ਜਗਜੀਤ ਸਿੰਘ
ਮੁਕੇਰੀਆਂ/ਮਾਨਸਰ, 3 ਜਨਵਰੀ
ਬੀਤੇ ਦਿਨ ਭਾਜਪਾ ਦੇ ਸਾਬਕਾ ਮੰਤਰੀ ਤੀਕਸ਼ਣ ਸੂਦ ਦੇ ਘਰ ਅੱਗੇ ਗੋਹਾ ਸੁੱਟਣ ਵਾਲੇ ਨੌਜਵਾਨਾਂ ਖ਼ਿਲਾਫ਼ ਸੰਗੀਨ ਧਾਰਾਵਾਂ ਤਹਿਤ ਦਰਜ ਕੀਤੇ ਗਏ ਕੇਸ ਵਾਪਸ ਲੈਣ ਤੇ ਭਾਜਪਾ ਆਗੂਆਂ ਦੀ ਭੜਕਾਊ ਬਿਆਨਬਾਜ਼ੀ ’ਤੇ ਤੁਰੰਤ ਰੋਕ ਲਾਉਣ ਦੀ ਮੰਗ ਕਰਦਿਆਂ ਮਾਨਸਰ ਟੌਲ ਪਲਾਜ਼ਾ ’ਤੇ ਧਰਨਾ ਦੇ ਰਹੀਆਂ ਕਿਸਾਨ ਜਥੇਬੰਦੀਆਂ ਨੇ ਅਗਲੇ ਸੰਘਰਸ਼ ਲਈ 6 ਜਨਵਰੀ ਨੂੰ ਮੀਟਿੰਗ ਕਰਨ ਦਾ ਫੈਸਲਾ ਲਿਆ ਹੈ।
ਇਸ ਮੌਕੇ ਸਤਨਾਮ ਸਿੰਘ ਬਾਗੜੀਆਂ, ਸਵਰਨ ਸਿੰਘ ਸੁਲੈਹਰੀਆਂ, ਗੁਰਨਾਮ ਸਿੰਘ ਜ਼ਹਾਨਪੁਰ, ਸ਼ਿਵ ਕੁਮਾਰ ਤਲਵਾੜਾ ਤੇ ਸੁਰਜੀਤ ਬਿੱਲਾ ਭੰਗਾਲਾ ਨੇ ਸਪੱਸ਼ਟ ਕੀਤਾ ਕਿ ਮਾਨਸਰ ਟੌਲ ਪਲਾਜ਼ਾ ਸੰਘਰਸ਼ ਕਮੇਟੀ ਸ਼ਾਂਤਮਈ ਸੰਘਰਸ਼ ਦੀ ਹਾਮੀ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਭੜਕਾਊ ਜਾਂ ਹਿੰਸਾ ਨੂੰ ਸੱਦਾ ਦੇਣ ਵਾਲੀ ਕਿਸੇ ਕਾਰਵਾਈ ਦਾ ਹਿੱਸਾ ਨਹੀਂ ਬਣੇਗੀ। ਇਸ ਮੌਕੇ ਆਗੂਆਂ ਨੇ ਕਿਹਾ ਕਿ ਭਾਜਪਾ ਆਗੂਆਂ ਵਲੋਂ ਕਿਸਾਨਾਂ ਦੇ ਸ਼ਾਂਤਮਈ ਸੰਘਰਸ਼ ਨੂੰ ਭੜਕਾਉਣ ਲਈ ਕੇਂਦਰ ਦੀ ਮੋਦੀ ਸਰਕਾਰ ਦੀ ਸ਼ਹਿ ’ਤੇ ਕਿਸਾਨ ਭੜਕਾਊ ਬਿਆਨਬਾਜ਼ੀ ਕੀਤੀ ਜਾ ਰਹੀ ਹੈ। ਆਗੂਆਂ ਨੇ ਕਿਹਾ ਕਿ ਹੁਸ਼ਿਆਰਪੁਰ ਵਿੱਚ ਨੌਜਵਾਨਾਂ ’ਤੇ ਦਰਜ ਕੇਸ ਦਾ ਮਾਮਲਾ ਦਿੱਲੀ ਸੰਘਰਸ਼ ਦੀ ਅਗਵਾਈ ਕਰ ਰਹੀਆਂ ਕਿਸਾਨ ਜਥੇਬੰਦੀਆਂ ਦੇ ਧਿਆਨ ਵਿੱਚ ਲਿਆ ਕੇ ਪੰਜਾਬ ਭਰ ’ਚ ਕਿਸਾਨਾਂ ’ਤੇ ਦਰਜ ਕੇਸ ਰੱਦ ਕਰਵਾਏ ਜਾਣਗੇ ਅਤੇ ਤੀਕਸ਼ਣ ਸੂਦ ਮਾਮਲੇ ਵਿੱਚ ਦਰਜ ਕੇਸ ਰੱਦ ਕਰਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਤੇ ਭਾਜਪਾ ਆਗੂ ਖ਼ਿਲਾਫ਼ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ, ਜਿਸ ਸਬੰਧੀ 6 ਜਨਵਰੀ ਨੂੰ ਟੌਲ ਪਲਾਜ਼ਾ ਮਾਨਸਰ ’ਤੇ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਸੱਦੀ ਗਈ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਦਰਜ ਕੇਸ ਸਬੰਧੀ ਉਕਤ ਨੌਜਵਾਨਾਂ ਦੇ ਪਿੰਡਾਂ ਦੇ ਲੋਕਾਂ ਵੱਲੋਂ ਕੋਈ ਸੰਘਰਸ਼ ਵਿੱਢਿਆ ਜਾਂਦਾ ਹੈ ਤਾਂ ਕਿਸਾਨ ਜਥੇਬੰਦੀਆਂ ਇਸ ਦਾ ਸਮਰਥਨ ਕਰਨਗੀਆਂ।
ਬੀਕੇਯੂ ਰਾਜੇਵਾਲ ਵੱਲੋਂ ਕਿਸਾਨਾਂ ’ਤੇ ਦਰਜ ਐੱਫਆਈਆਰ ਰੱਦ ਕਰਨ ਦੀ ਮੰਗ
ਜਲੰਧਰ (ਨਿੱਜੀ ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਮੈਂਬਰਾਂ ਨੇ ਸਾਬਕਾ ਕੈਬਨਿਟ ਮੰਤਰੀ ਤੀਕਸ਼ਣ ਸੂਦ ਦੇ ਘਰ ਦੇ ਬਾਹਰ ਗੋਹੇ ਦੀ ਟਰਾਲੀ ਸੁੱਟਣ ਵਾਲੇ ਕਿਸਾਨਾਂ ’ਤੇ ਦਰਜ ਕੀਤੀ ਗਈ ਐੱਫਆਈਆਰ ਰੱਦ ਕਰਨ ਦੀ ਮੰਗ ਕੀਤੀ ਹੈ। ਇੱਥੇ ਅੱਜ ਪੰਜਾਬ ਪ੍ਰੈੱਸ ਕਲੱਬ ’ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਯੂਨੀਅਨ ਦੇ ਆਗੂਆਂ ਨੇ ਅਜਿਹਾ ਨਾ ਕਰਨ ’ਤੇ 7 ਜਨਵਰੀ ਨੂੰ ਜਲੰਧਰ ਵਿੱਚ ਸੜਕ ਜਾਮ ਕਰਨ ਦਾ ਐਲਾਨ ਕੀਤਾ ਹੈ। ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਸਰਪੰਚ ਨੇ ਕਿਹਾ ਕਿ ਜੇ ਉਨ੍ਹਾਂ ਨੂੰ ਇਨਸਾਫ਼ ਨਾ ਮਿਲਿਆ ਤਾਂ ਸਾਰੇ ਭਾਜਪਾ ਆਗੂਆਂ ਦੇ ਘਰਾਂ ਦੇ ਬਾਹਰ ਗੋਬਰ ਦੀਆਂ ਟਰਾਲੀਆਂ ਸੁੱਟੀਆਂ ਜਾਣਗੀਆਂ ਤੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।
ਭਾਜਪਾ ਦੇ ਝੰਡੀ ਵਾਲੀ ਕਾਰ ’ਤੇ ਕਿਸਾਨੀ ਝੰਡਾ ਲਗਾਇਆ
ਮਾਨਸਰ ਟੌਲ ਪਲਾਜ਼ਾ ਤੋਂ ਲੰਘ ਰਹੀ ਭਾਜਪਾ ਦੇ ਝੰਡੇ ਵਾਲੀ ਕਾਰ ’ਤੇ ਲੱਗੇ ਭਾਜਪਾ ਦੇ ਝੰਡੇ ਉੱਤੇ ਕਾਲਾ ਝੰਡਾ ਲਗਵਾ ਕੇ ਉਸ ਦੇ ਉੱਪਰ ਕਿਸਾਨੀ ਵਾਲਾ ਝੰਡਾ ਲਗਾਇਆ ਗਿਆ। ਧਰਨਾਕਾਰੀਆਂ ਨੇ ਕਿਹਾ ਕਿ ਕਾਲੇ ਖੇਤੀ ਕਨੂੰਨ ਰੱਦ ਕਰਾਉਣ ਤੱਕ ਟੋਲ ਪਲਾਜ਼ਾ ਤੋਂ ਲੰਘਣ ਵਾਲੇ ਭਾਜਪਾ ਆਗੂਆਂ ਨੂੰ ਸ਼ਾਂਤਮਈ ਤਰੀਕੇ ਨਾਲ ਕਾਲੀਆਂ ਝੰਡੀਆਂ ਦਿਖਾ ਕੇ ਵਿਰੋਧ ਕੀਤਾ ਜਾਵੇਗਾ ਅਤੇ ਕਾਰਾਂ ਤੋਂ ਭਾਜਪਾ ਦੇ ਝੰਡੇ ਉਤਰਵਾ ਕੇ ਕਿਸਾਨੀ ਦੇ ਝੰਡੇ ਲਗਾਏ ਜਾਣਗੇ।