ਪਾਲ ਸਿੰਘ ਨੌਲੀ
ਜਲੰਧਰ, 19 ਫਰਵਰੀ
ਨਗਰ ਨਿਗਮ ਹਾਊਸ ਦੀ ਉਚੇਚੀ ਸੱਦੀ ਗਈ ਮੀਟਿੰਗ ਵਿੱਚ ਅੱਜ ਸ਼ਹਿਰ ’ਚ ਇਸ਼ਤਿਹਾਰਬਾਜ਼ੀ ਕਰਨ ਦੇ ਠੇਕੇ ਦਾ ਟੈਂਡਰ ਸਰਬਸੰਮਤੀ ਨਾਲ ਰੱਦ ਕਰ ਦਿੱਤਾ ਗਿਆ ਅਤੇ ਮੀਟਿੰਗ ਦਾ ਬਾਈਕਾਟ ਕਰਨ ਵਾਲੇ ਨਗਰ ਨਿਗਮ ਦੇ ਮੁਲਾਜ਼ਮਾਂ ਵਿਰੁੱਧ ਮਰਿਆਦਾ ਭੰਗ ਕਰਨ ਦਾ ਮਤਾ ਪਾਸ ਕੀਤਾ ਗਿਆ।
ਸਥਾਨਕ ਰੈੱਡ ਕਰਾਸ ਭਵਨ ਵਿੱਚ ਮੇਅਰ ਜਗਦੀਸ਼ ਰਾਜਾ ਤੇ ਕਮਿਸ਼ਨਰ ਕਰਨੇਸ਼ ਸ਼ਰਮਾ ਦੀ ਅਗਵਾਈ ਹੇਠ ਹਾਊਸ ਦੀ ਮੀਟਿੰਗ ਡੇਢ ਘੰਟਾ ਚੱਲੀ, ਜਿਸ ਵਿੱਚ ਇਕੋ ਮਤਾ ਰੱਖਿਆ ਗਿਆ ਕਿ ਇਸ਼ਤਿਹਾਰਬਾਜ਼ੀ ਸਬੰਧੀ ਟੈਂਡਰ ਬਾਰੇ ਜਾਂਚ ਲਈ ਬਣਾਈ ਗਈ ਐਡਹਾਕ ਕਮੇਟੀ ਨੂੰ ਚਾਰ ਕਰੋੜ ਦੀਆਂ ਗੜਬੜਾਂ ਮਿਲੀਆਂ ਸਨ। ਇਸ ਟੈਂਡਰ ਨੂੰ ਰੱਦ ਕਰਨ ਦੇ ਮਤੇ ਸਬੰਧੀ ਸੱਤਾਧਾਰੀ ਧਿਰ ਕਾਂਗਰਸ, ਅਕਾਲੀ ਤੇ ਭਾਜਪਾ ਦੇ ਕੌਂਸਲਰਾਂ ਨੇ ਇਕਜੁੱਟਤਾ ਦਿਖਾਉਂਦਿਆਂ ਇਸ ਨੂੰ ਪਾਸ ਕਰਵਾ ਦਿੱਤਾ।
ਜ਼ਿਕਰਯੋਗ ਹੈ ਕਿ ਸ਼ਹਿਰ ਵਿੱਚ 59 ਦੇ ਕਰੀਬ ਯੂਨੀਪੋਲ ਲੱਗੇ ਹੋਏ ਹਨ ਜਿਨ੍ਹਾਂ ਵਿੱਚੋਂ ਸਿਰਫ 26 ’ਤੇ ਹੀ ਇਸ਼ਤਿਹਾਰਬਾਜ਼ੀ ਕੀਤੀ ਜਾ ਰਹੀ ਸੀ। ਇਸ ਨਾਲ ਨਗਰ ਨਿਗਮ ਨੂੰ ਸਾਲ ਦੇ ਪੌਣੇ ਦੋ ਕਰੋੜ ਰੁਪਏ ਇਕੱਠੇ ਹੁੰਦੇ ਸਨ। ਯੂਨੀਪੋਲਾਂ ਦਾ ਠੇਕਾ ਲੈਣ ਵਾਲੀ ਕੰਪਨੀ ਦਾ ਕਹਿਣਾ ਸੀ ਕਿ ਜਦੋਂ ਉਨ੍ਹਾਂ ਨੂੰ 26 ਯੂਨੀਪੋਲ ਇਸ਼ਤਿਹਾਰਬਾਜ਼ੀ ਲਈ ਦਿੱਤੇ ਗਏ ਹਨ ਤਾਂ ਉਹ ਉਨ੍ਹਾਂ ਦੇ ਪੈਸੇ ਨਗਰ ਨਿਗਮ ਨੂੰ ਦੇ ਰਹੇ ਹਨ ਬਾਕੀ ਜਦੋਂ 33 ਯੂਨੀਪੋਲ ਮਿਲੇ ਹੀ ਨਹੀਂ ਤਾਂ ਉਹ ਉਨ੍ਹਾਂ ਦੇ ਪੈਸੇ ਕਿੱਥੋਂ ਦੇਣ?
ਉੱਧਰ, ਨਗਰ ਨਿਗਮ ਦੇ ਮੁਲਾਜ਼ਮਾਂ ਨੇ ਮੀਟਿੰਗ ਦਾ ਬਾਈਕਾਟ ਕੀਤਾ। ਆਜ਼ਾਦ ਤੌਰ ’ਤੇ ਜਿੱਤੇ ਕੌਂਸਲਰ ਦਵਿੰਦਰ ਰੌਨੀ ਨੇ ਮੇਅਰ ਜਗਦੀਸ਼ ਰਾਜਾ ’ਤੇ ਦੋਸ਼ ਲਾਇਆ ਕਿ ਉਹ ਅਫਸਰਾਂ ਨੂੰ ਬਚਾਉਣ ਵਿਚ ਲੱਗੇ ਹੋਏ ਹਨ। ਕਦੇ ਵੀ ਉਨ੍ਹਾਂ ਨੇ ਹਾਊਸ ਦੀ ਮਰਿਆਦਾ ਭੰਗ ਕਰਨ ਵਾਲਿਆਂ ਵਿਰੁੱਧ ਕਾਰਵਾਈ ਨਹੀਂ ਕੀਤੀ। ਭਾਜਪਾ ਦੇ ਕੌਂਸਲਰ ਸੁਸ਼ੀਲ ਸ਼ਰਮਾ ਨੇ ਕਿਹਾ ਕਿ ਜਦੋਂ ਇਸ਼ਤਿਹਾਰਬਾਜ਼ੀ ਦਾ ਘੁਟਾਲਾ ਕਾਂਗਰਸੀ ਕੌਂਸਲਰਾਂ ਨੇ ਹੀ ਸਾਹਮਣੇ ਲਿਆਂਦਾ ਸੀ ਤਾਂ ਫਿਰ ਇਸ ਗੜਬੜ ਵਿਚ ਸ਼ਾਮਲ ਮੁਲਾਜ਼ਮਾਂ ਵਿਰੁੱਧ ਸਖਤੀ ਕਿਉਂ ਨਹੀਂ ਵਰਤੀ ਗਈ?
ਇਸੇ ਦੌਰਾਨ ਨਿਗਮ ਦੇ ਮੁਲਾਜ਼ਮਾਂ ਦੀ ਯੂਨੀਅਨ ਦੇ ਆਗੂ ਮਨਦੀਪ ਸਿੰਘ ਨੇ ਕਿਹਾ ਕਿ ਹਾਊਸ ਦੀ ਇਹ ਮੀਟਿੰਗ ਹੀ ਗੈਰ ਕਾਨੂੰਨੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਹਾਊਸ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਜਾ ਕੇ ਕਾਰਵਾਈਆਂ ਕਰ ਰਿਹਾ ਹੈ। ਇਸ਼ਤਿਹਾਰਬਾਜ਼ੀ ਦੇ ਠੇਕੇ ’ਤੇ ਮੇਅਰ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਚਾਰ ਦਿਨ ਪਹਿਲਾਂ ਹੀ ਲਿਖਤੀ ਤੌਰ ’ਤੇ ਦੇ ਦਿੱਤੇ ਗਏ ਸਨ।
ਉਨ੍ਹਾਂ ਇਸ ਗੱਲ ’ਤੇ ਵੀ ਇਤਰਾਜ਼ ਕੀਤਾ ਕਿ ਹਾਊਸ ਵਿਚ ਮੁਲਾਜ਼ਮਾਂ ਨੂੰ ਤਲਬ ਕਰਨਾ ਜਾਇਜ਼ ਨਹੀਂ ਹੈ। ਹਾਊਸ ਵਿਚ ਮੀਟਿੰਗ ਦੌਰਾਨ ਕੌਂਸਲਰ ਜਗਦੀਸ਼ ਗੱਗ, ਮਨਮੋਹਨ ਸਿੰਘ ਰਾਜੂ ਤੇ ਜਗਦੀਸ਼ ਸਮਰਾਏ ਨੇ ਕਿਹਾ ਕਿ ਨਗਰ ਨਿਗਮ ਦੇ ਅਫਸਰ, ਕੌਂਸਲਰਾਂ ਦੀ ਗੱਲ ਨਹੀਂ ਸੁਣ ਰਹੇ। ਜ਼ਿਕਰਯੋਗ ਹੈ ਕਿ ਦੋ ਸਾਲ ਪਹਿਲਾਂ ਵੀ ਮੁਲਾਜ਼ਮਾਂ ਨੇ ਬਾਈਕਾਟ ਕੀਤਾ ਸੀ ਪਰ ਇਸ ਵਾਰ ਮੁਲਾਜ਼ਮਾਂ ਵਿਰੁੱਧ ਮਤਾ ਪਾਸ ਕਰਕੇ ਕਾਰਵਾਈ ਕਰਨ ਲਈ ਕਿਹਾ ਗਿਆ ਹੈ।