ਭਗਵਾਨ ਦਾਸ ਸੰਦਲ
ਦਸੂਹਾ, 20 ਮਾਰਚ
ਇਥੇ ਹਲਕਾ ਦਸੂਹਾ ਤੋਂ ਆਮ ਆਦਮੀ ਪਾਰਟੀ ਦੇ ਐਡਵੋਕੇਟ ਕਰਮਬੀਰ ਸਿੰਘ ਘੁੰਮਣ ਦੀ ਜਿੱਤ ਮਗਰੋਂ ਦਸੂਹਾ ਦੇ ਜ਼ਿਲ੍ਹਾ ਬਣਨ ਦੀ ਉਮੀਦ ਮੁੜ ਜਾਗ ਪਈ ਹੈ। ਕਾਂਗਰਸ ਵੱਲੋਂ ਦਸੂਹਾ ਨੂੰ ਜ਼ਿਲ੍ਹਾ ਬਣਾਉਣ ਦੀ ਵਾਅਦਾਖ਼ਿਲਾਫੀ ਕਾਰਨ ਇਸ ਸਬੰਧੀ ਸ਼ੰਘਰਸ਼ਸ਼ੀਲ ਜੱਥੇਬੰਦੀਆਂ ਤੇ ਹਲਕਾ ਵਾਸੀਆਂ ਵਿੱਚ ਨਿਰਾਸ਼ਾ ਪਾਈ ਜਾ ਰਹੀ ਸੀ। ਇਨ੍ਹਾਂ ਚੋਣਾਂ ’ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਐਡਵੋਕੇਟ ਘੁੰਮਣ ਸਮੇਤ ਹੋਰਨਾਂ ਵਿਰੋਧੀ ਧਿਰਾਂ ਨੇ ਕਾਂਗਰਸ ਦੀ ਵਾਅਦਾਖ਼ਿਲਾਫ਼ੀ ਨੂੰ ਚੋਣ ਪ੍ਰਚਾਰ ਦੌਰਾਨ ਹਰ ਸਿਆਸੀ ਮੰਚ ’ਤੇ ਉਭਾਰਿਆ। ਹਲਕਾ ਦਸੂਹਾ ਕਾਂਗਰਸ ਦਾ ਗੜ੍ਹ ਹੋਣ ਦੇ ਬਾਵਜੂਦ ਰੋਹ ਵਿੱਚ ਆਏ ਵੋਟਰਾਂ ਨੇ ਵੀ ਕਾਂਗਰਸ ਨੂੰ ਸਬਕ ਸਿਖਾਉਣ ਲਈ ‘ਆਪ’ ਦੇ ਐਡਵੋਕੇਟ ਘੁੰਮਣ ਨੂੰ ਵੱਡੀ ਲੀਡ ਨਾਲ ਜਿੱਤ ਦਿਵਾਈ। ਹੁਣ ਜਦੋਂਕਿ ਪੰਜਾਬ ਵਿੱਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਗਈ ਹੈ ਤਾਂ ਲੋਕਾਂ ਵਿੱਚ ਦਸੂਹਾ ਦੇ ਜ਼ਿਲਾ ਬਣਨ ਦੀ ਆਸ ਨੂੰ ਮੁੜ ਬੂਰ ਪੈਂਦਾ ਨਜ਼ਰ ਆਉਣ ਲੱਗਾ ਹੈ। ਇਥੇ ਅਨਾਜ ਮੰਡੀ ’ਚ ਵਪਾਰ ਮੰਡਲ ਦੇ ਪ੍ਰਧਾਨ ਅਮਰੀਕ ਸਿੰਘ ਗੱਗੀ ਠੁਕਰਾਲ ਦੇ ਦਫ਼ਤਰ ’ਚ ਵੋਟਰਾਂ ਦਾ ਧੰਨਵਾਦ ਕਰਨ ਪੁੱਜੇ ਵਿਧਾਇਕ ਕਰਮਬੀਰ ਘੁੰਮਣ ਨੇ ਭਰੋਸਾ ਦਿੱਤਾ ਕਿ ਦਸੂਹਾ ਨੂੰ ਜ਼ਿਲ੍ਹਾ ਬਣਾਉਣ ਦੀ ਹਲਕਾ ਵਾਸੀਆਂ ਦੀ ਚਿਰੋਕਣੀ ਮੰਗ ਨੂੰ ਉਹ ਵਿਧਾਨ ਸਭਾ ਵਿੱਚ ਸੰਜੀਦਗੀ ਨਾਲ ਉਠਾਉਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸਭ ਤੋਂ ਵੱਡੀ ਤੇ ਇਤਿਹਾਸਕ ਸਬ ਡਵੀਜ਼ਨ ਦਸੂਹਾ ਮੁਕੰਮਲ ਤੌਰ ’ਤੇ ਜ਼ਿਲ੍ਹਾ ਬਣਨ ਦੇ ਕਾਬਲ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਹਲਕੇ ਵਿੱਚ ਸਿਹਤ ਸਹੂਲਤਾਂ ਤੇ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਉਪਰਾਲੇ ਆਰੰਭ ਕਰ ਦਿੱਤੇ ਗਏ ਹਨ। ਇਸ ਮੌਕੇ ਡਾ. ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਵਿਧਾਇਕ ਘੁੰਮਣ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਈਓ ਮਦਨ ਸਿੰਘ, ਕੌਂਸਲਰ ਸੋਨੂੰ ਖਾਲਸਾ, ਰਾਜੂ ਠੁਕਰਾਲ, ਬਲਬੀਰ ਦਾਸ, ਟੀਪੂ ਠੁਕਰਾਲ, ਵਿੱਕੀ ਵਰਮਾ, ਬਲਦੇਵ ਠਾਕੁਰ, ਮਿਹਰ ਸਿੰਘ ਕਾਲਾ ਆਦਿ ਮੋਜੂਦ ਸਨ।
2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸੀ ਉਮੀਦਵਾਰ ਦੇ ਹੱਕ ’ਚ ਚੋਣ ਪ੍ਰਚਾਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਦਸੂਹਾ ਵਾਸੀਆਂ ਨਾਲ ਵਾਅਦਾ ਕੀਤਾ ਸੀ ਕਿ ਸੂਬੇ ’ਚ ਕਾਂਗਰਸ ਦੀ ਸਰਕਾਰ ਆਉਣ ’ਤੇ ਦਸੂਹਾ ਨੂੰ ਜ਼ਿਲ੍ਹੇ ਦਾ ਦਰਜਾ ਦਿੱਤਾ ਜਾਵੇਗਾ। ਦਸੂਹਾ ’ਚ ਕਾਂਗਰਸੀ ਉਮੀਦਵਾਰ ਦੇ ਜਿੱਤਣ ਤੇ ਸੂਬੇ ’ਚ ਕਾਂਗਰਸ ਦੀ ਸਰਕਾਰ ਬਣਨ ਮਗਰੋਂ ਕੈਪਟਨ ਸਰਕਾਰ ਨੇ ਆਪਣਾ ਵਾਅਦਾ ਨਾ ਪੁਗਾਇਆ। ਜਿਸ ਕਾਰਨ ਕਾਂਗਰਸ ਨੂੰ ਹਾਰ ਦਾ ਮੂੰਹ ਦੇਖਣਾ ਪਿਆ।