ਸੁਰਜੀਤ ਮਜਾਰੀ
ਬੰਗਾ, 12 ਸਤੰਬਰ
ਇੱਥੇ ਅੱਜ ਸਵੇਰੇ ਬੱਸ ਦੇ ਬੇਕਾਬੂ ਹੋ ਜਾਣ ਕਾਰਨ ਦਰਜਨ ਦੇ ਕਰੀਬ ਸਵਾਰੀਆਂ ਜ਼ਖ਼ਮੀ ਹੋ ਗਈਆਂ। ਇਨ੍ਹਾਂ ਨੂੰ ਸਥਾਨਕ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਅਤੇ ਗੰਭੀਰ ਜ਼ਖ਼ਮੀਆਂ ਨੂੰ ਰੈਫ਼ਰ ਕਰ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਧਾਲੀਵਾਲ ਕੰਪਨੀ ਦੀ ਬੱਸ (ਪੀਬੀ 32, ਜੇ 9981) ਨਵਾਂ ਸ਼ਹਿਰ ਤੋਂ ਜਲੰਧਰ ਜਾ ਰਹੀ ਸੀ। ਇਸੇ ਦੌਰਾਨ ਬੱਸ ਦਾ ਸਤੁੰਲਨ ਵਿਗੜਨ ਕਾਰਨ ਡਿਵਾਈਡਰ ਤੋਂ ਪਾਰ ਇੱਕ ਦੁਕਾਨ ’ਚ ਜਾ ਵੜੀ। ਜ਼ਖ਼ਮੀਆਂ ਵਿੱਚ ਕੁਲਦੀਪ ਰਾਏ ਪੁੱਤਰ ਤੁਲਸੀ ਰਾਮ (42), ਦੀਪ ਪੁੱਤਰ ਕਰਨ, ਮੁੰਨਾ ਪੁੱਤਰ ਵਿਪਨ ਕੁਮਾਰ (19), ਗੁਰਬਖਸ਼ ਪਤਨੀ ਰਣਜੀਤ ਸਿੰਘ (32), ਮਹਿਤਾ ਬਹਾਦਰ ਪੁੱਤਰ ਸ਼ਨੀ ਲਾਲ (52), ਕਮਲਜੀਤ ਕੌਰ ਪਤਨੀ ਕੁਲਵੰਤ ਸਿੰਘ (60), ਸਰਬਜੀਤ ਕੌਰ ਪਤਨੀ ਚਰਨਜੀਤ ਸਿੰਘ (63), ਕਿਰਨ ਪਤਨੀ ਰਵਿੰਦਰ ਰਾਮ (19), ਸਨਦੀਪ ਕੌਰ ਪੁੱਤਰੀ ਨਾਹਰ ਸਿੰਘ (30), ਆਸ਼ਾ ਪਤਨੀ ਕਰਮ (28), ਕਾਲੀਆ ਬਹਾਦਰ ਪੁੱਤਰ ਮਹੇਸ਼ ਬਹਾਦੁਰ (50) ਆਦਿ ਸ਼ਾਮਲ ਹਨ। ਪਤਾ ਲੱਗਦਿਆਂ ਹੀ ਇੱਥੇ ਤਾਇਨਾਤ ਉਪ ਪੁਲੀਸ ਕਪਤਾਨ ਸਰਵਣ ਸਿੰਘ ਬੱਲ ਪੁਲੀਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ। ਉਨ੍ਹਾਂ ਦੱਸਿਆ ਕਿ ਬੱਸ ਦਾ ਚਾਲਕ ਅਜੇ ਉਨ੍ਹਾਂ ਨੂੰ ਨਹੀਂ ਮਿਲਿਆ ਅਤੇ ਘਟਨਾ ਦੀ ਤਫ਼ਤੀਸ਼ ਕਰਕੇ ਸਵਾਰੀਆਂ ਦੇ ਬਿਆਨਾਂ ’ਤੇ ਪਰਚਾ ਕੀਤਾ ਜਾਵੇਗਾ। ਉੱਧਰ ਦੁਕਾਨ ਦੇ ਮਾਲਕ ਨੇ ਦੱਸਿਆ ਕਿ ਇਸ ਘਟਨਾ ਵਿੱਚ ਉਨ੍ਹਾਂ ਦੀ ਦੁਕਾਨ ਦਾ ਵੀ ਕਾਫ਼ੀ ਨੁਕਸਾਨ ਹੋ ਗਿਆ ਹੈ।