ਪੱਤਰ ਪ੍ਰੇਰਕ
ਫਗਵਾੜਾ, 26 ਅਗਸਤ
ਪਿੰਡ ਜਗਪਾਲਪੁਰ ਵਿੱਚ ਦੋ ਧਿਰਾਂ ਦੀ ਹੋਈ ਲੜਾਈ ਸਬੰਧੀ ਰਾਵਲਪਿੰਡੀ ਪੁਲੀਸ ਨੇ ਦੋ ਧਿਰਾਂ ਦੇ ਸੱਤ ਮੈਂਬਰਾਂ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਐੱਸ.ਐੱਚ.ਓ. ਰਾਵਲਪਿੰਡੀ ਸੁਰਜੀਤ ਸਿੰਘ ਪੱਤੜ ਨੇ ਦੱਸਿਆ ਕਿ ਸ਼ਿਕਾਇਤਕਰਤਾ ਬਲਦੇਵ ਸਿੰਘ ਵਾਸੀ ਜਗਪਾਲਪੁਰ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਸ ਨੇ ਆਪਣੇ ਘਰ ਦੇ ਪਿਛਲੇ ਪਾਸੇ ਇੱਕ ਮਕਾਨ ਖਰੀਦਿਆ ਸੀ ਜਿਸ ਦੀ ਰਜਿਸਟਰੀ ਉਸ ਪਾਸ ਹੈ ਤੇ ਦੂਸਰੀ ਪਾਰਟੀ ਵੀ ਉਸ ਮਕਾਨ ’ਤੇ ਆਪਣਾ ਹੱਕ ਦੱਸਦੀ ਹੈ ਤੇ ਧੱਕੇ ਨਾਲ ਕਬਜ਼ਾ ਕਰਨਾ ਚਾਹੁੰਦੀ ਹੈ। ਇਸ ’ਤੇ ਉਕਤ ਪਾਰਟੀ ਨੇ ਉਨ੍ਹਾਂ ਦੇ ਘਰ ’ਚ ਦਾਖ਼ਲ ਹੋ ਕੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ ਤੇ ਉਸ ਦੇ ਸੱਟਾਂ ਮਾਰੀਆਂ ਤੇ ਉਸ ਦੀ ਘਰ ’ਚ ਖੜ੍ਹੀ ਗੱਡੀ ਦੀ ਵੀ ਭੰਨ-ਤੋੜ ਕੀਤੀ।
ਇਸ ਸਬੰਧੀ ਪੁਲੀਸ ਨੇ ਸਿਮਰਨ ਕੌਰ ਪਤਨੀ ਚਰਨਜੀਤ ਸਿੰਘ ਵਾਸੀ ਜਗਪਾਲਪੁਰ, ਚਰਨਜੀਤ ਉਰਫ਼ ਲੱਕੀਵਾਸੀ ਜਗਪਾਲਪੁਰ, ਜਸਕਰਨ ਸਿੰਘ ਪੁੱਤਰ ਚਰਨਜੀਤ ਸਿੰਘ ਵਾਸੀ ਜਗਪਾਲਪੁਰ ਖਿਲਾਫ਼ ਕੇਸ ਦਰਜ ਕੀਤਾ ਹੈ। ਇਸੇ ਤਰ੍ਹਾਂ ਦੂਸਰੀ ਧਿਰ ਦੀ ਮਹਿਲਾ ਭੁਪਿੰਦਰ ਕੌਰ ਉਰਫ਼ ਸਿਮਰਨ ਵਾਸੀ ਜਗਪਾਲਪੁਰ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਪਹਿਲੀ ਧਿਰ ਨੇ ਉਸ ਦੇ ਦਿਓਰ ਹਰਪ੍ਰੀਤ ਸਿੰਘ ਦੇ ਹਿੱਸੇ ਦੇ ਘਰ ’ਤੇ ਜਬਰੀ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ। ਲੜਾਈ ਝਗੜੇ ਦੌਰਾਨ ਪਹਿਲੀ ਧਿਰ ਨੇ ਉਨ੍ਹਾਂ ਦੇ ਸੱਟਾਂ ਮਾਰੀਆਂ ਅਤੇ ਗਲੇ ’ਚ ਪਾਈ ਸੋਨੇ ਦੀ ਚੇਨੀ ਖੋਹ ਲਈ। ਇਸ ਸਬੰਧੀ ਪੁਲੀਸ ਨੇ ਬਲਦੇਵ ਸਿੰਘ ਵਾਸੀ ਜਗਪਾਲਪੁਰ, ਬਲਜੀਤ ਕੌਰ ਵਾਸੀ ਹੰਦੋਵਾਲ, ਬਲਜੋਤ ਸਿੰਘ, ਗੋਲਡੀ ਖਿਲਾਫ਼ ਕੇਸ ਦਰਜ ਕਰ ਲਿਆ ਹੈ।