ਪੱਤਰ ਪ੍ਰੇਰਕ
ਕਰਤਾਰਪੁਰ, 26 ਦਸੰਬਰ
ਮਾਤਾ ਗੁਜਰੀ ਜੀ ਤੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਸਮਾਗਮ ਦੇ ਸਬੰਧ ਵਿੱਚ ਗੁਰਦੁਆਰਾ ਤਪ ਅਸਥਾਨ ਬਾਬਾ ਮੰਗਲ ਜੀ ਕਪੂਰਥਲਾ ਤੋਂ ਆਏ ਨਗਰ ਕੀਰਤਨ ਦਾ ਕਰਤਾਰਪੁਰ ਦੇ ਮੇਨ ਚੌਕ ਪਹੁੰਚਿਆ ਜਿੱਥੇ ਕਾਰ ਸੇਵਾ ਖਡੂਰ ਸਾਹਿਬ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸੰਗਤ ਦੇ ਸਹਿਯੋਗ ਨਾਲ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਗਿਆ। ਪਿੰਡ ਵਿਸ਼ਰਾਮਪੁਰ, ਪਿੰਡ ਖੁਸਰੋਪੁਰ ਤੋਂ ਹੋ ਕੇ ਨਗਰ ਕੀਰਤਨ ਸ਼ਹਿਰ ਦੇ ਬਾਜ਼ਾਰਾਂ ਵਿਚੋਂ ਹੁੰਦਾ ਹੋਇਆ ਗੁਰਦੁਆਰਾ ਵਿਆਹ ਤੇ ਨਿਵਾਸ ਸਥਾਨ ਮਾਤਾ ਗੁਜਰੀ ਜੀ ਵਿੱਚ ਪਹੁੰਚਿਆ। ਪ੍ਰਧਾਨ ਹਰਵਿੰਦਰ ਸਿੰਘ ਰਿੰਕੂ ਨੇ ਦੱਸਿਆ ਕਿ ਗੁਰਦੁਆਰਾ ਮਾਤਾ ਗੁਜਰੀ ਜੀ ਕਰਤਾਰਪੁਰ ਵਿਖੇ ਮਾਤਾ ਗੁਜਰ ਕੌਰ ਜੀ ਅਤੇ ਚਾਰ ਸਾਹਿਬਜ਼ਾਦਿਆਂ ਅਤੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਗੁਰਮਤਿ ਸਮਾਗਮ ਕਰਵਾਏ ਜਾ ਰਹੇ ਹਨ।
ਫਗਵਾੜਾ (ਪੱਤਰ ਪ੍ਰੇਰਕ): ਹਿੰਦੋਸਤਾਨ ਵੈੱਲਫੇਅਰ ਬਲੱਡ ਡੋਨਰਜ਼ ਕਲੱਬ, ਨਹਿਰੂ ਯੁਵਾ ਕੇਂਦਰ ਸੰਗਠਨ ਕਪੂਰਥਲਾ ਤੇ ਐਚ.ਡੀ.ਐਫ਼.ਸੀ ਬੈਂਕ ਦੇ ਸਹਿਯੋਗ ਨਾਲ ਦਸਮੇਸ਼ ਪਿਤਾ ਦੇ ਪਰਿਵਾਰ ਦੀ ਸ਼ਹਾਦਤ ਨੂੰ ਸਮਰਪਿਤ 5ਵਾਂ ਖੂਨਦਾਨ ਕੈਂਪ ਗੁਰਦੁਆਰਾ ਸਿੰਘ ਸਭਾ ਅਰਬਨ ਅਸਟੇਟ ਵਿਖੇ ਲਾਇਆ ਗਿਆ। ਗੁਰਦੁਆਰਾ ਪ੍ਰਧਾਨ ਹਰਵਿੰਦਰ ਸਿੰਘ ਵਾਲੀਆ ਤੇ ਕਲੱਬ ਪ੍ਰਧਾਨ ਵਿਕਰਮ ਗੁਪਤਾ ਦੀ ਅਗਵਾਈ ’ਚ ਲਾਏ ਕੈਂਪ ਦਾ ਉਦਘਾਟਨ ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਤੇ ਜਥੇਦਾਰ ਸਰਵਣ ਸਿੰਘ ਕੁਲਾਰ ਨੇ ਕੀਤਾ। ਉਨ੍ਹਾਂ ਸਾਹਿਬਾਜ਼ਾਦਿਆਂ ਦੀ ਸ਼ਹਾਦਤ ਨੂੰ ਬਿਆਨ ਕਰਦਿਆਂ ਉਨ੍ਹਾਂ ਵੱਲੋਂ ਦੇ ਦਰਸਾਏ ਮਾਰਗ ’ਤੇ ਚੱਲਣ ਦੀ ਲੋੜ ’ਤੇ ਜੋਰ ਦਿੱਤਾ। ਇਸ ਮੌਕੇ 53 ਖੂਨਦਾਨੀਆਂ ਨੇ ਖੂਨਦਾਨ ਕੀਤਾ।
ਪਿੰਡ ਬਖਸ਼ੀਵਾਲ ਵਿਖੇ ਕੈਂਪ ’ਚ 57 ਜਣਿਆਂ ਨੇ ਕੀਤਾ ਖੂਨਦਾਨ
ਧਾਰੀਵਾਲ (ਪੱਤਰ ਪ੍ਰੇਰਕ): ਬਲੱਡ ਡੋਨਰਜ਼ ਸੁਸਾਇਟੀ ਗੁਰਦਾਸਪੁਰ ਅਤੇ ਸਮਾਜਿਕ ਗਤੀਵਿਧੀਆਂ ਸੇਵਾ ਸੁਸਾਇਟੀ ਕਲਾਨੌਰ ਵੱਲੋਂ ਨੇੜਲੇ ਅੱਡਾ ਬਖਸ਼ੀਵਾਲ ਵਿਖੇ ਪ੍ਰਧਾਨ ਤੇ ਕੋਰ ਕਮੇਟੀ ਮੈਂਬਰ ਸੁਖਵਿੰਦਰ ਸਿੰਘ ਮੱਲ੍ਹੀ ਦੀ ਅਗਵਾਈ ਹੇਠ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੀ ਸ਼ਹੀਦੀ ਅਤੇ ਕਿਸਾਨੀ ਸੰਘਰਸ਼ ਦੀ ਜਿੱਤ ਨੂੰ ਸਮਰਪਿਤ 57ਵਾਂ ਖੂਨਦਾਨ ਕੈਂਪ ਲਗਾਇਆ ਗਿਆ। ਕੈਂਪ ਪ੍ਰਬੰਧਕ ਕੋਰ ਕਮੇਟੀ ਮੈਂਬਰ ਸੁਖਵਿੰਦਰ ਸਿੰਘ ਮੱਲ੍ਹੀ ਵੱਲੋਂ 23ਵੀਂ ਵਾਰ ਅਤੇ ਗੁਰਸ਼ਰਨਜੀਤ ਸਿੰਘ ਵਲੋਂ 33ਵੀਂ ਵਾਰ ਖੂਨ ਦਾਨ ਕੀਤਾ ਗਿਆ। ਸ੍ਰੀ ਮੱਲ੍ਹੀ ਨੇ ਦੱਸਿਆ ਕਿ ਕੈਂਪ ਵਿੱਚ 57 ਡੋਨਰਾਂ ਵਲੋਂ ਖੂਨ ਦਾਨ ਕੀਤਾ ਗਿਆ।