ਸੁਰਜੀਤ ਮਜਾਰੀ
ਬੰਗਾ, 12 ਦਸੰਬਰ
ਦਿੱਲੀ ਦਾ ਮੋਰਚਾ ਫ਼ਤਹਿ ਕਰ ਕੇ ਵਾਪਸ ਪਰਤੇ ਕਿਸਾਨ ਮਜ਼ਦੂਰ ਜਿੱਥੇ ਜਿੱਤ ਦੀ ਖੁਸ਼ੀ ਤੇ ਜਸ਼ਨਾਂ ਨਾਲ ਪਰਤੇ ਹਨ, ਉੱਥੇ ਸਾਲ ਭਰ ਤੋਂ ਆਪਸ ’ਚ ਜੁੜੇ ਰਿਸ਼ਤਿਆਂ ਦੀ ਅਪਣੱਤ ਵੀ ਲੈ ਕੇ ਆਏ ਹਨ। ਸਿੰਘੂ ਹੱਦ ’ਤੇ ਨਵਾਂ ਸ਼ਹਿਰ ਦੇ ਤਰਸੇਮ ਸਿੰਘ ਨੇ ਦੱਸਿਆ ਕਿ ਉਸ ਦੀ ਨਕੋਦਰ ਦੇ ਸਿਕੰਦਰ ਸਿੰਘ ਨਾਲ ਪਈ ਗੂੜ੍ਹ ਸਾਂਝ ਖੂਨ ਦੇ ਰਿਸ਼ਤਿਆਂ ਨੂੰ ਵੀ ਪਿੱਛੇ ਛੱਡ ਗਈ ਹੈ। ਦਿੱਲੀ ਤੋਂ ਪੰਜਾਬ ਪਰਤਣ ਸਮੇਂ ਗੱਲਵਕੜੀ ਪਾ ਕੇ ਨਿਕਲੀ ਭੁੱਬ ਇਸ ਰਿਸ਼ਤੇ ਦਾ ਪ੍ਰਮਾਣ ਦੇ ਰਹੀ ਸੀ। ਮਹਿਤਪੁਰ ਦੇ ਬਜ਼ੁਰਗ ਬੰਤ ਸਿੰਘ ਨੇ ਦੱਸਿਆ ਕਿ ਨਾਲ ਦੇ ਕੈਂਪ ’ਚ ਉਸ ਦਾ ਬੀਤਪੁਰ ਪਿੰਡ ਦੀ 9 ਸਾਲ ਦੀ ਬੱਚੀ ਸਿਮਰ ਨਾਲ ਬਹੁਤ ਪਿਆਰ ਬਣ ਗਿਆ। ਰੋਜ਼ ਉਹ ਦੂਰੋਂ ਦੇਖ ਕੇ ‘ਬਾਬਾ ਜੀ ਬਾਬਾ ਜੀ ਕਹਿਣ ਲੱਗ ਪੈਂਦੀ ਸੀ ਅਤੇ ਜਿੰਨਾ ਸਮਾਂ ਉਸ ਨੂੰ ਦਿੱਲੀ ਜਿੱਤਣ ਦੀ ਕੋਈ ਨਾ ਕੋਈ ਕਹਾਣੀ ਨਾ ਸੁਣਾਈ ਜਾਂਦੀ ਤਾਂ ਉਹ ਕੋਲੋਂ ਨਾ ਉੱਠਦੀ। ਇਹੀ ਨਹੀਂ, ਕਈ ਰਿਸ਼ਤੇ ਜਾਤੀ ਵਿਤਕਰੇ ਨੂੰ ਵੀ ਮਾਤ ਪਾਉਣ ਦਾ ਸਬੱਬ ਬਣੇ ਹਨ। ਉਦਾਹਰਣ ਵਜੋਂ ਜਦੋਂ ਬੰਗਿਆਂ ਦੇ ਬਾਬਾ ਰਾਜਿੰਦਰ ਸਿੰਘ ਘਰ ਪਏ ਅਚਾਰ ਨੂੰ ਲੈ ਕੇ ਗਿਆ ਤਾਂ ਸਾਰਿਆਂ ਨੇ ਰਲ ਬੈਠ ਕੇ ਖਾਧਾ ਅਤੇ ਖਾਣੇ ਸਮੇਂ ਨਿੱਤ ਵਿਚਾਰਾਂ ਹੁੰਦੀਆਂ ਸਨ ਕਿ ਜੇਕਰ ਇਹ ਮਜ਼ਦੂਰ ਅਤੇ ਕਿਸਾਨ ਦੀ ਸਾਂਝ ਹੋਰ ਪੱਕੀ ਹੋ ਜਾਵੇ ਤਾਂ ਪੰਜਾਬ ਸੱਚਮੁੱਚ ਸੋਨੇ ਦੀ ਚਿੜੀ ਬਣ ਸਕਦਾ ਹੈ।
ਦਿੱਲੀ ਦੀ ਟਿੱਕਰੀ ਹੱਦ ’ਤੇ ਪਈ ਪਰਿਵਾਰਕ ਸਾਂਝ ਦੀ ਦਾਸਤਾਨ ਸੁਣਾਦਿਆਂ ਤਲਵੰਡੀ ਦੀ ਮੁਖਤਿਆਰ ਕੌਰ ਨੇ ਦੱਸਿਆ ਕਿ ਜਦੋਂ ਉਹ ਨਾਲ ਦੇ ਕੈਂਪ ’ਚੋਂ ਕੁੜੀਆਂ ਦਾ ਕਾਫ਼ਲਾ ਲੈ ਕੇ ਰੈਲੀ ਵਾਲੀ ਥਾਂ ਜਾਂਦੀਆਂ ਸਨ ਤਾਂ ਉਹ ਸਾਰੀਆਂ ਉਸ ਨੂੰ ਪਿਆਰ ਨਾਲ ‘ਮੱਖੋ ਬੇਬੇ ਮੱਖੋ ਬੇਬੇ’ ਕਹਿ ਕੇ ਪੁਕਾਰਦੀਆਂ ਸਨ। ਪੰਜਾਬੀਆਂ ਤੇ ਹਰਿਆਣਵੀਆਂ ਦੀ ਪਈ ਸਾਂਝ ਨੇ ਵੀ ਦੋਸਤੀ ਦੇ ਕਈ ਰਿਸ਼ਤਿਆਂ ਨੂੰ ਜਨਮ ਦਿੱਤਾ। ਜਦੋਂ ਅੰਦੋਲਨ ਦੀ ਸਮਾਪਤੀ ’ਤੇ ਆਪੋ-ਆਪਣੇ ਸੂਬੇ ਨੂੰ ਚਾਲੇ ਪਾਉਣ ਦਾ ਵਕਤ ਆਇਆ ਤਾਂ ਕਈ ਪੰਜਾਬੀਆਂ ਤੇ ਹਰਿਆਣਵੀਆਂ ਵੱਲੋਂ ਇੱਕ ਦੂਜੇ ਦੇ ਗੱਲ ਲੱਗ ਕੇ ਨਮ ਅੱਖਾਂ ਨਾਲ ਅਲਵਿਦਾ ਕਹਿਣ ਦਾ ਸਮਾਂ ਹਰ ਦੇਖਣ ਵਾਲੇ ਦਾ ਦਿਲ ਪਸੀਜ ਗਿਆ।