ਚੱਲਦੀ ਬੱਸ ਵਿੱਚੋਂ ਦੋ ਔਰਤਾਂ ਡਿੱਗੀਆਂ; ਇੱਕ ਦੀ ਮੌਤ : The Tribune India

ਚੱਲਦੀ ਬੱਸ ਵਿੱਚੋਂ ਦੋ ਔਰਤਾਂ ਡਿੱਗੀਆਂ; ਇੱਕ ਦੀ ਮੌਤ

ਚੱਲਦੀ ਬੱਸ ਵਿੱਚੋਂ ਦੋ ਔਰਤਾਂ ਡਿੱਗੀਆਂ; ਇੱਕ ਦੀ ਮੌਤ

ਹਾਦਸੇ ਮਗਰੋਂ ਜ਼ਬਤ ਕੀਤੀ ਬੱਸ।

ਪੱਤਰ ਪ੍ਰੇਰਕ

ਸ਼ਾਹਕੋਟ, 7 ਦਸੰਬਰ

ਇੱਥੇ ਦੇਰ ਸ਼ਾਮ ਚੱਲਦੀ ਬੱਸ ਵਿੱਚੋਂ ਦੋ ਔਰਤਾਂ ਬਾਹਰ ਡਿੱਗ ਗਈਆਂ। ਇਸ ਹਾਦਸੇ ਵਿੱਚ ਇਕ ਔਰਤ ਦੀ ਘਟਨਾ ਸਥਾਨ ’ਤੇ ਹੀ ਮੌਤ ਹੋ ਗਈ ਜਦੋਂਕਿ ਦੂਜੀ ਔਰਤ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਈ। ਪ੍ਰਾਪਤ ਜਾਣਕਾਰੀ ਮੁਤਾਬਕ ਪੰਜਾਬ ਰੋਡਵੇਜ਼ ਫ਼ਿਰੋਜ਼ਪੁਰ ਡਿੱਪੂ ਦੀ ਬੱਸ ਜਲੰਧਰ ਤੋਂ ਫ਼ਿਰੋਜ਼ਪੁਰ ਜਾ ਰਹੀ ਸੀ। ਬੱਸ ਜਿਵੇਂ ਹੀ ਸ਼ਾਹਕੋਟ ਤੋਂ ਅੱਗੇ ਪਰਜੀਆਂ ਕਲਾਂ ਵਾਲੇ ਮੋੜ ’ਤੇ ਪਹੁੰਚੀ ਤਾਂ ਇਕ ਮੋਟਰਸਾਈਕਲ ਸਵਾਰ ਨੂੰ ਬਚਾਉਂਦਿਆਂ ਕੱਟ ਵੱਜਣ ਕਾਰਨ ਸੁਰਿੰਦਰ ਕੌਰ ਅਤੇ ਉਸ ਦੀ ਦਰਾਣੀ ਜਗਜੀਤ ਕੌਰ ਵਾਸੀ ਬਾਜੇਕੇ ਤਹਿਸੀਲ ਧਰਮਕੋਟ (ਮੋਗਾ) ਬੱਸ ਵਿੱਚੋਂ ਬਾਹਰ ਡਿੱਗ ਗਈਆਂ। ਇਸ ਮਗਰੋਂ ਦੋਵੇਂ ਜ਼ਖ਼ਮੀ ਔਰਤਾਂ ਨੂੰ ਇਲਾਜ ਵਾਸਤੇ ਤੁਰੰਤ ਸਰਕਾਰੀ ਹਸਪਤਾਲ ਸ਼ਾਹਕੋਟ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਸੁਰਿੰਦਰ ਕੌਰ ਨੂੰ ਮ੍ਰਿਤਕ ਐਲਾਨ ਦਿੱਤਾ। ਜ਼ਖ਼ਮੀ ਜਗਜੀਤ ਕੌਰ ਹਸਪਤਾਲ ਵਿਚ ਜ਼ੇਰੇ ਇਲਾਜ ਹੈ।

ਐਸਐਚਓ ਸ਼ਾਹਕੋਟ ਗੁਰਿੰਦਰਜੀਤ ਸਿੰਘ ਨਾਗਰਾ ਨੇ ਦੱਸਿਆ ਕਿ ਬੱਸ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਹੈ। ਮ੍ਰਿਤਕ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਨਕੋਦਰ ਭੇਜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਘਟਨਾ ਦੀ ਜਾਂਚ ਕਰ ਰਹੇ ਹਨ। ਮ੍ਰਿਤਕ ਦੇ ਵਾਰਸਾਂ ਦੇ ਬਿਆਨਾਂ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All