ਨਿੱਜੀ ਪੱਤਰ ਪ੍ਰੇਰਕ
ਜਲੰਧਰ, 28 ਅਕਤੂਬਰ
ਪੰਜਾਬ ਪ੍ਰੈੱਸ ਕਲੱਬ ਜਲੰਧਰ ਦੀ ਗਵਰਨਿੰਗ ਅਤੇ ਸਲਾਹਕਾਰ ਕਮੇਟੀ ਦੀ ਸਾਂਝੀ ਮੀਟਿੰਗ ਅੱਜ ਇੱਥੇ ਕਲੱਬ ਦੇ ਪ੍ਰਧਾਨ ਸਤਨਾਮ ਸਿੰਘ ਮਾਣਕ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ’ਚ ਕਲੱਬ ਦੀ ਬਿਹਤਰੀ ਲਈ ਯੋਜਨਾਵਾਂ ਉੱਤੇ ਵਿਚਾਰ ਕੀਤਾ ਗਿਆ ਅਤੇ ਫ਼ੈਸਲਾ ਕੀਤਾ ਗਿਆ ਕਿ ਲਾਇਬ੍ਰੇਰੀ ਦੀ ਮੁਰੰਮਤ ਜਲਦੀ ਕਰਵਾ ਕੇ ਮੈਂਬਰਾਂ ਵਾਸਤੇ ਖੋਲ੍ਹੀ ਜਾਵੇ। ਇਸ ਮੌਕੇ ਕਲੱਬ ਦੀ ਅਨੁਸ਼ਾਸਨੀ ਕਮੇਟੀ ਨੂੰ ਅਧਿਕਾਰ ਦਿੱਤੇ ਗਏ ਕਿ ਉਹ ਕਲੱਬ ਵਿਚ ਅਨੁਸ਼ਾਸਨ ਕਾਇਮ ਰੱਖਣ ਲਈ ਲੋੜ ਪੈਣ ’ਤੇ ਆਪਣੇ ਅਧਿਕਾਰਾਂ ਦੀ ਵਰਤੋਂ ਕਰੇ। ਗਵਰਨਿੰਗ ਕੌਂਸਲ ਤੇ ਸਲਾਹਕਾਰ ਕਮੇਟੀ ਨੇ ਪ੍ਰੈੱਸ ਕਲੱਬ ਦੇ ਸਮੂਹ ਮੈਂਬਰਾਂ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਉਹ ਕਲੱਬ ਨੂੰ ਕਮਜ਼ੋਰ ਕਰਨ ਵਾਲੀਆਂ ਸ਼ਕਤੀਆਂ ਤੋਂ ਦੂਰੀ ਬਣਾ ਕੇ ਰੱਖਣ। ਮੀਟਿੰਗ ਵਿਚ ਸੀਨੀਅਰ ਮੀਤ ਪ੍ਰਧਾਨ ਪਾਲ ਸਿੰਘ ਨੌਲੀ, ਜਨਰਲ ਸਕੱਤਰ ਮਨੋਜ ਤ੍ਰਿਪਾਠੀ, ਮੀਤ ਪ੍ਰਧਾਨ ਪੰਕਜ ਰਾਏ ਅਤੇ ਰਾਜੇਸ਼ ਟਿੰਕੂ, ਜਾਇੰਟ ਸਕੱਤਰ ਤੇਜਿੰਦਰ ਕੌਰ ਥਿੰਦ ਤੇ ਖ਼ਜ਼ਾਨਚੀ ਸ਼ਿਵ ਸ਼ਰਮਾ ਤੋਂ ਇਲਾਵਾ ਸਲਾਹਕਾਰ ਕਮੇਟੀ ਦੇ ਮੈਂਬਰ ਆਈਪੀ ਸਿੰਘ, ਕੁਲਦੀਪ ਸਿੰਘ ਬੇਦੀ, ਰਾਕੇਸ਼ ਸ਼ਾਂਤੀਦੂਤ, ਡਾ. ਲਖਵਿੰਦਰ ਸਿੰਘ ਜੌਹਲ, ਡਾ. ਕਮਲੇਸ਼ ਸਿੰਘ ਦੁੱਗਲ, ਬੇਅੰਤ ਸਿੰਘ ਸਰਹੱਦੀ, ਮਲਕੀਤ ਸਿੰਘ ਬਰਾੜ ਸ਼ਾਮਿਲ ਹੋਏ।