ਗੁਰਦੇਵ ਸਿੰਘ ਗਹੂੰਣ
ਬਲਾਚੌਰ, 23 ਜੂਨ
ਬਰਸਾਤੀ ਮੌਸਮ ਦੇ ਮੱਦੇਨਜ਼ਰ ਦਰਿਆ ਸਤਲੁਜ ’ਚ ਪਾਣੀ ਵਧਣ ਅਤੇ ਹੜ੍ਹ ਆਉਣ ਦੀ ਸਥਿਤੀ ਨਾਲ ਨਜਿੱਠਣ ਲਈ ਅੱਜ ਨੈਸ਼ਨਲ ਡਿਜ਼ਾਸਟਰ ਰਿਸਪੌਂਸ ਫ਼ੋਰਸ ਦੀ ਸੱਤਵੀਂ ਬਟਾਲੀਅਨ ਵਲੋਂ ਰੈਲ ਬਰਾਮਦ ਵਿੱਚ ਮੌਕ ਡ੍ਰਿਲ ਕੀਤੀ ਗਈ। ਇਸ ਮੌਕ ਡ੍ਰਿਲ ਦੌਰਾਨ ਦਰਿਆ ਦੇ ਦੂਸਰੇ ਪਾਰ ਲੋਕਾਂ ਦੇ ਫ਼ਸੇ ਹੋਣ ਦਾ ਬਣਾਵਟੀ ਮਾਹੌਲ ਸਿਰਜ ਕੇ, ਉਨ੍ਹਾਂ ਨੂੰ ਪਾਣੀ ਤੋਂ ਸੁਰੱਖਿਅਤ ਥਾਂ ’ਤੇ ਲਿਆਉਣ ਦਾ ਅਭਿਆਸ ਸਫ਼ਲਤਾ ਪੂਰਵਕ ਕੀਤਾ ਗਿਆ। ਇਸ ਮੌਕੇ ਬਲਾਚੌਰ ਤੇ ਨਵਾਂ ਸ਼ਹਿਰ ਸਬ-ਡਿਵੀਜ਼ਨਾਂ ਦੇ ਐੱਸਡੀਐੱਮਜ਼ ਸੂਬਾ ਸਿੰਘ ਤੇ ਡਾ. ਬਲਜਿੰਦਰ ਸਿੰਘ ਢਿੱਲੋਂ ਤੋਂ ਇਲਾਵਾ ਹੰਗਾਮੀ ਹਾਲਤ ਪੈਦਾ ਹੋਣ ’ਤੇ ਬਚਾਅ ਅਤੇ ਰਾਹਤ ਕਾਰਜਾਂ ਵਿੱਚ ਜੁਟਣ ਵਾਲੇ ਹੋਰਾਂ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਰਹੇ। ਐੱਸਡੀਐੱਮ ਬਲਾਚੌਰ ਸੂਬਾ ਸਿੰਘ ਨੇ ਇਸ ਮੌਕੇ ਕਿਹਾ ਕਿ ਅਜਿਹੀਆਂ ਮੌਕ ਡ੍ਰਿਲਜ਼ ਦਾ ਉਦੇਸ਼ ਦਰਿਆ ਸਤਲੁਜ ਦੇ ਆਸ-ਪਾਸ ਦੇ ਪ੍ਰਭਾਵਿਤ ਹੋ ਸਕਣ ਵਾਲੇ ਲੋਕਾਂ ਨੂੰ ਹੜ੍ਹਾਂ ਦੀ ਸੂਰਤ ’ਚ ਘਰੇਲੂ ਉਪਾਵਾਂ ਰਾਹੀਂ ਹੀ ਪਾਣੀ ਤੋਂ ਸੁਰੱਖਿਅਤ ਬਾਹਰ ਆਉਣ ਬਾਰੇ ਜਾਗਰੂਕ ਕਰਨਾ ਸੀ। ਉਨ੍ਹਾਂ ਕਿਹਾ ਕਿ ਕਈ ਵਾਰ ਕਿਸ਼ਤੀ ਦੀ ਉਪਲੱਬਧਤਾ ਨਾ ਹੋਣ ’ਤੇ ਘਰ ਵਿੱਚ ਮੌਜੂਦ ਸਾਮਾਨ ਜਿਸ ਤਰ੍ਹਾਂ ਖਾਲੀ ਪੀਪਿਆਂ, ਪਲਾਸਟਿਕ ਦੇ ਮਰਤਬਾਨਾਂ/ਕੋਲਡ ਡ੍ਰਿੰਕਸ ਦੀਆਂ ਖਾਲੀ ਬੋਤਲਾਂ ਆਦਿ ਦੀ ਸਹਾਇਤਾ ਨਾਲ ‘ਤੈਰਾਕੀ ਸਹਾਇਕ ਯੰਤਰ’ (ਫਲੋਟਿੰਗ ਡਿਵਾਈਸ) ਬਣਾਏ ਜਾ ਸਕਦੇ ਹਨ ਅਤੇ ਅੱਜ ਦੇ ਇਸ ਅਭਿਆਸ ਦਾ ਇਹ ਸਾਰੀਆਂ ਚੀਜ਼ਾਂ ਹਿੱਸਾ ਵੀ ਸਨ। ਐੱਸਡੀਐੱਮ ਨਵਾਂਸ਼ਹਿਰ ਡਾ. ਬਲਜਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਐੱਨਡੀਆਰਐੱਫ਼ ਦੇ ਪੇਸ਼ੇਵਰ ਤੇ ਪ੍ਰਤੀਬੱਧ ਜਵਾਨਾਂ ਤੋਂ ਪ੍ਰਸ਼ਾਸਨ ਨੂੰ ਵੀ ਬਹੁਤ ਕੁੱਝ ਸਿੱਖਣ ਨੂੰ ਮਿਲਿਆ ਹੈ।