ਨਿੱਜੀ ਪੱਤਰ ਪ੍ਰੇਰਕ
ਜਲੰਧਰ, 30 ਜੁਲਾਈ
ਭਰਵੇਂ ਮੀਂਹ ਪੈਣ ਨਾਲ ਦੋਆਬੇ ’ਚ ਵਗਦੀ 165 ਕਿਲੋਮੀਟਰ ਲੰਬੀ ਕਾਲੀ ਵੇਈਂ ਵਿੱਚ ਪਾਣੀ ਦੀ ਮਾਤਰਾ ਵੱਧ ਗਈ ਹੈ। ਇਸੇ ਦੌਰਾਨ ਵੇਈਂ ਵਿੱਚ ਜਲ ਕੁੰਭੀ ਬੂਟੀ ਵੱਡੀ ਪੱਧਰ ’ਤੇ ਹੋਣ ਨਾਲ ਇਹ ਪੁਲਾਂ ਹੇਠ ਫਸ ਗਈ ਹੈੈ। ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਪਿਛਲੇ ਤਿੰਨ ਦਿਨਾਂ ਤੋਂ ਸੇਵਾਦਾਰਾਂ ਨੂੰ ਨਾਲ ਲੈ ਕੇ ਬੂਟੀ ਕੱਢਣ ਵਿੱਚ ਲੱਗੇ ਹੋਏ ਹਨ। ਪੰਜਾਬ ਸਰਕਾਰ ਨੇ ਵੀ ਦੋ ਥਾਵਾਂ ’ਤੇ ਬੂਟੀ ਕੱਢਣ ਵਾਲੀਆਂ ਮਸ਼ੀਨਾਂ ਲਾਈਆਂ ਹੋਈਆਂ ਹਨ। ਹਰਨਾਮਪੁਰ, ਬੂਸੋਵਾਲ ਤੇ ਹੋਰ ਕਈ ਪਿੰਡ ਜਿਹੜੇ ਵੇਈਂ ਦੇ ਨਾਲ ਲੱਗਦੇ ਹਨ, ਉਥੇ ਝੋਨੇ ਦੀ ਫਸਲ ਵਿਚ ਵੇਈਂ ਦਾ ਪਾਣੀ ਚਲਾ ਗਿਆ ਹੈ। ਉਨ੍ਹਾਂ ਦੱਸਿਆ ਕਿ ਦੋ ਮਸ਼ੀਨਾਂ ਲਗਾਤਾਰ ਲੱਗੀਆਂ ਹੋਈਆਂ ਹਨ ਜਿਸ ’ਤੇ ਰੋਜ਼ਾਨਾ 20 ਤੋਂ 25 ਹਜ਼ਾਰ ਰੁਪਏ ਦਾ ਡੀਜ਼ਲ ਲੱਗ ਰਿਹਾ ਹੈ। ਇਹ ਸੇਵਾ ਸੰਗਤ ਦੇ ਸਹਿਯੋਗ ਨਾਲ ਹੋ ਰਹੀ ਹੈ। ਇਸੇ ਦੌਰਾਨ ਸੰਤ ਸੀਚੇਵਾਲ ਨੇ ਅੱਜ ਕਾਂਜਲੀ, ਸੁਭਾਨਪੁਰ ਭਵਾਨੀਪੁਰ, ਗੁਰਦੁਆਰਾ ਸੰਤਘਾਟ, ਗੁਰਦੁਆਰਾ ਬੇਰ ਸਾਹਿਬ ਅਤੇ ਬੂਸੋਵਾਲ ਨੇੜੇ ਬਣੇ ਪੁਲਾਂ ਦਾ ਜਾਇਜ਼ਾ ਲਿਆ ਜਿਥੇ ਜਲ ਕੁੰਭੀ ਬੂਟੀ ਫਸੀ ਹੋਈ ਹੈ।
ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਜੇਕਰ ਵੇਈਂ ਵਿਚ ਸਾਰਾ ਸਾਲ ਹੀ 250 ਤੋਂ 300 ਕਿਊਸਿਕ ਤੱਕ ਪਾਣੀ ਚੱਲਦਾ ਰਹੇ ਤਾਂ ਇਸ ਵਿਚ ਕਦੇ ਵੀ ਬੂਟੀ ਦੀ ਸਮੱਸਿਆ ਪੈਦਾ ਨਹੀਂ ਹੋ ਸਕਦੀ।
ਵੇਈਂ ਦੇ ਉੰਤੋਂ ਲੰਘਦੇ ਹਨ 10 ਤੋਂ ਵੱਧ ਪੁਲ
ਸੁਲਤਾਨਪੁਰ ਲੋਧੀ ਇਲਾਕੇ ਤੋਂ ਲੈ ਕੇ ਕਪੂਰਥਲਾ ਤੱਕ ਵੇਈਂ ਉੱਪਰ 10 ਤੋਂ ਵੱਧ ਪੁਲ ਲੰਘਦੇ ਹਨ, ਜਿਥੇ ਜਲ ਕੁੰਭੀ ਬੂਟੀ ਫਸੀ ਹੋਈ ਹੈ। ਸੁਲਤਾਨਪੁਰ ਲੋਧੀ ’ਚ ਗੁਰਦੁਆਰਾ ਸੰਤਘਾਟ ਨੇੜੇ ਆਰਜ਼ੀ ਤੌਰ ’ਤੇ ਬਣੇ ਪਲਟੂਨ ਪੁਲ ’ਚ ਬੂਟੀ ਵੱਡੀ ਪੱਧਰ ’ਤੇ ਫਸੀ ਹੋਈ ਹੈ। ਸੇਵਾਦਾਰ ਅਮਰੀਕ ਸਿੰਘ ਸੰਧੂ ਨੇ ਦੱਸਿਆ ਕਿ ਬੂਟੀ ਕੱਢ ਕੇ ਲੱਗੇ ਢੇਰ ਦੱਸਦੇ ਹਨ ਕਿ ਕਿੰਨੇ ਵੱਡੀ ਪੱਧਰ ’ਤੇ ਬੂਟੀ ਪੁਲਾਂ ਹੇਠ ਫਸੀ ਹੋਈ ਹੈ ਤੇ ਹੁਣ ਬੂਟੀ ਰੱਖਣ ਲਈ ਵੀ ਥਾਂ ਨਹੀਂ ਬਚੀ।