ਜਗਜੀਤ ਸਿੰਘ
ਮੁਕੇਰੀਆਂ, 6 ਫਰਵਰੀ
ਮੁਕੇਰੀਆਂ ਡਿਸਟਰੀਬਿਊਟਰੀ ਉੱਤੇ ਬੀਤੀ ਦੇਰ ਰਾਤ ਪਾਈ ਨਾਜਾਇਜ਼ ਪੁਲੀ ਅੱਜ ਦੇਰ ਸ਼ਾਮ ਨਹਿਰੀ ਵਿਭਾਗ ਦੇ ਐਕਸੀਐਨ ਵਿਨੈ ਕੁਮਾਰ ਤੇ ਐੱਸਡੀਓ ਪ੍ਰਦੀਪ ਕੁਮਾਰ ਦੀ ਅਗਵਾਈ ਵਾਲੀ ਟੀਮ ਨੇ ਤੁੜਵਾ ਦਿੱਤੀ। ਨਹਿਰੀ ਪੁਲੀ ਤੁੜਵਾਉਣ ਲਈ ਐੱਸਡੀਐੱਮ ਨੂੰ ਦਿੱਤੀਆਂ ਲਿਖਤੀ ਦਰਖਾਸਤਾਂ ਦੇਣ ਦੇ ਬਾਵਜੂਦ ਚੋਣ ਅਧਿਕਾਰੀ ਵੱਲੋਂ ਡਿਊਟੀ ਮੈਜਿਸਟਰੇਟ ਨਾ ਭੇਜਣ ਕਾਰਨ ਸਾਰੀ ਜਿੰਮੇਵਾਰੀ ਖੁਦ ਨਹਿਰੀ ਅਧਿਕਾਰੀਆਂ ਨੇ ਲੈਂਦਿਆਂ ਇਸ ਨਾਜਾਇਜ਼ ਕਬਜ਼ੇ ਨੂੰ ਹਟਾਇਆ।
ਐਕਸੀਐਨ ਵਿਨੈ ਕੁਮਾਰ ਤੇ ਐੱਸਡੀਓ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਸੂਚਨਾ ਮਿਲੀ ਕਿ ਸ਼ਾਹ ਨਹਿਰ ਦੀ ਮੁਕੇਰੀਆਂ ਡਿਸਟ੍ਰੀਬਿਊਟਰੀ ਉੱਤੇ ਕ੍ਰਿਸ਼ਨ ਕੁਮਾਰ ਨਾਮੀ ਵਿਆਕਤੀ ਵੱਲੋਂ ਦੇਰ ਰਾਤ ਨਾਜਾਇਜ਼ ਪੁਲੀ ਪਾ ਦਿੱਤੀ ਗਈ ਹੈ। ਜਦੋਂ ਵਿਭਾਗੀ ਟੀਮ ਉਨ੍ਹਾਂ ਨੂੰ ਪੁਲੀ ਹਟਾਉਣ ਲੈਣ ਲਈ ਆਖਣ ਪੁੱਜੀ ਤਾਂ ਲੋਕਾਂ ਨੇ ਪੁਲੀ ਤੋੜਨ ਤੋਂ ਇਨਕਾਰ ਕਰਦਿਆਂ ਆਪਣੀਆਂ ਘਰਾਂ ਦੀਆਂ ਔਰਤਾਂ ਨੂੰ ਅੱਗੇ ਕਰਕੇ ਝਗੜਾ ਕਰਨਾ ਸ਼ੁਰੂ ਕਰ ਦਿੱਤਾ। ਵਿਭਾਗ ਵੱਲੋਂ ਸਾਰੀ ਜਾਣਕਾਰੀ ਐੱਸਡੀਐੱਮ ਮੁਕੇਰੀਆਂ ਨੂੰ ਦੇ ਕੇ ਪੁਲੀਸ ਨੂੰ ਸੂਚਿਤ ਕੀਤਾ ਗਿਆ। ਨਾਜਾਇਜ਼ ਪੁਲੀ ਤੁੜਵਾਉਣ ਲਈ ਵਿਭਾਗੀ ਟੀਮ ਨੂੰ ਬਾਅਦ ਦੁਪਹਿਰ ਪੁਲੀਸ ਸੁਰੱਖਿਆ ਤਾਂ ਮਿਲ ਗਈ ਪਰ ਡਿਊਟੀ ਮੈਜਿਸਟਰੇਟ ਨਾ ਮਿਲਣ ਕਰਕੇ ਦੇਰ ਸ਼ਾਮ ਉਨ੍ਹਾਂ ਵੱਲੋਂ ਵੀਡੀਓਗ੍ਰਾਫੀ ਕਰਦਿਆਂ ਇਹ ਪੁਲੀ ਪੁਲੀਸ ਦੀ ਮਦਦ ਨਾਲ ਤੁੜਵਾ ਦਿੱਤੀ ਗਈ।
ਸ਼ਾਹ ਨਹਿਰ ਮੁਲਾਜ਼ਮਾਂ ਦੀ ਜਥੇਬੰਦੀ ਦੇ ਪ੍ਰਧਾਨ ਜਸਪਾਲ ਸਿੰਘ ਤੇ ਜਨਰਲ ਸਕੱਤਰ ਨਿਰਮਲ ਸਿੰਘ ਨੇ ਕਿਹਾ ਕਿ ਬੀਤੀਆਂ ਨਗਰ ਕੌਂਸਲ ਚੌਣਾਂ ਦੌਰਾਨ ਵੀ ਅਜਿਹੀ ਸਮੱਸਿਆ ਆਉਣ ਕਾਰਨ ਉਨ੍ਹਾਂ ਨੇ ਚੋਣਾਂ ਤੋਂ ਪਹਿਲਾਂ ਐੱਸਡੀਐੱਮ ਰਾਹੀਂ ਡੀਸੀ ਨੂੰ ਨਾਜਾਇਜ਼ ਪੁਲੀਆਂ ਰੋਕਣ ਲਈ ਸਖਤ ਹਦਾਇਤਾਂ ਕਰਨ ਦੀ ਮੰਗ ਕੀਤੀ ਸੀ। ਮੌਜੂਦਾ ਸਮੇਂ ਨਹਿਰੀ ਵਿਭਾਗ ਦੀ ਅੱਧੇ ਤੋਂ ਵੱਧ ਮੁਲਾਜ਼ਮ ਚੋਣ ਡਿਊਟੀ ’ਤੇ ਹਨ ਅਤੇ ਅਜਿਹੇ ਵਿੱਚ ਨਾਜਾਇਜ਼ ਪੁਲੀਆਂ ਪਾਉਣ ਵਾਲੇ ਲੋਕਾਂ ਨਾਲ ਨਜਿੱਠਣਾ ਪ੍ਰਸਾਸ਼ਨਿਕ ਸਹਿਯੋਗ ਤੋਂ ਬਿਨਾਂ ਸੰਭਵ ਨਹੀਂ ਹੈ। ਉਨ੍ਹਾਂ ਨੇ ਡਿਪਟੀ ਕਮਿਸ਼ਨਰ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ਵਿੱਚ ਸਖਤ ਹਦਾਇਤਾਂ ਕਰਨ ਕਿਉਂਕਿ ਪੁਲੀ ਹਟਾਉਣ ਮੌਕੇ ਡਿਊਟੀ ਮੈਜਿਸਟਰੇਟ ਨਾ ਹੋਣ ਕਾਰਨ ਮੁਲਾਜ਼ਮਾਂ ਦੇ ਨੁਕਸਾਨ ਦਾ ਖਦਸ਼ਾ ਬਣਿਆ ਰਹਿੰਦਾ ਹੈ।
ਡਿਊਟੀ ਮੈਜਿਸਟਰੇਟ ਨਾ ਭੇਜਣ ਬਾਰੇ ਐੱਸਡੀਐੱਮ ਨੇ ਫੋਨ ਅਟੈਂਡ ਨਾ ਕੀਤਾ
ਡਿਊਟੀ ਮੈਜਿਸਟਰੇਟ ਨਾ ਭੇਜਣ ਬਾਰੇ ਐੱਸਡੀਐੱਮ ਮੁਕੇਰੀਆਂ ਕੰਵਲਜੀਤ ਸਿੰਘ ਨੂੰ ਫੋਨ ਕੀਤਾ ਪਰ ਉਨ੍ਹਾਂ ਫੋਨ ਅਟੈਂਡ ਨਹੀਂ ਕੀਤਾ, ਜਦੋਂ ਕਿ ਇਹ ਸਾਰੀ ਜਾਣਕਾਰੀ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੂੰ ਵਟਸਐਪ ਰਾਹੀਂ ਭੇਜਣ ਉਪਰੰਤ ਉਨ੍ਹਾਂ ਨੇ ਵੀ ਕੋਈ ਜਵਾਬ ਨਾ ਦਿੱਤਾ।