ਪੱਤਰ ਪ੍ਰੇਰਕ
ਹੁਸ਼ਿਆਰਪੁਰ, 16 ਸਤੰਬਰ
ਸਿਹਤ ਵਿਭਾਗ ਦੀ ਟੀਮ ਨੇ ਗੁਪਤ ਸੂਚਨਾ ਦੇ ਅਧਾਰ ’ਤੇ ਪਿੰਡ ਬਜਵਾੜਾ ਕਲਾਂ ਦੇ ਮੁਹੱਲਾ ਸਵਾਮੀ ਨਗਰ ਵਿੱਚ ਅਣਅਧਿਕਾਰਤ ਤੌਰ ’ਤੇ ਚਲਾਏ ਜਾ ਰਹੇ ਗੁਰ ਨਿਵਾਸ ਨਾਮਕ ਨਸ਼ਾ ਛਡਾਊ ਤੇ ਪੁਨਰਵਾਸ ਕੇਂਦਰ ਦੀ ਅਚਨਚੇਤ ਚੈਕਿੰਗ ਕੀਤੀ। ਸਿਵਲ ਸਰਜਨ ਡਾ. ਅਮਰਜੀਤ ਸਿੰਘ ਨੇ ਦੱਸਿਆ ਕਿ ਜਾਂਚ ਦੌਰਾਨ ਪਾਇਆ ਗਿਆ ਕਿ ਇਹ ਕੇਂਦਰ ਨਾ ਤਾਂ ਸਰਕਾਰੀ ਤੌਰ ’ਤੇ ਮਾਨਤਾ ਪ੍ਰਾਪਤ ਸੀ ਅਤੇ ਨਾ ਹੀ ਨਿਰਧਾਰਤ ਮਾਪਦੰਡਾਂ ’ਤੇ ਚਲਾਇਆ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਮੌਕੇ ’ਤੇ ਨਾ ਕੋਈ ਡਾਕਟਰ, ਨਾ ਸਟਾਫ਼ ਨਰਸ ਅਤੇ ਨਾ ਹੀ ਕੋਈ ਕਾਉਂਸਲਰ ਮੌਜੂਦ ਸੀ। ਉਨ੍ਹਾਂ ਦੱਸਿਆ ਕਿ ਕੇਂਦਰ ਵਿੱਚ 52 ਮਰੀਜ਼ ਦਾਖਲ ਸਨ।
ਇਨ੍ਹਾਂ ਦਾ ਸਿਵਲ ਹਸਪਤਾਲ ਦੇ ਮਨੋਚਕਿਤਸਿਕ ਮਾਹਿਰ ਡਾਕਟਰ ਕੋਲੋਂ ਚੈਕਅਪ ਕਰਕੇ ਉਨ੍ਹਾਂ ਨੂੰ ਘਰ ਪਹੁੰਚਾਉਣ ਦਾ ਪ੍ਰਬੰਧ ਕੀਤਾ ਗਿਆ। ਇਕ ਮਰੀਜ਼ ਦੇ ਸੱਟਾਂ ਲੱਗੀਆਂ ਹੋਣ ਕਰਕੇ ਉਸ ਨੂੰ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲੀਸ ਨੂੰ ਅਗਲੇਰੀ ਕਾਰਵਾਈ ਲਈ ਸੂਚਿਤ ਕਰ ਦਿੱਤਾ ਗਿਆ ਹੈ।