ਪੱਤਰ ਪ੍ਰੇਰਕ
ਫਗਵਾੜਾ, 30 ਜੂਨ
ਜੇਲ੍ਹ ਵਿੱਚੋਂ ਪੈਰੋਲ ’ਤੇ ਛੁੱਟੀ ਆਏ ਦੋਸ਼ੀਆਂ ਵਲੋਂ ਭਗੌੜੇ ਹੋ ਜਾਣ ਦੇ ਸਬੰਧ ’ਚ ਰਾਵਲਪਿੰਡੀ ਪੁਲੀਸ ਨੇ ਦੋ ਵੱਖ-ਵੱਖ ਕੈਦੀਆਂ ਖਿਲਾਫ਼ ਕੇਸ ਦਰਜ ਕੀਤਾ ਹੈ। ਪਾਂਸ਼ਟਾ ਚੌਕੀ ਇੰਚਾਰਜ ਐੱਸ.ਆਈ ਗੁਰਜੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਹਾਇਕ ਸੂਪਰਡੈਂਟ ਕੇਂਦਰੀ ਜੇਲ੍ਹ ਕਪੂਰਥਲਾ ਵਲੋਂ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਦੋਸ਼ੀ ਮਨਜਿੰਦਰ ਸਿੰਘ ਉਰਫ਼ ਮੰਨੂੰ ਪੁੱਤਰ ਬੂਟਾ ਸਿੰਘ ਵਾਸੀ ਪਾਂਸ਼ਟਾ ਜਿਸ ਨੂੰ ਧਾਰਾ 379-ਬੀ, 34 ਆਈ.ਪੀ.ਸੀ ਤਹਿਤ 10 ਸਾਲ ਦੀ ਸਜ਼ਾ ਹੋਈ ਹੈ ਤੇ ਉਹ ਪੈਰੋਲ ’ਤੇ ਛੁੱਟੀ ਕੱਟਣ ਲਈ ਆਇਆ ਸੀ ਉਸ ਦੀ ਵਾਪਸੀ 5 ਜੂਨ 21 ਨੂੰ ਸਬ ਜੇਲ੍ਹ ਪਠਾਨਕੋਟ ਵਿੱਖੇ ਬਣਦੀ ਸੀ ਪਰ ਉਹ ਵਾਪਿਸ ਨਹੀਂ ਆਇਆ ਤੇ ਪੈਰੋਲ ਤੋਂ ਭਗੋੜਾ ਹੋ ਗਿਆ ਹੈ।
ਇਸੇ ਤਰ੍ਹਾਂ ਧਾਰਾ 302, 201, 34 ਆਈ.ਪੀ.ਸੀ ਤਹਿਤ ਦੋਸ਼ੀ ਇੰਦਰਜੀਤ ਪੁੱਤਰ ਮੱਖਣ ਲਾਲ ਵਾਸੀ ਰਿਹਾਣਾ ਜੱਟਾਂ ਜਿਸ ਨੂੰ ਉਮਰ ਕੈਦ ਤੇ 50 ਹਜ਼ਾਰ ਰੁਪਏ ਜੁਰਮਾਨਾ ਹੋਇਆ ਸੀ। ਉਕਤ ਦੋਸ਼ੀ 8 ਹਫ਼ਤੇ ਲਈ ਪੈਰੋਲ ’ਤੇ ਰਿਹਾਅ ਹੋ ਕੇ ਆਇਆ ਸੀ ਤੇ ਇਸ ਦੀ ਵਾਪਸੀ 18 ਅਪਰੈਲ 21 ਨੂੰ ਸਬ ਜੇਲ੍ਹ ਪਠਾਨਕੋਟ ਵਿੱਖੇ ਬਣਦੀ ਸੀ ਪਰ ਉਕਤ ਦੋਸ਼ੀ ਵਾਪਸ ਹਾਜ਼ਰ ਨਹੀਂ ਹੋਇਆ ਤੇ ਭਗੌੜਾ ਹੋ ਗਿਆ ਹੈ। ਜਿਸ ਸਬੰਧੀ ਪੁਲੀਸ ਨੇ ਕੇਸ ਦਰਜ ਕੀਤਾ ਹੈ।