ਪੱਤਰ ਪ੍ਰੇਰਕ
ਫਗਵਾੜਾ, 13 ਮਾਰਚ
ਪਿੰਡ ਖਲਿਆਣ ਵਿਚ ਕੱਲ੍ਹ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਲੱਡੂ ਵੰਡਣ ਅਤੇ ਡੀਜੇ ਲਗਾਉਣ ਦੇ ਮਾਮਲੇ ’ਚ ਹੋਏ ਤਕਰਾਰ ਦੌਰਾਨ ਇੱਕ ਜਣਾ ਜ਼ਖਮੀ ਹੋ ਗਿਆ। ਉਸ ਨੂੰ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ‘ਆਪ’ ਦੇ ਸੀਨੀਅਰ ਆਗੂ ਸੰਤੋਸ਼ ਗੋਗੀ ਪਿੰਡ ਖਲਿਆਣ ’ਚ ਸਮਰਥਕਾਂ ਦੇ ਸੱਦੇ ’ਤੇ ਜਿੱਤ ਦੀ ਖ਼ੁਸ਼ੀ ਵਿਚ ਲੱਡੂ ਵੰਡਣ ਗਏ ਸਨ। ਇਸੇ ਦੌਰਾਨ ਪਾਰਟੀ ਵਿਚ ਨਵੇਂ ਸ਼ਾਮਿਲ ਹੋਏ ‘ਆਪ’ ਆਗੂ ਇੰਦਰਜੀਤ ਖਲਿਆਣ ਉੱਥੋਂ ਲੰਘ ਰਹੇ ਸਨ ਤਾਂ ਡੀਜੇ ਲੱਗਣ ਵਾਲੀ ਥਾਂ ’ਤੇ ਇਨ੍ਹਾਂ ਦਾ ਝਗੜਾ ਹੋ ਗਿਆ। ਇੰਦਰਜੀਤ ਖਲਿਆਣ ਨੇ ਦੋਸ਼ ਲਗਾਇਆ ਕਿ ਸੰਤੋਸ਼ ਗੋਗੀ ਤੇ ਉਸ ਦੇ ਸਮਰੱਥਕਾਂ ਨੇ ਉਨ੍ਹਾਂ ’ਤੇ ਹਮਲਾ ਕੀਤਾ ਹੈ ਜਦੋਂਕਿ ਸੰਤੋਸ਼ ਗੋਗੀ ਨੇ ਕਿਹਾ ਕਿ ਖਲਿਆਣ ਨੇ ਜਾਣ-ਬੁੱਝ ਕੇ ਤਣਾਅ ਪੈਦਾ ਕੀਤਾ ਹੈ। ਪੁਲੀਸ ਨੇ ਜ਼ਖ਼ਮੀ ਮਨੀ ਦੇ ਬਿਆਨਾਂ ਉਪਰੰਤ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।