ਜਸਬੀਰ ਸਿੰਘ ਚਾਨਾ
ਫਗਵਾੜਾ, 17 ਮਾਰਚ
ਫਗਵਾੜਾ-ਜਲੰਧਰ ਸੜਕ ’ਤੇ ਪਿੰਡ ਚੱਕਹਕੀਮ ’ਚ ਜੀ.ਟੀ.ਰੋਡ ’ਤੇ ਖਰਾਬ ਹੋਏ ਟਰੱਕ ਨੂੰ ਠੀਕ ਕਰਨ ਮੌਕੇ ਪਿੱਛੋਂ ਆ ਰਹੀ ਤੇਜ਼ ਰਫ਼ਤਾਰ ਕਾਰ ਦੀ ਟੱਕਰ ਵੱਜਣ ਕਾਰਨ ਟਰੱਕ ਦੇ ਡਰਾਈਵਰ ਤੇ ਮਕੈਨਿਕ ਦੀ ਮੌਕੇ ’ਤੇ ਮੌਤ ਹੋ ਗਈ ਜਦੋਂਕਿ ਕੰਡਕਟਰ ਗੰਭੀਰ ਜ਼ਖ਼ਮੀ ਹੋ ਗਿਆ ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਐੱਸਐੱਚਓ ਸਦਰ ਜਤਿੰਦਰ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਡਰਾਈਵਰ ਦੀ ਪਛਾਣ ਅਜੂਬ ਪੁੱਤਰ ਜੈਸੀਨ ਵਾਸੀ ਸਹਾਰਨਪੁਰ ਯੂ.ਪੀ ਵਜੋਂ ਹੋਈ ਹੈ ਜਦੋਂਕਿ ਮਕੈਨਿਕ ਦੀ ਪਛਾਣ ਪ੍ਰੇਮ ਚੰਦ ਪੁੱਤਰ ਸ਼ੰਕਰ ਲੇਹਲ ਕਲਾਂ ਜਲੰਧਰ ਵਜੋਂ ਹੋਈ ਹੈ ਤੇ ਜ਼ਖ਼ਮੀ ’ਚ ਕੰਡੈਕਟਰ ਸ਼ੌਕੀਨ ਪੁੱਤਰ ਜਮੀਲ ਵਾਸੀ ਸਹਾਰਨਪੁਰ ਵਜੋਂ ਹੋਈ ਹੈ।
ਉਨ੍ਹਾਂ ਦੱਸਿਆ ਕਿ ਇਹ ਟਰੱਕ ਸਹਾਰਨਪੁਰ ਤੋਂ ਜਲੰਧਰ ਜਾ ਰਿਹਾ ਸੀ। ਟਰੱਕ ’ਚ ਹੋਈ ਖਰਾਬੀ ਕਾਰਨ ਉਹ ਟਰੱਕ ਮਕੈਨਿਕ ਨੂੰ ਦਿਖਾ ਰਹੇ ਸਨ ਤੇ ਟਰੱਕ ਦੇ ਬਾਹਰ ਸੜਕ ਕੰਡੇ ਖੜ੍ਹੇ ਸਨ ਤਾਂ ਪਿੱਛੋਂ ਆਉਂਦੀ ਤੇਜ਼ ਰਫ਼ਤਾਰੀ ਵਰਨਾ ਕਾਰ ਨੰਬਰੀ ਪੀ.ਬੀ.02.ਬੀ.ਏ5248 ਨੇ ਇਨ੍ਹਾਂ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਡਰਾਈਵਰ ਤੇ ਮਕੈਨਿਕ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਗੱਡੀ ਦੀ ਸਪੀਡ ਬਹੁਤ ਸੀ। ਘਟਨਾ ਦੀ ਸੂਚਨਾ ਮਿਲਦੇ ਸਾਰ ਪੁਲੀਸ ਨੇ ਮੌਕੇ ’ਤੇ ਪੁੱਜ ਕੇ ਲਾਸ਼ਾ ਨੂੰ ਸਿਵਲ ਹਸਪਤਾਲ ਪਹੁੰਚਾਇਆ ਤੇ ਮ੍ਰਿਤਕਾਂ ਦੇ ਵਾਰਸਾ ਨੂੰ ਸੂਚਿਤ ਕਰ ਦਿੱਤਾ ਹੈ ਤੇ ਜਦੋਂਕਿ ਹਸਪਤਾਲ ’ਚ ਜ਼ਖ਼ਮੀ ਵਿਅਕਤੀ ਦਾ ਇਲਾਜ ਸ਼ੁਰੂ ਕਰਨ ਮਗਰੋਂ ਉਸਦੀ ਗੰਭੀਰ ਹਾਲਤ ਨੂੰ ਦੇਖਦਿਆ ਜਲੰਧਰ ਰੈੱਫ਼ਰ ਕਰ ਦਿੱਤਾ ਹੈ। ਜਾਂਚ ਅਧਿਕਾਰੀ ਪੰਕਜ ਕੁਮਾਰ ਨੇ ਦੱਸਿਆ ਕਿ ਕਾਰ ਦਾ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ ਹੈ ਜਦੋਂਕਿ ਇਸ ਦੇ ਇਸ ਕਾਗਜ਼ਾਤ ਕਿਸੇ ਹੋਰ ਦੇ ਨਾਂ ’ਤੇ ਹਨ।
ਕਾਰ-ਟਰੈਕਟਰ ਟਰਾਲੀ ਦੀ ਟੱਕਰ ’ਚ ਔਰਤ ਹਲਾਕ
ਜਲੰਧਰ (ਨਿੱਜੀ ਪੱਤਰ ਪ੍ਰੇਰਕ) ਕੌਮੀ ਮਾਰਗ ’ਤੇ ਵੇਰਕੇ ਮਿਲਕ ਪਲਾਂਟ ਨੇੜੇ ਕਾਰ ਤੇ ਟਰੈਕਟਰ-ਟਰਾਲੀ ਦੀ ਟੱਕਰ ਹੋਣ ਨਾਲ ਇਕ ਔਰਤ ਦੀ ਮੌਤ ਹੋ ਗਈ ਜਦੋਂਕਿ ਚਾਰ ਜਣੇ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਕਾਰ ’ਚ ਸਵਾਰ ਲੋਕ ਸ੍ਰੀ ਹਰਿਮੰਦਰ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਲੁਧਿਆਣੇ ਆਪਣੇ ਘਰ ਜਾ ਰਹੇ ਸਨ। ਜਦੋਂ ਉਨ੍ਹਾਂ ਦੀ ਕਾਰ ਵੇਰਕਾ ਮਿਲਕ ਪਲਾਂਟ ਨੇੜੇ ਪੁਲ ’ਤੇ ਚੜ੍ਹੀ ਤਾਂ ਅੱਗੇ ਜਾ ਰਿਹਾ ਟਰੱਕ ਇਕਦਮ ਇਕ ਪਾਸੇ ਨੂੰ ਮੁੜ ਗਿਆ। ਕਾਰ ਚਾਲਕ ਨੇ ਬਚਾਅ ਕਰਦਿਆਂ ਜਦੋਂ ਕਾਰ ਇਕ ਪਾਸੇ ਨੂੰ ਕੀਤੀ ਤਾਂ ਪਿੱਛਿਓਂ ਆ ਰਹੀ ਟਰਾਲੀ ਕਾਰ ਵਿਚ ਵੱਜ ਗਈ। ਇਸ ਨਾਲ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਇਸੇ ਦੌਰਾਨ ਕਾਰ ’ਚ ਸਵਾਰ ਇਕ ਔਰਤ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲੀਸ ਮੌਕੇ ’ਤੇ ਪਹੁੰਚ ਗਈ।