ਕਰਤਾਰਪੁਰ: ਵਿਧਾਇਕ ਬਲਕਾਰ ਸਿੰਘ ਨੇ ਸੂਬਾ ਸਰਕਾਰ ਦੀ ਬਿਜਲੀ ਦੇ ਛੇ ਸੌ ਯੂਨਿਟ ਮੁਆਫ਼ ਕਰਨ ਵਾਲੀ ਪਹਿਲੀ ਗਾਰੰਟੀ ਪੂਰੀ ਕਰਨ ਅਤੇ ਕਰਤਾਰਪੁਰ ਨੇੜਲੇ ਪਿੰਡਾਂ ਵਿਚ ਪੰਜਾਹ ਫ਼ੀਸਦੀ ਪਰਿਵਾਰਾਂ ਦੇ ਜ਼ੀਰੋ ਬਿਜਲੀ ਬਿੱਲ ਆਉਣ ’ਤੇ ਸੂਬਾ ਸਰਕਾਰ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਸਰਕਾਰ ਬਣਾਉਣ ਸਮੇਂ ਲੋਕਾਂ ਨਾਲ ਜੋ ਵਾਅਦੇ ਕੀਤੇ ਸਨ, ਉਹ ਪੂਰੇ ਹੋਣੇ ਸ਼ੁਰੂ ਹੋ ਗਏ ਹਨ। ਉਨ੍ਹਾਂ ਕਿਹਾ ਕਿ ਇਤਿਹਾਸਕ ਸ਼ਹਿਰ ਕਰਤਾਰਪੁਰ ਦੇ ਸਰਬਪੱਖੀ ਵਿਕਾਸ ਲਈ ਸੂਬੇ ਦੇ ਮੁੱਖ ਮੰਤਰੀ ਕੋਲੋਂ ਲੋੜੀਂਦੀ ਗਰਾਂਟ ਮੰਗੀ ਜਾਵੇਗੀ। ਉਨ੍ਹਾਂ ਪਿਛਲੀਆਂ ਸਰਕਾਰਾਂ ’ਤੇ ਵਰ੍ਹਦਿਆਂ ਕਿਹਾ ਕਿ ਕਰਤਾਰਪੁਰ ਸ਼ਹਿਰ ਇਤਿਹਾਸਕ ਹੋਣ ਦੇ ਬਾਵਜੂਦ ਮੁੱਢਲੀਆਂ ਸਹੂਲਤਾਂ ਤੋਂ ਵਾਂਝਾ ਰਹਿ ਗਿਆ ਹੈ। -ਪੱਤਰ ਪ੍ਰੇਰਕ