ਜਸਬੀਰ ਸਿੰਘ ਚਾਨਾ
ਫਗਵਾੜਾ, 14 ਜੂਨ
ਫਗਵਾੜਾ-ਹੁਸ਼ਿਆਰਪੁਰ ਸੜਕ ’ਤੇ ਸਥਿਤ ਪਿੰਡ ਰਿਹਾਣਾ ਜੱਟਾਂ ਵਿੱਚ ਦਿਨ ਦਿਹਾੜੇ ਹੋਈ ਇੱਕ ਮਨੀਚੇਂਜਰ ਦੀ ਲੁੱਟ ਦੇ ਮਾਮਲੇ ’ਚ ਪੁਲੀਸ ਨੇ ਇਸ ਕੇਸ ਨੂੰ ਸੁਲਝਾਉਂਦੇ ਹੋਏ ਇਸ ਦਾ ਸੁਰਾਗ ਲਗਾ ਕੇ ਦੋ ਮੁਲਜ਼ਮਾਂ ਨੂੰ ਕਾਬੂ ਕਰਕੇ ਇਨ੍ਹਾਂ ਕੋਲੋਂ ਲੁੱਟੀ ਨਕਦੀ ਦਾ ਕੁਝ ਹਿੱਸਾ ਤੇ ਸਵਿਫ਼ਟ ਕਾਰ ਤੇ ਲੈਪਟਾਪ ਬਰਾਮਦ ਕੀਤਾ ਹੈ। ਐੱਸਐੱਸਪੀ ਕਪੂਰਥਲਾ ਰਾਜਬਚਨ ਸਿੰਘ ਸੰਧੂ ਨੇ ਇਥੇ ਐੱਸਪੀ ਦਫ਼ਤਰ ’ਚ ਕੀਤੀ ਪ੍ਰੈੱਸ ਕਾਨਫ਼ਰੰਸ ’ਚ ਦੱਸਿਆ ਕਿ 8 ਜੂਨ ਨੂੰ ਪਿੰਡ ਰਿਹਾਣਾ ਜੱਟਾਂ ਦੇ ਜੀਕੇ ਇੰਟਰਨੈਸ਼ਨਲ ਵੈਸਟਰਨ ਯੂਨੀਅਨ ਦੀ ਦੁਕਾਨ ’ਤੇ ਸਵਿਫ਼ਟ ਕਾਰ ’ਚ ਸਵਾਰ ਹੋ ਕੇ ਆਏ ਚਾਰ ਲੁਟੇਰਿਆਂ ਨੇ ਮਾਲਕ ਯਸ਼ਪਾਲ ਪੁੱਤਰ ਸੱਤਿਆ ਪ੍ਰਕਾਸ਼ ਨੂੰ ਪਿਸਤੌਲ ਦੀ ਨੌਕ ’ਤੇ 2 ਲੱਖ 27 ਹਜ਼ਾਰ ਤੇ ਲੈਪਟਾਪ ਖੋਹ ਕੇ ਫ਼ਰਾਰ ਹੋ ਗਏ ਸਨ ਤੇ ਉਸ ਨੂੰ ਦਾਤਰ ਮਾਰ ਕੇ ਜ਼ਖ਼ਮੀ ਕਰ ਗਏ ਸਨ। ਜਿਸ ਸਬੰਧ ’ਚ ਪੁਲੀਸ ਨੇ ਕੇਸ ਦਰਜ ਕਰਕੇ ਇਸ ਦੀਆਂ ਜਾਂਚ ਟੀਮਾਂ ਬਣਾ ਕੇ ਜਾਂਚ ਸ਼ੁਰੂ ਕੀਤੀ ਸੀ। ਜਿਸ ’ਚ ਟੀਮ ਨੇ ਜਾਂਚ ਦੌਰਾਨ ਸਿਮਰਜੋਤ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਪਿੰਡ ਅਜਨੋਹਾ ਥਾਣਾ ਮੇਹਟੀਆਣਾ ਨੂੰ ਪਾਂਸ਼ਟਾ ਮੋੜ ਤੋਂ ਘਟਨਾ ’ਚ ਵਰਤੀ ਕਾਰ (ਪੀ.ਬੀ.07.ਬੀ. ਵੀ.3307) ਸਵਿਫ਼ਟ ਸਮੇਤ ਕਾਬੂ ਕਰ ਲਿਆ ਸੀ ਜਿਸ ਕੋਲੋਂ ਖੋਹਿਆ ਲੈਪਟਾਪ, 33 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਹੋਈ ਹੈ। ਜਾਂਚ ਦੌਰਾਨ ਪੁਲੀਸ ਨੇ ਇੱਕ ਹੋਰ ਨੌਜਵਾਨ ਅਜਮੇਰ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਭਬਿਆਣਾ ਹਾਲ ਵਾਸੀ ਨੰਗਲ ਰੋਡ ਗੜ੍ਹਸ਼ੰਕਰ ਨੂੰ ਇਸ ਮਾਮਲੇ ’ਚ ਉਸਦੀ ਸਵਿਫ਼ਟ ਕਾਰ ਸਮੇਤ ਬਰਾਮਦ ਕਰਕੇ ਉਸ ਕੋਲੋਂ 22 ਹਜ਼ਾਰ ਰੁਪਏ, ਇੱਕ ਦਾਤਰ, ਸਵਿਫ਼ਟ ਕਾਰ (ਪੀ.ਬੀ.10ਬੀ.ਯੂ.2074) ਬਰਾਮਦ ਕੀਤੀ ਹੈ। ਘਟਨਾ ਨੂੰ ਅੰਜਾਮ ਦੇਣ ਵਾਲੇ ਇਨ੍ਹਾਂ ਦੇ ਬਾਕੀ ਦੋ ਸਾਥੀਆਂ ਦੀ ਪਛਾਣ ਹਰਕਮਲ ਸਿੰਘ ਪੁੱਤਰ ਜੋਗਾ ਸਿੰਘ ਵਾਸੀ ਰਿਹਾਣਾ ਜੱਟਾਂ ਤੇ ਮੰਨਾ ਵਾਸੀ ਅੱਪਰਾ ਵਜੋਂ ਹੋਈ ਹੈ ਜਿਨ੍ਹਾਂ ਨੂੰ ਕੇਸ ’ਚ ਨਾਮਜ਼ਦ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਇਹ ਸਾਰੇ ਨੌਜਵਾਨ 22 ਸਾਲ ਦੇ ਹਨ। ਐੱਸਐੱਸਪੀ ਨੇ ਦੱਸਿਆ ਕਿ ਪੀੜਤ ਮਨੀਚੇਂਜਰ ਵੱਲੋਂ ਆਪਣੀ ਦੁਕਾਨ ਤੇ ਕੈਮਰੇ ਨਾ ਲਗਾਉਣ ਕਰਕੇ ਪੁਲੀਸ ਨੂੰ ਕਾਫ਼ੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਜਿਸ ਸਾਈਡ ਨੂੰ ਲੁਟੇਰੇ ਗਏ ਸਨ ਉਸ ਤੋਂ 7 ਸੜਕਾਂ ਨਿਕਲਦੀਆਂ ਹਨ ਜੋ ਪੁਲੀਸ ਲਈ ਇੱਕ ਵੱਡੀ ਚੁਣੌਤੀ ਸੀ ਪਰ ਪੁਲੀਸ ਟੀਮਾਂ ਵੱਲੋਂ ਕੀਤੀ ਜਾਂਚ ਤੋਂ ਬਾਅਦ ਪੁਲੀਸ ਮੁਲਜ਼ਮਾਂ ਦਾ ਪਤਾ ਲਾਉਣ ’ਚ ਸਫ਼ਲ ਹੋਈ ਹੈ। ਉਨ੍ਹਾਂ ਦੱਸਿਆ ਕਿ ਰਿਹਾਣਾ ਜੱਟਾਂ ਦੇ ਨੌਜਵਾਨ ਹਰਕਮਲ ਨੇ ਹੀ ਇਸ ਘਟਨਾ ਦੀ ਰੇਕੀ ਕੀਤੀ ਤੇ ਪਿਸਤੌਲ ਲੈ ਕੇ ਹੀ ਉਹ ਅੰਦਰ ਗਿਆ ਸੀ।