ਪਾਲ ਸਿੰਘ ਨੌਲੀ
ਜਲੰਧਰ, 11 ਅਪਰੈਲ
ਇੱਥੋਂ ਦੀ ਨਵੀਂ ਦਾਣਾ ਮੰਡੀ ਵਿੱਚ ਅੱਜ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਹੋ ਗਈ। ਇਸ ਦੀ ਸ਼ੁਰੂਆਤ ਕਾਂਗਰਸੀ ਵਿਧਾਇਕ ਅਵਤਾਰ ਸਿੰਘ ਬਾਵਾ ਹੈਨਰੀ ਨੇ ਕਰਵਾਈ। ਉਨ੍ਹਾਂ ਨੇ ਇਸ ਮੌਕੇ ਖਰੀਦ ਏਜੰਸੀਆਂ ਨੂੰ ਮੰਡੀਆਂ ਵਿੱਚ ਲਿਆਂਦੀ ਗਈ ਕਣਕ ਦੇ ਦਾਣੇ-ਦਾਣੇ ਦੀ ਖਰੀਦ, ਅਦਾਇਗੀ ਅਤੇ ਲਿਫਟਿੰਗ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਉਧਰ ਪੰਜਾਬ ਸਰਕਾਰ ਵੱਲੋਂ ਸਿੱਧੀ ਅਦਾਇਗੀ ਦੇ ਕੀਤੇ ਜਾ ਰਹੇ ਤਿੱਖੇ ਵਿਰੋਧ ਦਾ ਕੇਂਦਰ ਸਰਕਾਰ ’ਤੇ ਕੋਈ ਅਸਰ ਨਹੀਂ ਹੋਇਆ ਹੈ ਤੇ ਇਸ ਰੁਝਾਨ ’ਤੇ ਚਿੰਤਾ ਜਤਾਈ ਗਈ।
ਕਾਂਗਰਸੀ ਵਿਧਾਇਕ ਬਾਵਾ ਹੈਨਰੀ ਨੇ ਮੰਡੀਆਂ ਵਿੱਚ ਨਿਰਵਿਘਨ ਅਤੇ ਸੁਚਾਰੂ ਢੰਗ ਨਾਲ ਖਰੀਦ ਕਰਵਾਉਣ ਦੀ ਸੂਬਾ ਸਰਕਾਰ ਦੀ ਵਚਨਬੱਧਤਾ ਨੂੰ ਦਹੁਰਾਉਂਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਨਾਜ ਮੰਡੀਆਂ ਵਿੱਚ ਕਣਕ ਦੀ ਸੁਚੱਜੀ ਖਰੀਦ ਲਈ ਮਿਆਰੀ ਪ੍ਰਬੰਧ ਕੀਤੇ ਗਏ ਹਨ। ਕੋਵਿਡ ਤੋਂ ਬਚਾਅ ਦੇ ਨਜ਼ਰੀਏ ਸਮੁੱਚੇ ਲੋੜੀਂਦੇ ਪ੍ਰਬੰਧਾਂ ਨੂੰ ਯਕੀਨੀ ਬਣਾਇਆ ਗਿਆ ਹੈ। ਕਿਸਾਨਾਂ ਦੀ ਸਹੂਲਤ ਲਈ ਸੈਨੀਟਾਈਜ਼ਰ, ਪੀਣ ਵਾਲੇ ਪਾਣੀ ਦੀ ਉਪਲਬਧਤਾ, ਪਖਾਨੇ ਅਤੇ ਹੋਰ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ ਤਾਂ ਜੋ ਕਣਕ ਦੀ ਖਰੀਦ ਦੌਰਾਨ ਕਿਸਾਨਾਂ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ। ਉਨ੍ਹਾਂ ਦਾਅਵਾ ਕੀਤਾ ਕਿ ਕਿਸਾਨਾਂ ਦੀ ਸਹੂਲਤ ਲਈ ਕਣਕ ਦੀ ਨਿਰਵਿਘਨ ਅਤੇ ਸੁਚਾਰੂ ਢੰਗ ਨਾਲ ਖਰੀਦ ਵਿੱਚ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ ਜਾਵੇਗੀ। ਫ ਕਣਕ ਦੀ ਨਿਰਵਿਘਨ ਖਰੀਦ ਲਈ ਮੰਡੀਆਂ ਵਿੱਚ 30-30 ਫੁੱਟ ਦੇ ਖਾਨੇ ਬਣਾਏ ਗਏ ਹਨ ਜਿਨ੍ਹਾਂ ਵਿਚ ਕਿਸਾਨ ਆਪਣੀ ਫ਼ਸਲ ਨੂੰ ਉਤਾਰਨਗੇ ਤਾਂ ਜੋ ਸਮਾਜਿਕ ਦੂਰੀ ਨੂੰ ਕਾਇਮ ਰੱਖਿਆ ਜਾ ਸਕੇ।
ਹੁਸ਼ਿਆਰਪੁਰ (ਪੱਤਰ ਪ੍ਰੇਰਕ): ਕਣਕ ਦੀ ਸਰਕਾਰੀ ਖਰੀਦ ਦੇ ਐਲਾਨ ਦੇ ਬਾਵਜੂਦ ਹੁਸ਼ਿਆਰਪੁਰ ’ਚ ਕਣਕ ਦੀ ਖਰੀਦ ਸ਼ੁਰੂ ਨਹੀਂ ਹੋਈ। ਅੱਜ ਕਣਕ ਦੀਆਂ ਕੁੱਝ ਟਰਾਲੀਆਂ ਜ਼ਿਲ੍ਹਾ ਮੰਡੀ ’ਚ ਪੁੱਜੀਆਂ ਪਰ ਕਿਸੇ ਏਜੰਸੀ ਵੱਲੋਂ ਖਰੀਦੀਆਂ ਨਹੀਂ ਗਈਆਂ। ਆੜ੍ਹਤੀ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਸੁਧੀਰ ਸੂਦ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਨੂੰ ਸਿੱਧੀ ਅਦਾਇਗੀ ਕਰਨ ਦੇ ਨਾਂਅ ’ਤੇ ਆੜ੍ਹਤੀਆਂ ਨੂੰ ਵਿਹਲੇ ਕਰਨ ’ਤੇ ਤੁਲੀ ਹੋਈ ਹੈ। ਉਨ੍ਹਾਂ ਕਿਹਾ ਕਿ ਭਲਕੇ ਮੀਟਿੰਗ ਤੋਂ ਬਾਅਦ ਹੀ ਖਰੀਦ ਸਬੰਧੀ ਕੋਈ ਫ਼ੈਸਲਾ ਲਿਆ ਜਾਵੇਗਾ।
ਆਦਮਪੁਰ ਦਾਣਾ ਮੰਡੀ ’ਚ ਖਰੀਦ ਅੱਜ ਤੋਂ
ਆਦਮਪੁਰ ਦੋਆਬਾ (ਹਤਿੰਦਰ ਮਹਿਤਾ): ਇਥੋਂ ਦੀ ਦਾਣਾ ਮੰਡੀ ਵਿੱਚ ਖਰੀਦ ਏਜੰਸੀਆਂ, ਆੜ੍ਹਤੀਆਂ ਤੇ ਕਿਸਾਨਾਂ ਦੀ ਮੀਟਿੰਗ ਕੀਤੀ ਗਈ ਜਿਸ ਵਿੱਚ ਦੱਸਿਆ ਗਿਆ ਕਿ ਮੰਡੀ ’ਚ ਕਣਕ ਦੀ ਖਰੀਦ ਸੋਮਵਾਰ ਤੋਂ ਸ਼ੁਰੂ ਹੋਵੇਗੀ। ਖਰੀਦ ਏਜੰਸੀਆਂ ਨੇ ਕਿਹਾ ਹੈ ਕਿ ਜਿਹੜੀ ਥੋੜ੍ਹੀ ਬਹੁਤ ਬਾਰਦਾਨੇ ਦੀ ਪ੍ਰੇਸ਼ਾਨੀ ਹੈ, ਉਸ ਨੂੰ ਜਲਦੀ ਦੂਰ ਕਰ ਲਿਆ ਜਾਵੇਗਾ। ਇਸ ਮੌਕੇ ਮਾਰਕੀਟ ਕਮੇਟੀ ਸਕੱਤਰ ਸੁੱਚਾ ਸਿੰਘ, ਖਜ਼ਾਨਚੀ ਸੁਖਦੇਵ ਸਿੰਘ ਤੇ ਮੰਡੀ ਸੁਪਰਵਾਈਜ਼ਰ ਬਲਬੀਰ ਸਿੰਘ ਅਤੇ ਪਨਸਪ ਵੱਲੋਂ ਰਣਜੀਤ, ਪਨਗ੍ਰੇਨ ਵੱਲੋਂ ਵਰੁਣ ਤੇ ਮਾਰਕਫੈੱਡ ਵੱਲੋਂ ਜਤਿੰਦਰ ਕੁਮਾਰ ਮੌਜੂਦ ਸਨ।