ਨਿੱਜੀ ਪੱਤਰ ਪ੍ਰੇਰਕ
ਜਲੰਧਰ, 1 ਜਨਵਰੀ
ਨਵੇਂ ਸਾਲ ਮੌਕੇ ਬੀਐਡ ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਨੇ ਸਥਾਨਕ ਬੱਸ ਸਟੈਂਡ ਤੋਂ ਲੈ ਕੇ ਸ਼ਹਿਰ ਵਿੱਚ ਮਾਰਚ ਕਰਦੇ ਹੋਏ ਸਿੱਖਿਆ ਮੰਤਰੀ ਪਰਗਟ ਸਿੰਘ ਦੀ ਰਿਹਾਇਸ਼ ਅੱਗੇ ਜਾ ਕੇ ਉਨ੍ਹਾਂ ਦਾ ਪੁਤਲਾ ਫੂਕਿਆ।
ਬੀ.ਐਡ ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਕਿਹਾ ਕਿ ਪੂਰਾ ਇੱਕ ਸਾਲ ਪੱਕੇ ਧਰਨੇ ਲਗਾਉਣ ਅਤੇ ਪੁਲੀਸ ਦਾ ਜਬਰ ਝੱਲਣ ਮਗਰੋਂ ਵੀ ਬੇਰੁਜ਼ਗਾਰ ਅਧਿਆਪਕਾਂ ਨੂੰ ਅਜੇ ਤੱਕ ਰੁਜ਼ਗਾਰ ਨਹੀਂ ਮਿਲਿਆ ਅਤੇ ਉਨ੍ਹਾਂ ਦੇ ਹਾਲਾਤ ਨਹੀਂ ਬਦਲੇ। ਉਨ੍ਹਾਂ ਕਿਹਾ ਕਿ ਭਾਵੇਂ ਕਿ ਸਿੱਖਿਆ ਮੰਤਰੀ ਬਦਲ ਚੁੱਕੇ ਹਨ, ਧਰਨੇ ਦੀ ਜਗ੍ਹਾ ਸੰਗਰੂਰ ਅਤੇ ਪਟਿਆਲਾ ਤੋਂ ਬਦਲ ਕੇ ਮੋਰਿੰਡਾ ਤੇ ਜਲੰਧਰ ਹੋ ਚੁੱਕੀ ਹੈ ਪਰ ਬੇਰੁਜ਼ਗਾਰਾਂ ਦੇ ਹਾਲਾਤ ਨਹੀਂ ਬਦਲੇ।
ਉਨ੍ਹਾਂ ਕਿਹਾ ਕਿ 28 ਅਕਤੂਬਰ ਤੋਂ ਸਥਾਨਕ ਬੱਸ ਸਟੈਂਡ ਦੀ ਪਾਣੀ ਵਾਲੀ ਟੈਂਕੀ ਉੱਤੇ ਦੋ ਬੀਐਡ ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਮੁਨੀਸ਼ ਕੁਮਾਰ ਅਤੇ ਜਸਵੰਤ ਘੁਬਾਇਆ ਸਮਾਜਿਕ ਸਿੱਖਿਆ, ਹਿੰਦੀ ਅਤੇ ਪੰਜਾਬੀ ਦੀਆਂ 9000 ਪੋਸਟਾਂ ਦੀ ਮੰਗ ਨੂੰ ਲੈ ਕੇ ਬੈਠੇ ਹੋਏ ਹਨ ਪਰ ਚੰਨੀ ਸਰਕਾਰ ਦਾ ਉਨ੍ਹਾਂ ਵੱਲ ਕੋਈ ਧਿਆਨ ਨਹੀਂ, ਉਹ ਸਿਰਫ ਆਪਣੀਆਂ ਚੋਣ ਰੈਲੀਆਂ ਤੱਕ ਮਸ਼ਰੂਫ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਘਰ-ਘਰ ਰੁਜ਼ਗਾਰ ਦਾ ਚੋਣ ਵਾਅਦਾ ਕਰ ਕੇ ਵੀ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੀ ਬਜਾਏ ਪਰਚਿਆਂ ਅਤੇ ਡਾਂਗਾ ਨਾਲ ਨਿਵਾਜਿਆ ਹੈ।
ਜਥੇਬੰਦੀ ਦੇ ਮੀਤ ਪ੍ਰਧਾਨ ਅਮਨਦੀਪ ਸੇਖਾ ਨੇ ਕਿਹਾ ਕਿ ਜੇ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਦਾ ਜਲਦੀ ਹੱਲ ਨਾ ਕੀਤਾ ਤਾਂ ਆਉਣ ਵਾਲੇ ਸਮੇਂ ਵਿੱਚ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਸੰਦੀਪ ਗਿੱਲ, ਗਗਨਦੀਪ ਕੌਰ ਗਰੇਵਾਲ, ਰਸ਼ਪਾਲ ਸਿੰਘ, ਬਲਰਾਜ ਮੌੜ, ਕਿਰਨ ਈਸੜਾ, ਕੁਲਵੰਤ ਜਟਾਣਾ, ਰਿੰਕੂ ਝਾੜੋਂ, ਹਰਮੇਸ਼ ਥਲੇਸ਼, ਸਿਮਰਨ ਕੌਰ, ਕੁਲਵਿੰਦਰ ਕੌਰ, ਰੇਖਾ, ਨਿਸ਼ੂ ਕੰਬੋਜ਼, ਲਵਪ੍ਰੀਤ ਸਿੰਘ, ਕਾਲਾ ਸਿੰਘ ਅਤੇ ਹੋਰ ਬੇਰੁਜ਼ਗਾਰ ਅਧਿਆਪਕ ਹਾਜ਼ਰ ਸਨ।