, ਜੋ ਸਿਰਫ ਦਿਨ ਵੇਲੇ ਹੀ ਡਿਊਟੀ ਕਰਦਾ ਹੈ। ਡਾ. ਮਾਨ ਨੇ ਕਿਹਾ ਕਿ ਡਰਾਈਵਰ ਦੀ ਆਸਾਮੀ ਭਰਨ ਹਿੱਤ ਉਨ੍ਹਾਂ ਸਿਹਤ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਸੂਚਿਤ ਕੀਤਾ ਹੋਇਆ ਹੈ।