ਪੱਤਰ ਪ੍ਰੇਰਕ
ਸ਼ਾਹਕੋਟ, 20 ਅਗਸਤ
ਇੱਥੋਂ ਦੇ ਸੇਂਟ ਮੰਨੂ ਕਾਨਵੈਂਟ ਸਕੂਲ ਵੱਲੋਂ ਸਕੂਲ ਦੇ ਗੰਦੇ ਪਾਣੀ ਨੂੰ ਡੂੰਘੇ ਟੋਏ ਵਿੱਚ ਪਾ ਕੇ ਪ੍ਰਦੂਸ਼ਣ ਨਿਯਮਾਂ ਦੀਆਂ ਧੱਜੀਆ ਉਡਾਈਆਂ ਗਈਆਂ ਹਨ। ਇਸ ਮਾਮਲੇ ਦੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਜਲੰਧਰ-2 ਦੀ ਟੀਮ ਵੱਲੋਂ ਕੀਤੀ ਗਈ ਪੜਤਾਲ ਵਿੱਚ ਇਹ ਦੋਸ਼ ਸਹੀ ਪਾਏ ਗਏ ਹਨ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਜਲੰਧਰ-2 ਦੇ ਐੱਸ.ਡੀ.ਓ. ਬਚਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਮੋਗਾ ਦੇ ਕਿਸੇ ਵਿਅਕਤੀ ਨੇ ਉਕਤ ਸਕੂਲ ਦੀ ਸ਼ਿਕਾਇਤ ਕੀਤੀ ਸੀ ਕਿ ਇਹ ਸਕੂਲ ਦੇ ਗੰਦੇ ਪਾਣੀ ਨੂੰ ਜ਼ਮੀਨ ਵਿੱਚ ਪਾ ਕੇ ਪ੍ਰਦੂਸ਼ਣ ਨਿਯਮਾਂ ਦੀਆਂ ਧੱਜੀਆਂ ਉਡਾ ਕੇ ਧਰਤੀ ਹੇਠਲੇ ਪਾਣੀ ਨੂੰ ਪ੍ਰਦੂਸ਼ਿਤ ਕਰ ਰਿਹਾ ਹੈ। ਸ਼ਿਕਾਇਤ ਦੀ ਪੜਤਾਲ ਵਿੱਚ ਸ਼ਿਕਾਇਤਕਰਤਾ ਵੱਲੋਂ ਸਕੂਲ ਉੱਪਰ ਲਗਾਏ ਸਾਰੇ ਦੋਸ਼ ਸਹੀ ਸਾਬਿਤ ਹੋਏ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਮੁਢਲੇ ਪੜਾਅ ’ਚ ਸਕੂਲ ਨੂੰ ਨੋਟਿਸ ਜਾਰੀ ਕਰਕੇ ਉਨ੍ਹਾਂ ਦੀ ਜਵਾਬ ਤਲਬੀ ਕਰਦਿਆਂ ਉਨ੍ਹਾਂ ਕੋਲੋਂ ਸਪੱਸ਼ਟੀਕਰਨ ਮੰਗਿਆ ਹੈ। ਸਪੱਸ਼ਟੀਕਰਨ ਵਿੱਚ ਸਕੂਲ ਨੂੰ ਪੁੱਛਿਆ ਗਿਆ ਹੈ ਕਿ ਉਹ ਇਹ ਕੰਮ ਕਿਉਂ ਅਤੇ ਕਿੰਨੇ ਸਮੇਂ ਤੋਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਰਿਪੋਰਟ ਬਣਾ ਕੇ ਉੱਚ ਅਧਿਕਾਰੀਆ ਨੂੰ ਭੇਜੀ ਗਈ ਹੈ। ਸਕੂਲ ਦੇ ਜਵਾਬ ਆਉਣ ਤੋਂ ਬਾਅਦ ਉਹ ਉਨ੍ਹਾਂ ਖ਼ਿਲਾਫ਼ ਬਣਦੀ ਵਿਭਾਗੀ ਕਾਨੂੰਨੀ ਕਾਰਵਾਈ ਕਰਨਗੇ।