ਹਤਿੰਦਰ ਮਹਿਤਾ
ਆਦਮਪੁਰ ਦੋਆਬਾ (ਜਲੰਧਰ), 31 ਅਕਤੂਬਰ
ਪੁਲੀਸ ਦੀ ਟੀਮ ਵੱਲੋਂ ਬਾਰਡਰ ਏਰੀਆ ਤੋਂ ਜਲੰਧਰ ਹੈਰੋਇਨ ਸਪਲਾਈ ਕਰਨ ਆਏ 2 ਨਸ਼ਾ ਤਸਕਰਾਂ ਨੂੰ 50 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਸਬੰਧੀ ਪ੍ਰੈਸ ਨੁੰ ਜਾਣਕਾਰੀ ਦਿੰਦੇ ਹੋਏ ਸਰਬਜੀਤ ਸਿੰਘ ਬਾਹੀਆ ਪੁਲੀਸ ਕਪਤਾਨ, ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਨੇ ਦੱਸਿਆ ਕਿ ਸਬ ਇੰਸਪੈਕਟਰ ਪੁਸ਼ਪ ਬਾਲੀ ਇੰਚਾਰਜ ਕਰਾਇਮ ਬ੍ਰਾਚ ਜਿਲ਼੍ਹਾ ਜਲੰਧਰ ਦਿਹਾਤੀ ਨੂੰ ਖੁਫੀਆ ਸੂਤਰਾਂ ਤੋਂ ਇਤਲਾਹ ਮਿਲੀ ਕਿ ਕੁਝ ਵਿਅਕਤੀ ਬਾਰਡਰ ਏਰੀਆ ਤੋਂ ਹੈਰੋਇਨ ਸਮੱਗਰ ਜਲੰਧਰ ਦੇ ਏਰੀਆ ਵਿੱਚ ਹੈਰੋਇਨ ਦੀ ਸਪਲਾਈ ਕਰਨ ਆ ਰਹੇ ਹਨ। ਜਿਸ ’ਤੇ ਸਬ ਇੰਸਪੈਕਟਰ ਭੁਪਿੰਦਰ ਸਿੰਘ ਦੀ ਨਿਗਰਾਨੀ ਹੇਠ ਸਪੈਸ਼ਲ ਟੀਮ ਤਿਆਰ ਕਰਕੇ ਨਿਗਰਾਨੀ ਲਈ ਕਰਤਾਰਪੁਰ ਇਲਾਕੇ ਵਿੱਚ ਭੇਜੀ ਗਈ। ਜਦੋਂ ਪੁਲੀਸ ਪਾਰਟੀ ਕਰਤਾਰਪੁਰ ਤੋਂ ਸਰਵਿਸ ਰੋਡ ’ਤੇ ਦਿਆਲਪੁਰ ਜਾਂਦੇ ਹੋਏ ਕਰਤਾਰਪੁਰ ਨੇੜੇ ਪੁੱਜੇ ਤਾਂ ਪਟਰੋਲ ਪੰਪ ਨੇੜੇ ਸਰਵਿਸ ਰੋਡ ’ਤੇ ਇੱਕ ਕਾਰ ਸਵਿਫਟ ਖੜ੍ਹੀ ਸੀ ਜਿਸ ਵਿੱਚ 2 ਨੌਜਵਾਨ ਬੈਠੇ ਹੋਏ ਸਨ ਜਿਨ੍ਹਾਂ ਨੂੰ ਸਬ ਇੰਸਪੈਕਟਰ ਭੁਪਿੰਦਰ ਸਿੰਘ ਨੇ ਸ਼ੱਕ ਦੀ ਬਿਨਾਹ ’ਤੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰਕੇ ਨਾਮ ਪਤਾ ਪੁੱਛਿਆ ਤਾਂ ਕਾਰ ਦੀ ਡਰਾਇਵਰ ਸੀਟ ਪਰ ਬੈਠੇ ਵਿਅਕਤੀ ਨੇ ਆਪਣਾ ਨਾਂ ਰਾਹੁਲ ਪਾਲ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਮਕਾਨ ਨੰਬਰ 551/01 ਕ੍ਰਿਪਾਲ ਕਲੋਨੀ ਤੁੰਗਵਾਲਾ ਮਜੀਠਾ ਰੋਡ ਥਾਣਾ ਮਜੀਠਾ ਜਿਲ੍ਹਾ ਅੰਮ੍ਰਿਤਸਰ ਅਤੇ ਡਰਾਈਵਰ ਦੀ ਨਾਲ ਦੀ ਸੀਟ ’ਤੇ ਬੈਠੇ ਵਿਅਕਤੀ ਨੇ ਆਪਣਾ ਨਾਂ ਡੇਵਿਡ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਰਣਗੜ ਥਾਣਾ ਘਰਿੰਡਾ ਜ਼ਿਲ੍ਹਾ ਅੰਮ੍ਰਿਤਸਰ ਦੱਸਿਆ। ਜਿਸ ’ਤੇ ਸਬ ਇੰਸਪੈਕਟਰ ਭੁਪਿੰਦਰ ਸਿੰਘ ਨੇ ਸਾਥੀ ਕਰਮਚਾਰੀਆ ਦੀ ਮੱਦਦ ਨਾਲ ਜ਼ਾਬਤੇ ਅਨੂਸਾਰ ਕਾਰ ਦੀ ਤਲਾਸ਼ੀ ਕਰਨ ’ਤੇ ਕਾਰ ਦੇ ਡੈਸ਼ ਬੋਰਡ ਵਿੱਚੋਂ ਇੱਕ ਵਜ਼ਨਦਾਰ ਪਾਰਦਰਸ਼ੀ ਮੋਮੀ ਲਿਫਾਫ਼ਾ ਮਿਲਿਆ ਜਿਸ ਵਿੱਚੋਂ ਸਾਂਝੀ 50 ਗ੍ਰਾਮ ਹੈਰੋਇਨ ਬਰਾਮਦ ਹੋਈ। ਜਿਸ ’ਤੇ ਮੁਲਜ਼ਮਾਂ ਦੇ ਖ਼ਿਲਾਫ਼ ਥਾਣਾ ਕਰਤਾਰਪੁਰ ਜ਼ਿਲ੍ਹਾ ਜਲੰਧਰ ਦਿਹਾਤੀ ਦਰਜ ਰਜਿਸਟਰ ਕਰਕੇ ਤਫਤੀਸ ਅਮਲ ਵਿੱਚ ਲਿਆਂਦੀ ਗਈ। ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਸਰਬਜੀਤ ਸਿੰਘ ਨੇ ਦੱਸਿਆ ਕਿ ਨਸ਼ਾ ਤਸਕਰੀ ਖ਼ਿਲਾਫ਼ ਪੁਲੀਸ ਸਖ਼ਤ ਕਾਰਵਾਈ ਅਮਲ ਵਿੱਚ ਲਿਆ ਰਹੀ ਹੈ ਅਤੇ ਤਸਕਰਾਂ ਨੂੰ ਸਖਤ ਸਜ਼ਾ ਦਿੱਤੀ ਜਾਵੇਗੀ।