ਜਸਬੀਰ ਸਿੰਘ ਚਾਨਾ
ਫਗਵਾੜਾ, 26 ਜੂਨ
ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਵਿਧਾਨ ਸਭਾ ਹਲਕਾ ਫਗਵਾੜਾ ਦੇ ਪਿੰਡਾਂ ਵਿੱਚ ਆਪਣੇ ਐਮ.ਪੀ ਲੈਡ ਫੰਡ ਵਿੱਚੋਂ ਜਾਰੀ ਫੰਡ ਨਾਲ ਕੰਮ ਸ਼ੁਰੂ ਕਰਵਾਏ। ਇਸ ’ਚ ਜਗਤਪੁਰ ਜੱਟਾਂ ਵਿਖੇ ਐਸ.ਸੀ ਧਰਮਸ਼ਾਲਾ ਦੀ ਸ਼ੈੱਡ ਅਤੇ ਫਰਸ਼ ਲਈ 3.00 ਲੱਖ, ਉੱਚਾ ਪਿੰਡ ਵਿਖੇ ਗਲੀ ਲਈ 5.00 ਲੱਖ ਅਤੇ ਹਰਦਾਸਪੁਰ ਵਿਖੇ ਐਸ.ਸੀ ਸ਼ਮਸ਼ਾਨਘਾਟ ਵਾਸਤੇ 2.00 ਲੱਖ ਆਦਿ ਦੀਆਂ ਗ੍ਰਾਂਟਾਂ ਸ਼ਾਮਲ ਸਨ। ਜਾਣਕਾਰੀ ਦਿੰਦਿਆਂ ਸੋਮ ਪ੍ਰਕਾਸ਼ ਨੇ ਕਿਹਾ ਕਿ ਐਮ.ਪੀ ਲੈਡ ਫੰਡ ਰਾਹੀਂ ਫਗਵਾੜਾ ਹਲਕੇ ਦੇ ਪਿੰਡਾਂ ਦਾ ਸਰਵਪੱਖੀ ਵਿਕਾਸ ਹੋਵੇਗਾ ਅਤੇ ਗ੍ਰਾਂਟ ਦੀ ਕੋਈ ਕਮੀ ਨਹੀਂ ਆਵੇਗੀ। ਇਸ ਮੌਕੇ ਮੰਡਲ ਪ੍ਰਧਾਨ ਮੌਲ਼ੀ ਜੀਤਾ ਪੰਡਵਾ, ਸਰਪੰਚ ਹਰਦਾਸਪੁਰ ਬਲਵਿੰਦਰ ਕੌਰ, ਬਿੰਦਰ ਕੁਮਾਰ ਰੋਸ਼ੀ ਹਰਦਾਸਪੁਰ, ਸਾਬਕਾ ਸਰਪੰਚ ਨਰਿੰਦਰ ਸਿੰਘ, ਹਰਮੇਸ਼ ਲਾਲ, ਦੀਪ ਹਰਦਾਸਪੁਰ, ਵਿੱਕੀ ਉੱਚਾ ਪਿੰਡ, ਗੱਗੀ ਉੱਚਾ ਪਿੰਡ ਅਤੇ ਪਿੰਡ ਵਾਸੀ ਹਾਜ਼ਰ ਸਨ।
ਸੰਗਰੂਰ ਦੇ ਲੋਕਾਂ ਨੇ ‘ਆਪ’ ਦੀਆਂ ਨੀਤੀਆਂ ਨੂੰ ਨਾਕਾਰਿਆ: ਸੋਮ ਪ੍ਰਕਾਸ਼
ਸੰਗਰੂਰ ਲੋਕ ਸਭਾ ਸੀਟ ਤੋਂ ‘ਆਪ’ ਸਰਕਾਰ ਦੀ ਹੋਈ ਹਾਰ ਤੋਂ ਬਾਅਦ ਲੋਕਾਂ ਨੇ ਸਿੱਧ ਕਰ ਦਿੱਤਾ ਹੈ ਕਿ ਲੋਕ ਆਪ ਦੀਆਂ ਨੀਤੀਆਂ ਤੋਂ ਬੁਰੀ ਤਰ੍ਹਾਂ ਨਾਰਾਜ਼ ਹਨ ਕਿਉਂਕਿ ਜਿਨ੍ਹਾਂ ਮਸਲਿਆਂ ਨੂੰ ਲੈ ਕੇ ਸਰਕਾਰ ਨੇ ਲੋਕਾਂ ਤੋਂ ਵੋਟਾਂ ਮੰਗੀਆਂ ਸਨ ਉਸ ਮਿਸ਼ਨ ’ਤੇ ਸਰਕਾਰ ਧਿਆਨ ਨਹੀਂ ਦੇ ਰਹੀ ਜਿਸ ਕਾਰਨ ‘ਆਪ’ ਨੂੰ ਸੰਗਰੂਰ ’ਚ ਕਰਾਰੀ ਹਾਰ ਮਿਲੀ ਹੈ। ਇਹ ਪ੍ਰਗਟਾਵਾ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਕਰਦਿਆਂ ਕਿਹਾ ਕਿ ਭਗਵੰਤ ਮਾਨ ਸਰਕਾਰ ਲੋਕਾਂ ਦਾ ਧਿਆਨ ਭ੍ਰਿਸ਼ਟਾਚਾਰੀ ਮੁਹਿੰਮ ਵੱਲ ਲੱਗਾ ਕੇ ਆਪਣਾ ਸਮਾਂ ਕੱਢ ਰਹੀ ਹੈ ਜਦਕਿ ਪੰਜਾਬ ’ਚ ਅਮਨ ਕਾਨੂੰਨ ਦੀ ਸਥਿਤੀ ਪੂਰੀ ਤਰ੍ਹਾਂ ਭੰਗ ਹੋ ਗਈ ਹੈ। ਉਨ੍ਹਾਂ ਕਿਹਾ ਕਿ ਲੋਕ ਆਪਣੇ ਕੰਮਾਂ ਦੀ ਖਾਤਿਰ ਥਾਣਿਆਂ ’ਚ ਧੱਕੇ ਖਾ ਰਹੇ ਹਨ। ਥਾਣਿਆਂ ’ਚ ਬਕਾਇਆ ਕੇਸਾਂ ਦੀ ਗਿਣਤੀ ’ਚ ਦਿਨੋ ਦਿਨ ਵਾਧਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਰਵਾਇਤੀ ਪਾਰਟੀਆਂ ਦਾ ਵੀ ਬੁਰੀ ਤਰ੍ਹਾਂ ਭੋਗ ਪੈ ਗਿਆ ਹੈ ਕਿਉਂਕਿ ਅਕਾਲੀ ਦਲ ਨੂੰ ਖਾਸ ਕਰਕੇ ਕਰਾਰੀ ਸੱਟ ਵੱਜੀ ਹੈ। ਪਿਛਲੀਆਂ ਚੋਣਾਂ ਦੌਰਾਨ ਢਾਈ ਲੱਖ ਦੇ ਕਰੀਬ ਵੋਟਾਂ ਮਿਲਣ ਦੀ ਥਾਂ ਹੁਣ 50 ਹਜ਼ਾਰ ਤੋਂ ਵੀ ਘੱਟ ਵੋਟਾਂ ਨਾਲ ਸਬਰ ਕਰਨਾ ਪਿਆ ਹੈ। ਇਸੇ ਤਰ੍ਹਾਂ ਕਾਂਗਰਸ ਦਾ ਵੀ ਇਹੀ ਹਾਲ ਹੋਇਆ ਹੈ। ਭਾਜਪਾ ਸਬੰਧੀ ਪੁੱਛੇ ਸੁਆਲ ਦੇ ਜੁਆਬ ’ਚ ਉਨ੍ਹਾਂ ਕਿਹਾ ਕਿ ਭਾਜਪਾ ਨੇ ਤਾਂ ਸੰਗਰੂਰ ਤੋਂ ਆਪਣੇ ਦਮ ’ਤੇ ਪਹਿਲੀ ਵਾਰ ਚੋਣ ਲੜੀ ਹੈ ਪਰ ਲੋਕਾਂ ਨੇ ਫ਼ਿਰ ਵੀ ਪਾਰਟੀ ਦਾ ਮਾਣ ਰੱਖਿਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਆਗੂ ਹੁਣ ਚੰਗੇ ਢੰਗ ਨਾਲ ਵਿਚਰ ਕੇ ਲੋਕਾਂ ਦੇ ਕੰਮ ਕਰਨਗੇ ਤੇ 2024 ਦੀਆਂ ਲੋਕ ਸਭਾ ਚੋਣਾਂ ’ਚ ਜਿੱਤ ਯਕੀਨੀ ਬਣਾਉਣਗੇ।
ਅੰਗਹੀਣ ਏਕਤਾ ਯੁੂਨੀਅਨ ਦੇ ਵਫਦ ਨੇ ਮੰਤਰੀ ਨੂੰ ਮੰਗ ਪੱਤਰ ਸੌਂਪਿਆ
ਅੰਗਹੀਣ ਏਕਤਾ ਯੁੂਨੀਅਨ ਦਾ ਵਫਦ ਯੁੂਨੀਅਨ ਦੇ ਪ੍ਰਧਾਨ ਪਲਵਿੰਦਰ ਕੁਮਾਰ ਪਿੰਦਾ ਦੀ ਅਗਵਾਈ ਵਿੱਚ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੂੰ ਮਿਲਿਆ ਤੇ ਮੰਗ ਪੱਤਰ ਦਿੱਤਾ। ਉਨ੍ਹਾਂ ਮੰਗ ਕੀਤੀ ਕਿ ਇੰਦਰਾ ਗਾਂਧੀ ਰਾਸ਼ਟਰੀ ਦਿਵਿਆਂਗਤਾ ਪੈਨਸ਼ਨ ਸਕੀਮ ਅਧੀਨ ਬੀ.ਪੀ.ਐਲ ਕਾਰਡ ਦੀ ਸ਼ਰਤ ਖਤਮ ਕਰਨ ਤੇ ਅੰਗਹੀਣ ਵਿਅਕਤੀਆਂ ਨੂੰ ਆਸਾਨ ਕਿਸ਼ਤਾਂ ਤੇ ਲੋਨ ਲੈਣ ਲਈ ਵਿਸ਼ੇਸ਼ ਸਕੀਮ ਬਣਾਈ ਜਾਵੇ ਤਾਂ ਜੋ ਉਹ ਵੀ ਆਪਣਾ ਰੁਜ਼ਗਾਰ ਖੋਲ੍ਹ ਸਕਣ। ਇਸ ਮੌਕੇ ਸੋਮ ਪ੍ਰਕਾਸ਼ ਨੇ ਉਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦੀਆਂ ਮੰਗਾਂ ਉੱਪਰ ਵਿਸ਼ੇਸ਼ ਧਿਆਨ ਦਿੰਦਿਆਂ ਸਬੰਧਤ ਵਿਭਾਗ ਨੂੰ ਉਨ੍ਹਾਂ ਦੀ ਪ੍ਰੇਸ਼ਾਨੀ ਬਾਰੇ ਜਾਣੂ ਕਰਵਾਇਆ ਜਾਵੇਗਾ ਅਤੇ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ। ਕੇਂਦਰ ਦੀ ਮੋਦੀ ਸਰਕਾਰ ਅੰਗਹੀਣ ਵਿਅਕਤੀਆਂ ਦੀ ਜੀਵਨ ਸ਼ੈਲੀ ਨੂੰ ਸੌਖਾ ਕਰਨ ਲਈ ਹਮੇਸ਼ਾ ਤੋਂ ਵਚਨਬੱਧ ਹੈ।