ਜਸਬੀਰ ਸਿੰਘ ਚਾਨਾ
ਫਗਵਾੜਾ, 15 ਫਰਵਰੀ
ਇਥੋਂ ਭਾਜਪਾ ਉਮੀਦਵਾਰ ਵਿਜੈ ਸਾਂਪਲਾ ਨੇ ਅੱਜ ਵੱਖ ਵੱਖ ਥਾਵਾਂ ’ਤੇ ਚੋਣ ਪ੍ਰਚਾਰ ਕੀਤਾ। ਲੋਕਾਂ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਉਹ ਉਨ੍ਹਾਂ ਨੂੰ ਕਾਮਯਾਬ ਬਨਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨਗੇ। ਅੱਜ ਮੁਹੱਲਾ ਬਸੰਤ ਨਗਰ ’ਚ ਡਾ. ਪਵਨ ਕੁਮਾਰ ਨੇ ਵਿਜੈ ਸਾਂਪਲਾ ਦੇ ਹੱਕ ’ਚ ਮੀਟਿੰਗ ਕੀਤੀ, ਜਿਸ ’ਚ ਵੱਡੀ ਗਿਣਤੀ ’ਚ ਮੁਹੱਲਾ ਵਾਸੀਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਸਾਂਪਲਾ ਨੇ ਕਿਹਾ ਕਿ ਫਗਵਾੜਾ ’ਚ ਜਦੋਂ ਵੀ ਭਾਜਪਾ ਦੀ ਸਰਕਾਰ ਬਣੀ, ਉਦੋਂ ਹੀ ਹਲਕੇ ਦਾ ਵਿਕਾਸ ਹੋਇਆ। ਉਨ੍ਹਾਂ ਦੱਸਿਆ ਕਿ ਫਗਵਾੜਾ ਦਾ ਰੇਲਵੇ ਪੁਲ, ਬੱਸ ਸਟੈਂਡ, ਹਸਪਤਾਲ, ਦਾਣਾ ਮੰਡੀ ਤੇ ਸਬਜ਼ੀ ਮੰਡੀ ਭਾਜਪਾ ਸਰਕਾਰ ਦੀ ਦੇਣ ਹਨ। ਸਾਬਕਾ ਐਸ ਸੀ ਕਮਿਸ਼ਨ ਦੇ ਚੇਅਰਮੈਨ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਬਤੌਰ ਕੇਂਦਰੀ ਮੰਤਰੀ ਵੀ ਫਗਵਾੜਾ ਲਈ ਕਈ ਵੱਡੇ ਕਾਰਜ ਕੀਤੇ ਗਏ ਹਨ, ਜਿਸ ’ਚ ਰੇਲਵੇ ਪਾਰਸਲ ਆਫਿਸ, ਪਾਸਪੋਰਟ ਆਫਿਸ, ਹਾਈਵੇ ਪਿਲਰਾਂ ਵਾਲਾ ਬ੍ਰਿਜ ਬਣਵਾ ਕੇ ਫਗਵਾੜਾ ਵਾਸੀਆਂ ਨੂੰ ਸੌਂਪਿਆ ਗਿਆ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਉਣ ਵਾਲੀ 20 ਤਰੀਕ ਨੂੰ ਉਹ ਉਨ੍ਹਾਂ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿਤਾ ਕੇ ਵਿਧਾਨ ਸਭਾ ’ਚ ਭੇਜਣ ਤਾਂ ਜੋ ਫਗਵਾੜਾ ਸ਼ਹਿਰ ਦੇ ਵਿਕਾਸ ਦੇ ਕੰਮ ਲਗਾਤਾਰ ਜਾਰੀ ਰਹਿ ਸਕਣ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਹਲਕੇ ਦੇ ਕੰਮ ਪਹਿਲ ਦੇ ਆਧਾਰ ’ਤੇ ਕਰਵਾਏ ਜਾਣਗੇ। ਸਾਂਪਲਾ ਨੇ ਪਿੰਡ ਠੱਕਰਕੀ ’ਚ ਪੰਚਾਇਤ ਮੈਂਬਰ ਜਸਪਾਲ ਦੇ ਘਰ ਚੋਣ ਮੀਟਿੰਗ ਕੀਤੀ। ਉਨ੍ਹਾਂ ਪਿੰਡ ਪੰਡੋਰੀ ਦੇ ਗੁਰੂ ਰਵਿਦਾਸ ਗੁਰਦੁਆਰਾ ਵਿੱਚ ਮੱਥਾ ਟੇਕਿਆ। ਉਨ੍ਹਾਂ ਮੋਬਾਈਲ ਵੈਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਨੂੰ ਵੀ ਸੰਬੋਧਨ ਕੀਤਾ। ਮੀਟਿੰਗ ਦੀ ਪ੍ਰਧਾਨਗੀ ਸੁਨੀਲ ਮਦਾਨ ਨੇ ਕੀਤੀ। ਇਸ ਵੱਲੋਂ ਲੋਕਾਂ ਵੱਲੋਂ ਉਨ੍ਹਾਂ ਨੂੰ ਸਮੱਸਿਆਵਾਂ ਵੀ ਦੱਸੀਆਂ। ਸਾਂਪਲਾ ਨੇ ਭਰੋਸਾ ਦਿੱਤਾ ਕਿ ਸਰਕਾਰ ਬਣਨ ’ਤੇ ਸਾਰੀਆਂ ਸਮੱਸਿਆਵਾਂ ਦਾ ਹੱਲ ਪਹਿਲ ਦੇ ਆਧਾਰ ’ਤੇ ਕਰਵਾਇਆ ਜਾਵੇਗਾ।