ਹਤਿੰਦਰ ਮਹਿਤਾ
ਆਦਮਪੁਰ ਦੋਆਬਾ, 30 ਜੁਲਾਈ
ਗੁਰੂ ਨਾਨਕ ਖਾਲਸਾ ਕਾਲਜ ਡਰੋਲੀ ਕਲਾਂ ਦੀ 50ਵੀਂ ਵਰ੍ਹੇਗੰਢ ਨੂੰ ਸਮਰਪਿਤ ਪੰਜਾਬੀ ਵਿਭਾਗ ਵਲੋਂ ਵੈਬਿਨਾਰ ਕਰਵਾਇਆ ਗਿਆ। ਇਹ ਵੈਬਿਨਾਰ ਕਾਲਜ ਦੇ ਪ੍ਰਿੰਸੀਪਲ ਡਾ. ਸਾਹਿਬ ਸਿੰਘ ਦੀ ਅਗਵਾਈ, ਕਾਲਜ ਦੇ ਪੋਸਟ ਗ੍ਰੇਜੂਏਟ ਪੰਜਾਬੀ ਵਿਭਾਗ ਦੇ ਮੁਖੀ ਡਾ. ਬਲਵਿੰਦਰ ਸਿੰਘ ਥਿੰਦ ਦੇ ਯਤਨਾ ਸਦਕਾ ‘ਸਮਕਾਲੀ ਸੰਕਟ: ਸਿੱਖਿਆ ਅਤੇ ਸਾਹਿਤ ਉਤੇ ਪ੍ਰਭਾਵ’ ਵਿਸ਼ੇ ’ਤੇ ਕਰਵਾਇਆ ਗਿਆ। ਵੈਬੀਨਾਰ ਵਿੱਚ ਮੁੱਖ ਬੁਲਾਰੇ ਵਜੋਂ ਪੰਜਾਬ ਸਾਹਿਤ ਅਕਾਦਮੀ ਦੇ ਪ੍ਰਧਾਨ ਅਤੇ ਯੂਨੀਵਰਸਿਟੀ ਕਾਲਜ ਚੁੰਨੀ ਕਲਾਂ (ਫਤਿਹਗੜ੍ਹ ਸਾਹਿਬ) ਦੇ ਪ੍ਰਿੰਸੀਪਲ ਡਾ. ਸਰਬਜੀਤ ਕੌਰ ਸੋਹਲ ਸਨ।
ਡਾ. ਸੋਹਲ ਨੇ ਆਲਮੀ ਪੱਧਰ ’ਤੇ ਪਸਰੇ ਕਰੋਨਾ ਸੰਕਟ ਦੇ ਮਨੁੱਖਤਾ ‘ਤੇ ਪੈ ਰਹੇ ਕੁਪ੍ਰਭਾਵਾਂ ਤੋਂ ਬਚਾਅ ਲਈ ਸਿੱਖਿਆ ਅਤੇ ਸਾਹਿਤ ਤੋਂ ਸਾਰਥਿਕ ਸੇਧ ਲੈਣ ਲਈ ਪ੍ਰੇਰਿਤ ਕੀਤੀ। ਡਾ. ਸੋਹਲ ਨੇ ਸਵੈ ਰਚਿਤ ਸਾਹਿਤ ਦੀ ਪੇਸ਼ਕਾਰੀ ਰਾਹੀਂ ਇਸ ਸੰਕਟ ਤੋਂ ਬਚਾਓ ਬਾਰੇ ਨੁਕਤਿਆਂ ਨੂੰ ਦੱਸਿਆ। ਇਸ ਮੌਕੇ ਡਾ. ਸੋਹਲ ਨੇ ਕਰੋਨਾ ਦੇ ਨਾਂਹ ਪੱਖੀ ਪ੍ਰਭਾਵਾਂ ਦੇ ਨਾਲ ਨਾਲ ਹਾਂ ਪੱਖੀ ਅਰਥਾਂ ਨੂੰ ਵਿਸਥਾਰ ਵਿੱਚ ਦੱਸਦਿਆਂ ਕਿਹਾ ਕਿ ਸਾਨੂੰ ਨਾਂਹ ਪੱਖੀ ਮਾਹੌਲ ਵਿੱਚੋਂ, ਹਾਂ ਪੱਖੀ ਪ੍ਰਭਾਵ ਵੀ ਤਲਾਸ਼ਣੇ ਚਾਹੀਦੇ ਹਨ।
ਉਨ੍ਹਾਂ ਜ਼ਿੰਦਗੀ ਦੇ ਸਿਧਾਂਤਾਂ ਨੂੰ ਵਿਹਾਰਕ ਅਰਥਾਂ ਵਿੱਚ ਅਪਣਾਉਣ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਕੋਰੋਨਾ ਸੰਕਟ ਦੇ ਲੰਬੇ ਦੌਰ ਵਿੱਚ ਚੱਲਣ ਦੀ ਸੰਭਾਵਨਾ ਹੈ ਅਤੇ ਸਾਨੂੰ ਜ਼ਿੰਦਗੀ ਨੂੰ ਉਸੇ ਜੀਵਨ ਸ਼ੈਲੀ ਦੇ ਕੁਦਰਤੀ ਢੰਗਾਂ ਮੁਤਾਬਿਕ ਢਾਲਣਾ ਪਵੇਗਾ ਅਤੇ ਕੁਦਰਤੀ ਵਰਤਾਰਿਆਂ ਤੋਂ ਸੇਧ ਲੈਣੀ ਪਵੇਗੀ।
ਉਪਰੰਤ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੇ ਮੁਖੀ ਡਾ. ਬਲਵਿੰਦਰ ਸਿੰਘ ਥਿੰਦ ਨੇ ਡਾ. ਸੋਹਲ ਦੇ ਭਾਸ਼ਣ ਨੂੰ ਸੰਖੇਪਦਿਆਂ ਡਾ. ਸੋਹਲ ਦੇ ਵਿਚਾਰਾਂ ਨਾਲ ਇੱਕ ਮੱਤ ਹੋਣ ’ਤੇ ਜ਼ੋਰ ਦਿੱਤਾ।ਇਸ ਮੌਕੇ ਵੱਖ-ਵੱਖ ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚੋਂ ਵੈਬੀਨਾਰ ਵਿੱਚ 100 ਤੋਂ ਵਧੇਰੇ ਹਾਜ਼ਰੀਨ ਨੂੰ ਵੈਬੀਨਾਰ ਨਾਲ ਜੁੜਨ ਲਈ ਧੰਨਵਾਦ ਕੀਤਾ। ਵੈਬਿਨਾਰ ਦੇ ਉਪਰੰਤ ਸਵਾਲ ਜਵਾਬ ਵੀ ਹੋਏ।