ਜਸਬੀਰ ਸਿੰਘ ਚਾਨਾ
ਫਗਵਾੜਾ, 6 ਅਪਰੈਲ
ਰੁਸ ਕੇ ਘਰੋਂ ਗਈ ਪਤਨੀ ਨੂੰ ਲੈਣ ਲਈ ਰਿਸ਼ਤੇਦਾਰ ਦੇ ਘਰ ਪੁੱਜੇ ਪਤੀ ਲਈ ਘਰਦਿਆਂ ਵਲੋਂ ਦਰਵਾਜ਼ਾ ਨਾ ਖੋਲ੍ਹੇ ਜਾਣ ਦੇ ਰੋਸ ਵਜੋਂ ਪਤੀ ਨੇ ਘਰ ਦੇ ਬਾਹਰ ਖੜ੍ਹੀ ਐਕਟਿਵਾ ਤੇ ਤਖ਼ਤਪੋਸ਼ ਨੂੰ ਪੈਟਰੋਲ ਪਾ ਕੇ ਅੱਗ ਲੱਗਾ ਦਿੱਤੀ ਜਿਸ ਕਾਰਨ ਐਕਟਿਵਾ ਬੁਰੀ ਤਰ੍ਹਾ ਸੜ ਗਈ। ਰੌਲਾ ਪੈਣ ’ਤੇ ਲੋਕਾਂ ਨੂੰ ਇਕੱਠੇ ਕਰਕੇ ਪਤੀ ਨੂੰ ਪੁਲੀਸ ਹਵਾਲੇ ਕਰ ਦਿੱਤਾ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਮੁਹੱਲਾ ਬਾਬਾ ਗਧੀਆ ਦੀ ਇੱਕ ਮਹਿਲਾ ਜੋ ਆਪਣੇ ਪਤੀ ਦੀਆਂ ਭੈੜੀਆਂ ਆਦਤਾਂ ਤੋਂ ਸਖ਼ਤ ਪ੍ਰੇਸ਼ਾਨ ਸੀ, ਗੁੱਸੇ ਹੋ ਕੇ ਮੁਹੱਲਾ ਖਲਵਾੜਾ ਗੇਟ ’ਚ ਰਹਿੰਦੀ ਆਪਣੀ ਭੂਆ ਦੇ ਘਰ ਚਲੇ ਗਈ ਜਿੱਥੇ ਰਾਤ ਕਰੀਬ 1 ਵਜੇ ਉਸ ਦਾ ਪਤੀ ਹਰਸ਼ ਪੁੱਜਾ ਤੇ ਕੁੰਡਾ ਖੜਕਾਇਆ। ਘਰ ਵਾਲਿਆਂ ਵਲੋਂ ਕੁੰਡਾ ਨਾ ਖੋਲ੍ਹਣ ਤੇ ਉਸਨੇ ਐਕਟਿਵਾ ਨੂੰ ਅੱਗ ਲੱਗਾ ਦਿੱਤੀ ਤੇ ਧਮਕੀ ਦਿੱਤੀ ਕਿ ਜੇਕਰ ਹੁਣ ਵੀ ਉਨ੍ਹਾਂ ਕੁੰਡਾ ਨਾ ਖੋਲ੍ਹਿਆ ਤਾਂ ਉਨ੍ਹਾਂ ਦੇ ਘਰ ਨੂੰ ਸਾੜ ਦੇਵੇਗਾ। ਘਟਨਾ ਦੀ ਸੂਚਨਾ ਮਿਲਦੇ ਸਾਰ ਪੁਲੀਸ ਮੌਕੇ ’ਤੇ ਪੁੱਜੀ ਤੇ ਪਤੀ ਨੂੰ ਕਬਜ਼ੇ ’ਚ ਲੈ ਲਿਆ ਹੈ। ਉਸਦੀ ਪਤਨੀ ਪ੍ਰਭਜੋਤ ਕੌਰ ਨੇ ਦੋਸ਼ ਲਗਾਇਆ ਕਿ ਉਸ ਦਾ ਪਤੀ ਹੁਣ ਬੁਰੀਆ ਆਦਤਾ ਦਾ ਸ਼ਿਕਾਰ ਹੋ ਗਿਆ ਹੈ ਜਿਸ ਤੋਂ ਦੁਖੀ ਹੋ ਕੇ ਘਰ ਛੱਡ ਕੇ ਆਈ ਹੈ ਤੇ ਉਸਨਾਲ ਕੁੱਟਮਾਰ ਵੀ ਕਰਦਾ ਹੈ। ਪਤਨੀ ਨੇ ਪੁਲੀਸ ਨੂੰ ਇਸ ਸਬੰਧ ’ਚ ਲਿਖਤੀ ਸ਼ਿਕਾਇਤ ਦੇ ਦਿੱਤੀ ਹੈ।