ਭਗਵਾਨ ਦਾਸ ਸੰਦਲ
ਦਸੂਹਾ, 12 ਜਨਵਰੀ
ਵਿਧਾਨ ਸਭਾ ਹਲਕਾ ਦਸੂਹਾ ਵਿੱਚ ਸਿਆਸੀ ਦਿੱਗਜ਼ਾਂ ਵੱਲੋਂ ਸਿਆਸੀ ਸਫਾਂ ਵਿੱਚ ਆਪਣੀ ਹੋਂਦ ਬਰਕਰਾਰ ਰੱਖਣ ਲਈ ਚੋਣ ਪਿੜ ਵਿੱਚ ਜਿੱਤ ਲਈ ਹਰ ਹੀਲਾ ਅਖਤਿਆਰ ਕੀਤਾ ਜਾ ਰਿਹਾ ਹੈ। ਇਨ੍ਹਾਂ ਦਿਗਜ਼ਾਂ ਵਿੱਚ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਐਡਵੋਕੇਟ ਕਰਮਬੀਰ ਘੁੰਮਣ, ਮਰਹੂਮ ਸਿਹਤ ਮੰਤਰੀ ਰਮੇਸ਼ ਚੰਦਰ ਡੋਗਰਾ ਦੇ ਪੁੱਤਰ ਅਰੁਣ ਮਿੱਕੀ ਡੋਗਰਾ, ਅਕਾਲੀ ਬਸਪਾ ਦੇ ਉਮੀਦਵਾਰ ਸੁਸ਼ੀਲ ਕੁਮਾਰ ਪਿੰਕੀ ਤੇ ਭਾਜਪਾ ਦੇ ਸਾਬਕਾ ਸੂਬਾ ਮੀਤ ਪ੍ਰਧਾਨ ਰਘੂਨਾਥ ਸਿੰਘ ਰਾਣਾ ਪ੍ਰਮੁੱਖ ਹਨ। ਇਸ ਤੋਂ ਇਲਾਵਾ ਸੰਯੁਕਤ ਮੋਰਚਾ ਦੇ ਆਰ.ਐਲ ਸੰਧੂ ਅਤੇ ਅਕਾਲੀ ਦਲ ਅੰਮ੍ਰਿਤਸਰ ਦੇ ਸੁਖਵਿੰਦਰ ਸਿੰਘ ਵੀ ਚੋਣ ਮੈਦਾਨ ’ਚ ਹਨ। ‘ਆਪ’ ਦੇ ਉਮੀਦਵਾਰ ਐਡਵੋਕੇਟ ਘੁੰਮਣ 2012 ’ਚ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਜ਼ਿਲਾ ਪ੍ਰਧਾਨ ਰਹਿ ਚੁੱਕੇ ਹਨ। 2017 ’ਚ ਉਹ ਕਾਂਗਰਸ ’ਚ ਸ਼ਾਮਲ ਹੋਏ। ਕਾਂਗਰਸ ਦੀ ਟਿਕਟ ਕੱਟੇ ਜਾਣ ’ਤੇ ਘੁੰਮਣ ਦੇ ਪਿਤਾ ਜਗਮੋਹਣ ਸਿੰਘ ਘੁੰਮਣ ਨੇ ਅਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਪਰ ਕਾਮਯਾਬ ਨਹੀਂ ਹੋਏ। ਇਸ ਮਗਰੋਂ ਉਹ ਸਮਰਥਕਾਂ ਸਮੇਤ ‘ਆਪ’ ‘ਚ ਸ਼ਾਮਲ ਹੋ ਗਏ।
ਕਾਂਗਰਸ ਪਾਰਟੀ ਦੇ ਉਮੀਦਵਾਰ ਵਜੋਂ ਮਰਹੂਮ ਸਿਹਤ ਮੰਤਰੀ ਰਮੇਸ਼ ਚੰਦਰ ਡੋਗਰਾ ਦੇ ਪੁੱਤਰ ਅਰੁਣ ਮਿੱਕੀ ਡੋਗਰਾ ਦੂਸਰੀ ਵਾਰ ਚੋਣ ਮੈਦਾਨ ’ਚ ਹਨ। 2017 ਵਿੱਚ ਉਨਾਂ ਭਾਜਪਾ ਦੀ ਬੀਬੀ ਸੁਖਜੀਤ ਕੌਰ ਸਾਹੀ ਨੂੰ 17,638 ਵੋਟਾਂ ਦੇ ਫਰਕ ਨਾਲ ਹਰਾ ਕਰਕੇ ਵਿਧਾਨ ਸਭਾ ਚੋਣ ਜਿੱਤੀ ਸੀ। ਇਸ ਵਾਰ ਦੇ ਬਹੁਕੋਨੇ ਚੋਣ ਮੁਕਾਬਲੇ ’ਚ ਡੋਗਰਾ ਦਾ ਸਿਆਸੀ ਵੱਕਾਰ ਵੀ ਦਾਅ ’ਤੇ ਲੱਗਿਆ ਹੋਇਆ ਹੈ। ਸੰਯੁਕਤ ਮੋਰਚਾ ਵੱਲੋਂ ਡਰੋਨ ਵਿਭਾਗ ਪੰਜਾਬ ਦੇ ਸੇਵਾਮੁਕਤ ਚੀਫ ਆਰ.ਐਲ ਸੰਧੂ ਅਤੇ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸੁਖਵਿੰਦਰ ਸਿੰਘ ਹਲਕੇ ਤੋਂ ਉਮੀਦਵਾਰ ਹਨ।