ਪੱਤਰ ਪ੍ਰੇਰਕ
ਜਲੰਧਰ, 19 ਅਪਰੈਲ
ਪੁਲੀਸ ਨੇ ਬੰਬੀਹਾ ਗੈਂਗ ਦੇ ਦੋ ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਪਾਸੋਂ ਤਿੰਨ ਪਿਸਤੌਲ ਅਤੇ ਇਕ ਕਿਲੋ ਅਫੀਮ ਬਰਾਮਦ ਕੀਤੀ ਹੈ। ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਸੂਚਨਾ ਦੇ ਆਧਾਰ ’ਤੇ ਪੁਲੀਸ ਨੇ ਅਨਿਲ ਕੁਮਾਰ ਉਰਫ਼ ਰੌਕੀ ਵਾਸੀ ਕਬੀਰ ਨਗਰ ਨੂੰ ਕਾਬੂ ਕਰਕੇ ਉਸ ਪਾਸੋਂ ਇੱਕ 32 ਬੋਰ ਦਾ ਪਿਸਤੌਲ, ਇੱਕ ਮੈਗਜ਼ੀਨ ਅਤੇ ਤਿੰਨ ਕਾਰਤੂਸ ਬਰਾਮਦ ਕੀਤੇ ਹਨ। ਸ੍ਰੀ ਸ਼ਰਮਾ ਨੇ ਦੱਸਿਆ ਕਿ ਰੌਕੀ ਨੇ ਪੁੱਛ-ਪੜਤਾਲ ਦੌਰਾਨ ਮੰਨਿਆ ਕਿ ਉਸ ਦਾ ਇੱਕ ਸਾਥੀ ਮੁਕੇਸ਼ ਸ਼ਰਮਾ ਉਰਫ਼ ਮੁੰਨਾ ਵਾਸੀ ਪਿੰਡ ਟੋਪਾ (ਬਿਹਾਰ) ਵੀ ਇਸ ਸਾਜ਼ਿਸ਼ ਦਾ ਹਿੱਸਾ ਹੈ। ਪੁਲੀਸ ਨੇ ਮੁੰਨਾ ਨੂੰ ਗ੍ਰਿਫ਼ਤਾਰ ਕਰਕੇ ਉਸ ਪਾਸੋਂ ਇੱਕ ਕਿਲੋ ਅਫੀਮ, ਦੋ ਪਿਸਤੌਲ 32 ਬੋਰ, ਚਾਰ ਮੈਗਜ਼ੀਨ ਬਰਾਮਦ ਕੀਤੇ ਹਨ।