ਪਾਲ ਸਿੰਘ ਨੌਲੀ
ਜਲੰਧਰ, 23 ਅਗਸਤ
ਸਮਾਰਟ ਸਿਟੀ ਪ੍ਰਾਜੈਕਟ ਦੀਆਂ ਫਾਈਲਾਂ ਚੰਡੀਗੜ੍ਹ ਮੰਗਵਾਏ ਜਾਣ ਨਾਲ ਨਗਰ ਨਿਗਮ ਦੇ ਕਈ ਵੱਡੇ ਅਫ਼ਸਰਾਂ ਦੇ ਸਾਹ ਫੁੱਲਣ ਲੱਗ ਪਏ ਹਨ। ਵਿਜੀਲੈਂਸ ਦੇ ਡੀਐੱਸਪੀ ਮੇਜਰ ਸਿੰਘ ਸਮਾਰਟ ਸਿਟੀ ਪ੍ਰਾਜੈਕਟਾਂ ਨਾਲ ਸਬੰਧਤ ਫਾਈਲਾਂ ਦੀ ਘੋਖ ਕਰ ਰਹੇ ਹਨ। ਵਿਜੀਂਲੈਂਸ ਤੇ ਸਮਾਰਟ ਸਿਟੀ ਵਿੱਚ ਕੰਮ ਕਰਨ ਵਾਲੇ ਅਫਸਰਾਂ ਵਿਚਾਲੇ ਤਾਲਮੇਲ ਰੱਖਣ ਲਈ ਨਗਰ ਨਿਗਮ ਦੇ ਸੁਪਰਡੈਂਟ ਰਜਨੀਸ਼ ਡੋਗਰਾ ਨੂੰ ਨੋਡਲ ਅਫਸਰ ਲਾਇਆ ਗਿਆ ਹੈ। ਵਿਜੀਲੈਂਸ ਦੇ ਡੀਐੱਸਪੀ ਮੇਜਰ ਸਿੰਘ ਨੇ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਸਾਰਾ ਰਿਕਾਰਡ ਚੰਡੀਗੜ੍ਹ ਤਲਬ ਕਰ ਲਿਆ ਹੈ। ਕਾਂਗਰਸੀ ਕੌਂਸਲਰ ਦੇਸ ਰਾਜ ਜੱਸਲ ਖੁੱਲੇਆਮ ਇਸ ਗੱਲ ਦਾ ਰੌਲਾ ਪਾ ਰਹੇ ਹਨ ਕਿ ਨਗਰ ਨਿਗਮ ਭ੍ਰਿਸ਼ਟਾਚਾਰ ਦਾ ਅੱਡਾ ਬਣਿਆ ਹੋਇਆ ਹੈ। ਇੱਥੇ ਰਿਸ਼ਵਤ ਦਿੱਤੇ ਬਿਨਾਂ ਕਿਸੇ ਦਾ ਕੋਈ ਕੰਮ ਨਹੀਂ ਹੁੰਦਾ। ਸਮਾਰਟ ਸਿਟੀ ਨਾਲ ਸਬੰਧਤ ਵੱਖ-ਵੱਖ ਪ੍ਰਾਜੈਕਟਾਂ ਦੇ ਰਿਕਾਰਡ ਵਾਲੀਆਂ ਫਾਈਲਾਂ ਮੁੱਖ ਦਫਤਰ ਪਹੁੰਚਾੳਣ ਦੇ ਹੁਕਮ ਜਾਰੀ ਕੀਤੇ ਜਾ ਚੁੱਕੇ ਹਨ। ਵਿਜੀਲੈਂਸ ਬਿਊਰੋ ਬਿਆਸ ਦਰਿਆ ਵਿੱਚੋਂ ਪੀਣ ਲਈ ਲਿਆਂਦੇ ਜਾਣ ਵਾਲੇ ਸਰਫੇਸ ਵਾਟਰ ਪ੍ਰਾਜੈਕਟ ’ਤੇ ਨਜ਼ਰਾਂ ਗੱਡੀ ਬੈਠਾ ਹੈ। ਇਹ ਪ੍ਰਾਜੈਕਟ 500 ਕਰੋੜ ਦਾ ਹੈ। ਐੱਲਈਡੀ ਲਾਈਟਾਂ ਵਾਲਾ ਪ੍ਰਾਜੈਕਟ 50 ਕਰੋੜ ਦਾ ਹੈ, ਸੋਲਰ ਪਾਵਰ ਦਾ ਪ੍ਰਾਜੈਕਟ 17.86 ਕਰੋੜ ਦਾ ਹੈ। ਸੜਕਾਂ, ਪਾਰਕਾਂ ਤੇ ਸੀਸੀਟੀਵੀ ਕੈਮਰਿਆਂ ਸਮੇਤ ਸਾਰੇ ਪ੍ਰਾਜੈਕਟਾਂ ਦੀ ਲਾਗਤ ਕੀਮਤ 1000 ਕਰੋੜ ਦੇ ਕਰੀਬ ਬਣਦੀ ਹੈ।